*ਵਿੱਦਿਆ ਦੀ ਰਮਜ਼*

ਯਾਦਵਿੰਦਰ ਦੀਦਾਵਰ
(ਸਮਾਜ ਵੀਕਲੀ) 
ਟਿਊਸ਼ਨ ਪੜ੍ਹ ਕੇ, ਘਰ ਪਰਤੀ ਜ਼ੀਨਤ ਨੇ ਆਪਣੇ ਕਮਰੇ ਦੇ ਬੂਹੇ ਦਾ ਕੁੰਢਾ ਮਾਰ ਲਿਆ ਤੇ ਸ਼ਾਮ ਹੋਣ ਤੱਕ ਵੀ ਨਾ ਖੋਲ੍ਹਿਆ।
     ਅੰਦਰੋਂ ਓਹਦੇ ਰੋਣ ਤੇ ਸਿਸਕੀਆਂ ਲੈਣ ਦੀ ਆਵਾਜ਼ ਲਗਾਤਾਰ ਆਉਂਦੀ ਰਹੀ।
  ਸ਼ਾਹਬਾਜ਼ ਸਿੰਘ ਨੂੰ ਅਖ਼ਬਾਰ ਵਿਚ ਕੰਮ ਤੋਂ ਮੁੜੇ ਨੂੰ ਵਾਹਵਾ ਚਿਰ ਹੋ ਗਿਆ ਸੀ ਪਰ ਬਾਲੜੀ ਧੀ ਆਪਣੇ ਪਾਪਾ ਦੀ ਅਵਾਜ਼ ਸੁਣ ਕੇ ਵੀ ਨਾ ਕੁੰਢਾ ਖੋਲ੍ਹ ਕੇ ਬਾਹਰ ਨਿਕਲੀ।
   ਪਾਪਾ ਨੇ ਬਾਲੜੀ ਧੀ ਨੂੰ ਵਾਸਤੇ ਪਾਏ ਤਾਂ ਮਸਾਂ ਓਸ ਨੇ ਬੂਹਾ ਖੋਲ੍ਹਿਆ।
  ਜ਼ੀਨਤ ਨੇ ਸ਼ਿਕਾਇਤ ਕੀਤੀ, “ਪਾਪਾ ਤੁਸੀਂ ਮੇਰਾ ਨਾਂ ਮੁਗ਼ਲ ਕਲਚਰ ਵਿੱਚੋਂ ਕਿਓਂ ਲਿਆ? ਪਾਪਾ ਤੁਸੀਂ ਨਾਂ ਪਿੱਛੇ ਸਰਨੇਮ ਕਿਓਂ ਨਹੀਂ ਲਾਉਂਦੇ?
ਬਾਲੜੀ ਜ਼ੀਨਤ ਦੇ ਮਾਸੂਮ ਸਵਾਲ ਪਿਓ ਦੀ ਹਿੱਕ ਚੀਰ ਗਏ!
 ਬੱਚੇ, ਕੀ ਗੱਲ ਇਹ ਸਭ ਕੀਹਨੇ ਕਹਿਆ ਏ?
     ਸਿਸਕੀਆਂ ਲੈਂਦੀ ਹੋਈ ਜ਼ੀਨਤ ਨੂੰ ਪਾਪਾ ਨੇ ਸਵਾਲ ਕੀਤਾ ਤਾਂ ਉਹਨੇ ਹੋਰ ਵੀ ਗੁਭ ਗੁਭਾਟ ਕੱਢ ‘ਤਾ।
 ਕਹਿੰਦੀ, ਟਿਊਸ਼ਨ ਵਾਲੇ ਗਿਆਨਪ੍ਰੀਤ ਸਰ ਮੈਨੂੰ ਮੇਹਣੇ ਮਾਰਦੇ ਨੇ। ਓਹਨਾਂ ਦਾ ਪੁੱਤਰ ਨਿਖਿਲਪ੍ਰੀਤ ਤੇ ਬੇਟੀ ਸੁਮਨਜੀਤ ਕਈ ਵਾਰ ਮੈਨੂੰ ਕਹਿ ਚੁੱਕੇ ਨੇ, ਆਪਣੇ ਪਾਪਾ ਨੂੰ ਪੁੱਛੀ ਤੁਹਾਡੇ ਵਿਚ ਮੁਗ਼ਲ ਖੂਨ ਆ?
ਸ਼ਾਹਬਾਜ਼ ਸਿੰਘ ਨੇ ਬਾਲੜੀ ਧੀ ਨੂੰ ਗਲ ਲਾ ਲਿਆ। ਫੇਰ, ਓਥੇ ਟਿਊਸ਼ਨ ਆਲੇ ਗਿਆਨਪ੍ਰੀਤ ਦੇ ਘਰ ਪੁੱਜ ਗਿਆ। ਸ਼ਾਹਬਾਜ਼ ਸਿੰਘ ਨੇ ਗੁੱਸਾ ਨ੍ਹੀ ਕੀਤਾ ਪਰ ਗਿਲ੍ਹੇ ਦੇ ਲਹਿਜੇ ਵਿਚ ਸਾਰੇ ਸਵਾਲ ਪੁੱਛ ਲਏ।
     ਗਿਆਨਪ੍ਰੀਤ ਸਰ ਦੇ ਮੂੰਹ ਦੇ ਤੋਤੇ ਉੱਡੇ ਪ੍ਰਤੀਤ ਹੋ ਰਹੇ ਸਨ।
  ਓ ..ਅ… ਨਹੀਂ ਸ਼ਾਹਬਾਜ਼ ਸਿੰਘ ਪਾਜੀ, ਮੈਂ ਤਾਂ ਸ਼ੁਗਲੇ ਕਰਦਾ ਸੀ ਆਖ ਕੇ ਗਿਆਨਪ੍ਰੀਤ ਝਿੱਥਾ ਪੈ ਗਿਆ।
   ਸ਼ਾਹਬਾਜ਼ ਨੇ ਕਿਹਾ, ਗਿਆਨਪ੍ਰੀਤ ਸਾਬ, ਨਾਂ Abba ਫ਼ਲਸਫ਼ੇ ਕਿਸੇ ਦੇਸ ਜਾਂ ਕੌਮ ਦੇ ਨਾਂ ਰਜਿਸਟਰਡ ਨਹੀਂ ਹੁੰਦੇ..! ਤੁਸੀਂ ਨਿਖਿਲ ਪ੍ਰੀਤ ਦਾ ਨਾਂ ਕਿਹੜੇ ਕਲਚਰ ਵਿੱਚੋਂ ਲਿਆ ਏ? ਸੁਮਨਜੀਤ ਕਿਹੜੇ ਕਲਚਰ ਦਾ ਨਾਂ ਏ?
 ਜਿਵੇਂ ਤੁਸੀਂ ਬੇਗਾਨੇ ਕਲਚਰ ਵਿਚੋਂ ਨਾਂ ਚੁਣ ਕੇ ਪਿੱਛੇ “ਪ੍ਰੀਤ” “ਮੀਤ” “ਜੀਤ” “ਬੀਰ” ਲਾ ਕੇ ਜਾਅਲੀ ਨਾਂ ਘੜ੍ਹ ਲੈਂਦੇ ਓ, ਉਵੇਂ ਅਸੀਂ ਕੋਈ ਨਾਂ ਚੁਣ ਕੇ, ਬੱਚੀ ਨੂੰ ਜ਼ੀਨਤ ਨਾਂ ਦੇ ਦਿੱਤਾ। ਤੁਹਾਨੂੰ ਚੇਤੇ ਐ ਜਦੋਂ ਜ਼ੀਨਤ ਜੰਮੀ ਸੀ ਓਦੋਂ ਤੁਹਾਡੀ ਘਰਵਾਲੀ ਨੇਹਾਪ੍ਰੀਤ ਭਾਬੀ ਨੇ ਕਿਹਾ ਸੀ, ਪਾਜੀ, ਇਹਦਾ ਨਾਂ ਰੱਜੀ ਜਾਂ ਕਾਟੀ ਰੱਖ ਦਿਓ, ਰੱਬ ਸਮਝ ਜੂਗਾ ਕਿ ਤੁਸੀਂ ਕੁੜੀ ਤੋਂ ਰੱਜ ਗਏ ਓ, ਅਗਲੀ ਵਾਰ, ਰੱਬ ਜੀ ਮੁੰਡਾ ਦੇਣਗੇ ਪਰ ਅਸੀਂ ਰੱਜੀ ਜਾਂ ਕਾਟੀ ਨਾਂ ਨ੍ਹੀ ਧਰਿਆ।
ਗਿਆਨਪ੍ਰੀਤ ਜੀਓ, ਨਾਵਾਂ ਦੀ ਸਮਗਲਿੰਗ ਤੁਸੀਂ ਕੀਤੀ ਏ, ਅਸੀਂ ਨਹੀਂ। ਤੁਸੀਂ ਟਿਊਸ਼ਨਾਂ ਪੜ੍ਹਾਉਂਦੇ ਪੜ੍ਹਾਉਂਦੇ ਬਜ਼ੁਰਗ ਹੋ ਰਹੇ ਓ ਪਰ ਹਾਲੇ ਤਾਈਂ ਵਿੱਦਿਆ ਦੀ ਰਮਜ਼ ਨਹੀਂ ਪਛਾਣੀ। ਤੇ ਹਾਂ, ਪਾਜੀ ਨ੍ਹੀ ਹੁੰਦਾ, ਭਾਜੀ ਕਹੀਦਾ ਏ।
 ਓ ਨਹੀਂ ਪਾਜੀ ਛੱਡੋ, ਕਹਿ ਹੋ ਗਿਆ, anyhow ਮਿੱਟੀ ਪਾਓ .. ਕਹਿੰਦੇ ਕਹਿੰਦੇ ਗਿਆਨਪ੍ਰੀਤ ਦੀ ਜ਼ੁਬਾਨ ਲੜਖੜਾ ਰਹੀ ਜਾਪ ਰਹੀ ਸੀ।
ਲਿਖਾਰੀ : *ਯਾਦਵਿੰਦਰ ਦੀਦਾਵਰ* 6284336773
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਿੱਖ ਸਕਾਲਰ ਤੇ ਉੱਚ ਕੋਟੀ ਦੇ ਵਿਦਵਾਨ :ਪ੍ਰਿੰ: ਸਤਿਬੀਰ ਸਿੰਘ
Next articleਨਸ਼ਾ ਤਸਕਰ ਵੱਲੋਂ ਮਾਰੇ ਗਏ ਨੌਜਵਾਨ ਦਾ ਮਾਮਲਾ ਜਦੋਂ ਮਕਾਣਾ ਵੀ ਥਾਣੇ ਅੱਗੇ ਲੱਗੇ ਧਰਨੇ ਵਿੱਚ ਢੁਕੀਆਂ