(ਸਮਾਜ ਵੀਕਲੀ)
ਗਰਮੀਆਂ ਦੇ ਦਿਨ ਸਨ। ਸਾਰਾ ਦਿਨ ਡਿਊਟੀ ਕਰਕੇ ਸੂਰਜ ਸ਼ਾਮ ਨੂੰ ਆਪਣੇ ਟਿਕਾਣੇ ਵੱਲ ਜਾ ਰਿਹਾ ਸੀ। ਬੜੀ ਠੰਢੀ ਤੇ ਮਿੱਠੀ ਰੌਸ਼ਨੀ ਬਿਖੇਰਦਾ ਅਖ਼ੀਰ ਬੱਦਲਾਂ ਦੀ ਬੁੱਕਲ ਵਿੱਚ ਜਾ ਸਮਾਇਆ। ਤਾਇਆ ਭਾਨਾ ਸਾਰੀ ਦਿਹਾੜੀ ਖੇਤ ਵਿੱਚ ਕੰਮ ਕਰਕੇ, ਸ਼ਾਮ ਨੂੰ ਘਰ ਆਇਆ।ਖੇਤੀ ਦਾ ਕੰਮ ਕਰਦੇ ਬੰਦੇ ਦਾ ਘੜੀ ਸਮੇਂ ਨਾਲ ਵਾਹ- ਵਾਸਤਾ ਘੱਟ ਹੀ ਹੁੰਦਾ।ਉਹਦਾ ਤਾਂ ਬਹੁਤਾ ਤੁਅੱਲਕ ਸੂਰਜ ਨਾਲ ਹੁੰਦਾ। ਜਦੋਂ ਸੂਰਜ ਚੜ੍ਹਿਆ ਖੇਤ ਅਤੇ ਜਦੋਂ ਛਿਪਿਆ ਉਦੋਂ ਘਰ ਨੂੰ ਮੁੜ ਆਉਣਾ। ਰੋਜ਼ ਦੀ ਤਰਾਂ ਅੱਜ ਫਿਰ ਤਾਇਆ ਭਾਨਾ ਥੱਕ ਟੁੱਟ ਕਿ ਘਰ ਆ ਮੰਜੇ ਉੱਤੇ ਲੰਮਾ ਪੈ ਗਿਆ, ਘਰ ਵਿੱਚ ਗਰੀਬੀ ਹੋਣ ਕਰਕੇ ਕੋਈ ਬਹੁਤੀ ਸਹੂਲਤ ਵੀ ਨਹੀਂ ਸੀ। ਮਿਹਨਤ ਕਰਨ ਵਾਲਿਆ ਦੀਆਂ ਲੋੜਾਂ-ਥੋੜਾ ਘੱਟ ਹੀ ਪੂਰੀਆਂ ਹੁੰਦੀਆਂ। ਗਰਮੀ ਦੀ ਰੁੱਤ ਹੋਣ ਕਰਕੇ ਮੰਜੇ ਕੋਠੇ ਉੱਤੇ ਚੜ੍ਹਾ ਲਏ। ਹਲੇ ਮਾੜੀ ਜਿਹੀ ਅੱਖ ਲੱਗੀ ਸੀ, ਕਿ ਮੀਂਹ ਦੀਆਂ ਛਿੱਟਾਂ ਸ਼ੁਰੂ ਹੋ ਗਈਆਂ, ਮੰਜੇ ਕੋਠੇ ਤੋਂ ਥੱਲੇ ਉਤਾਰੇ , ਅੰਦਰ ਗਰਮੈਸ਼ ਭਾਵ (ਗਰਮੀ ਦਾ ਸੇਕ) ਤੇ ਬਾਹਰ ਕਣੀਆਂ,ਤੇ ਫਿਰ ਬੰਦਾ ਪਵੇ ਤੇ ਪਵੇ ਕਿੱਥੇ?
“ਪਹੁ ਫੁਟਾਲਾ ਚਿੱੜੀ ਚੂਕੀ,
ਹੋਇਆ ਸਾਂਝ ਸਵੇਰਾ।
ਕਾਮੇਂ, ਨੀਂਦ ਹੋਈ ਨਾ ਪੂਰੀ,
ਫਿਕਰਾਂ ਘੱਤਿਆ ਘੇਰਾ।”
ਸਾਰੀ ਰਾਤ ਏਸੇ ਤਰ੍ਹਾਂ ਗੁਜ਼ਾਰੀ,
ਪਹਿ ਪਾਟੀ ਤਾਇਆ ਖਰ੍ਹਵੀ ਜਿਹੀ ਅਵਾਜ਼ ਵਿੱਚ ਤਾਈ ਨੂੰ ਕਹਿਣ ਲੱਗਿਆ, “ਭਾਗਵਾਨੇ! ਚਾਹ ਬਣਾ ਹੁਣ, ਪੈਣ ਦਾ ਸਮਾਂ ਨੀ। ਆਪਣੇ ਕਰਮਾਂ ਚ ਅਰਾਮ ਕਿੱਥੇ”‘! ਚਾਹ ਪੀ ਅੱਧ ਉਨੀਂਦਰੇ ਵਿੱਚ ਕੱਲ੍ਹ ਨਾਲੋਂ ਵੱਧ ਥੱਕਿਆ ਤਾਇਆ ਬਲਦ ਲੈ ਕਿ ਖੇਤ ਨੂੰ ਤੁਰ ਪਿਆ। ਸੂਰਜ ਸਾਰਾ ਦਿਨ ਤਪ ਕਿ ਰਾਤ ਨੂੰ ਠੰਡਾ ਹੋ ਅਰਾਮ ਕਰ ਕੱਲ੍ਹ ਨਾਲੋਂ ਵੀ ਵੱਧ ਚਮਕ ਆਪਣੀ ਮੰਜ਼ਲ ਵੱਲ ਨੂੰ ਵੱਧ ਰਿਹਾ ਸੀ, ਤੇ ਤਾਇਆ ਫਿਕਰਾਂ ਤੇ ਥਕੇਵੇਂ ਨਾਲ ਚੂਰ ਹੋਇਆ ਆਪਣੀ ਮੰਜ਼ਲ ਤੋਂ ਦੂਰ ਕਿਸੇ ਗਹਿਰੀ ਦਲ ਦਲ ਧੱਸਦਾ ਜਾ ਰਿਹਾ ਸੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ-94658 21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly