ਤਰਕਸ਼ੀਲ ਪਰਿਵਾਰਕ ਮਿਲਣੀ ਵਿੱਚ ਸਮਾਜਿਕ ਬੁਰਾਈਆਂ ਛੱਡਣ ਲਈ ਲੋਕਾਂ ਨੂੰ ਜੋੜਨ ਦਾ ਦਿੱਤਾ ਸੱਦਾ
ਬਰਨਾਲਾ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ -ਸੰਗਰੂਰ ਵਲੋਂ ਸਮਾਜ ਵਿੱਚੋਂ ਅੰਧ ਵਿਸ਼ਵਾਸ਼ਾਂ,ਰੂੜੀਵਾਦੀ ਰੀਤੀ ਰਿਵਾਜਾਂ ,ਬੇਲੋੜੀਆਂ ਫਜ਼ੂਲ ਖਰਚੀ ਦੀਆਂ ਰਸਮਾਂ ਤੇ ਸਮਾਜਿਕ ਬੁਰਾਈਆਂ ਖਤਮ ਕਰਨ ਅਤੇ ਇਸਦੇ ਬਦਲ ਵਿਚ ਇਕ ਵਿਗਿਆਨਕ ਸੋਚ ਆਧਾਰਿਤ ਲੋਕ ਪੱਖੀ ਸਿਹਤਮੰਦ ਸਭਿਆਚਾਰ ਉਸਾਰਨ ਦੇ ਮਕਸਦ ਵਜੋਂ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ, ਸੂਬਾ ਆਗੂ ਹੇਮਰਾਜ ਸਟੈਨੋ , ਗੁਰਪ੍ਰੀਤ ਸ਼ਹਿਣਾ, ਰਜੇਸ਼ ਅਕਲੀਆ, ਜੋਗਿੰਦਰ ਕੁੱਲੇਵਾਲ,ਜੋਨ ਮੁਖੀ ਮਾਸਟਰ ਪਰਮਵੇਦ,ਸੋਹਣ ਸਿੰਘ ਮਾਝੀ ਤੇ ਨਾਇਬ ਸਿੰਘ ਰਟੌਲਾਂ ਦੀ ਅਗਵਾਈ ਵਿੱਚ ਸਥਾਨਕ ਤਰਕਸ਼ੀਲ ਭਵਨ ਵਿੱਚ ਪਰਿਵਾਰਕ ਮਿਲਣੀ ਤਹਿਤ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਤਰਕਸ਼ੀਲ ਮੈਂਬਰਾਂ ਤੇ ਹਮਦਰਦਾਂ ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੂਬਾਈ ਸੱਭਿਆਚਾਰਕ ਵਿਭਾਗ ਦੇ ਮੁਖੀ ਜੋਗਿੰਦਰ ਕੁੱਲੇਵਾਲ ਨੇ ਭਾਰਤੀ ਸਭਿਆਚਾਰ ਨੂੰ ਕਿਰਤ,ਇਖਲਾਕ, ਫਲਸਫਾ,ਵਿਗਿਆਨ, ਭਾਸ਼ਾ,ਧਰਮ,ਤਕਨੀਕ,ਜਾਤ ਪਾਤ, ਸਾਹਿਤ ,ਕਲਾ,ਸੰਗੀਤ,ਖਾਣ ਪੀਣ,ਪਹਿਰਾਵਾ,ਤਿਉਹਾਰ ਆਦਿ ਦੇ ਪ੍ਰਸੰਗ ਵਿਚ ਪਰਿਭਾਸ਼ਤ ਕਰਦਿਆਂ ਪੁਜਾਰੀ ਵਰਗ ਦੀ ਸਰਪ੍ਰਸਤੀ ਅਤੇ ਡਰਾਵੇ ਹੇਠ ਸਦੀਆਂ ਤੋਂ ਚਲਦੇ ਰੂੜੀਵਾਦੀ ਰੀਤੀ ਰਿਵਾਜਾਂ, ਫਜ਼ੂਲ ਖਰਚੀ ਦੀਆਂ ਬੇਲੋੜੀਆਂ ਰਸਮਾਂ ਨੂੰ ਆਪਣੇ ਪਰਿਵਾਰਕ ਅਤੇ ਸਮਾਜਿਕ ਸਮਾਗਮਾਂ ਚੋਂ ਪੂਰੀ ਤਰਾਂ ਖਤਮ ਕਰਨ ਅਤੇ ਤਰਕਸ਼ੀਲ ਕਦਰਾਂ ਕੀਮਤਾਂ ‘ਤੇ ਅਧਾਰਤ ਇਕ ਲੋਕ ਪੱਖੀ ਸਿਹਤਮੰਦ ਸੱਭਿਆਚਾਰ ਉਸਾਰਨ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਪੱਖੀ ਸਭਿਆਚਾਰਕ ਤਬਦੀਲੀ ਲਿਆਉਣ ਲਈ ਸਮਾਜ ਦੇ ਜਾਗਰੂਕ ਵਰਗ ਵਲੋਂ ਮੌਜੂਦਾ ਸਰਮਾਏਦਾਰ ਪੱਖੀ ਲੱਚਰ, ਫ਼ਜ਼ੂਲਖਰਚੀ ਅਤੇ ਰੂੜੀਵਾਦੀ ਸਭਿਆਚਾਰ ਦਾ ਭਰਵਾਂ ਵਿਰੋਧ ਕੀਤਾ ਜਾਣਾ ਜਰੂਰੀ ਹੈ।
ਜ਼ੋਨ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਸਿਹਤਮੰਦ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਪਰਿਵਾਰਕ ਮਿਲਣੀਆਂ ਨੂੰ ਮੌਜੂਦਾ ਸਮਿਆਂ ਦੀ ਅਹਿਮ ਲੋੜ ਕਹਿੰਦਿਆਂ ਹਾਜ਼ਰੀਨ ਦਾ ਹਾਰਦਿਕ ਸਵਾਗਤ ਕੀਤਾ।
ਇਸ ਮੌਕੇ ਸੂਬਾ ਆਗੂਆਂ ਹੇਮਰਾਜ ਸਟੈਨੋ, ਗੁਰਪ੍ਰੀਤ ਸ਼ਹਿਣਾ ਨੇ ਕਿਹਾ ਕਿ ਵਿਗਿਆਨ ਦੇ ਯੁੱਗ ਵਿੱਚ ਵੀ ਵੇਲਾ ਵਿਹਾ ਚੁੱਕੀਆਂ ਰੂੜੀਵਾਦੀ ਰਸਮਾਂ, ਰਿਵਾਜ ਅਤੇ ਸਮਾਜਿਕ ਬੁਰਾਈਆਂ ਜਿੱਥੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਨੂੰ ਲੁੱਟਣ ਵਾਲੇ ਇਕ ਵਿਹਲੜ ਪੁਜਾਰੀ ਵਰਗ ਅਤੇ ਪੂੰਜੀਵਾਦੀ ਪੱਖੀ ਸਭਿਆਚਾਰ ਦੀ ਦੇਣ ਹਨ ਪਰ ਤਰਕਸ਼ੀਲ ਸੁਸਾਇਟੀ ਨੇ ਰੂੜੀਵਾਦੀ ਰਸਮਾਂ ਛੱਡਣ ਦੀ ਲੋਕ ਪੱਖੀ ਲਹਿਰ ਸਥਾਪਤ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਮੌਕੇ ਤਰਕਸ਼ੀਲ ਪਰਿਵਾਰਾਂ ਦੇ ਮੈਂਬਰਾਂ ਸੋਹਣ ਸਿੰਘ ਮਾਝੀ, ਨਾਇਬ ਸਿੰਘ ਰਟੌਲਾਂ,ਗੁਰਦੀਪ ਸਿੰਘ ਲਹਿਰਾ, ਕ੍ਰਿਸ਼ਨ ਸਿੰਘ,ਪੂਰਨ ਗੁਜ਼ਰਾਂ, ਜਸਦੇਵ ਸਿੰਘ,ਚੰਦ ਸਿੰਘ, ਮਾਸਟਰ ਗੁਰਜੰਟ ਸਿੰਘ ਦੇਵਿੰਦਰ ਸਿੰਘ ਸੁਨਾਮ, ਵਿਸ਼ਵ ਕਾਂਤ,ਸਹਿਦੇਵ ਚੱਠਾ, ਕੁਲਦੀਪ ਨੈਣੇਵਾਲ, ਬੇਅੰਤ ਸਿੰਘ, ਗੁਰਮੇਲ ਭੂਟਾਲ,ਅਵਤਾਰ ਸਿੰਘ ਬਰਨਾਲਾ , ਹਰਮੇਸ਼ ਕੁਮਾਰ,ਬਿੰਦਰ ਧਨੋਲਾ ਜਰਨੈਲ ਸਿੰਘ ਧੌਲਾ ਨੇ ਕਿਹਾ ਕਿ ਤਰਕਸ਼ੀਲ ਸਾਹਿਤ ਅਤੇ ਤਰਕਸ਼ੀਲ ਪਰਿਵਾਰਾਂ ਨਾਲ ਜੁੜ ਕੇ ਹਾਸਿਲ ਕੀਤੀ ਵਿਗਿਆਨਕ ਚੇਤਨਾ ਦੇ ਨਤੀਜੇ ਵਜੋਂ ਉਹ ਆਪਣੀ ਜ਼ਿੰਦਗੀ ਵਿੱਚੋਂ, ਅਖੌਤੀ ਭੂਤਾਂ-ਪ੍ਰੇਤਾਂ, ਜਾਦੂ ਟੂਣਿਆਂ,ਧਾਗੇ ਤਵੀਤਾਂ,ਗ੍ਰਹਿ ਚੱਕਰਾਂ, ਰਾਸ਼ੀਫਲ, ਜਨਮ ਟੇਵਿਆਂ,ਵਾਸਤੂ ਸ਼ਾਸਤਰ, ਮੰਤਰ, ਕਾਲੇ ਇਲਮ, ਪੁਨਰ ਜਨਮ, ਸਵਰਗ-ਨਰਕ, ਕਿਸਮਤ ਆਦਿ ਦੇ ਅੰਧਵਿਸ਼ਵਾਸਾਂ ਅਤੇ ਰੂੜੀਵਾਦੀ ਰਸਮਾਂ ਰਿਵਾਜਾਂ ਨੂੰ ਤਿਆਗਣ ਵਿਚ ਸਫ਼ਲ ਹੋਏ ਹਨ ਤੇ ਹੋਰਾਂ ਨੂੰ ਜੋੜਨ ਲਈ ਯਤਨਸ਼ੀਲ ਹਨ।
ਇਸ ਸਮੇਂ ਖੁਸ਼ ਦੀਪ ਤੇ ਮਹਿਕ ਦੀਪ ਨੇ ਵਿਗਿਆਨਕ ਸੋਚ ਦਾ ਛੱਟਾ ਦਿੰਦਾ ਗੀਤ ਸੁਣਾਇਆ ਤੇ ਪਰਮਜੀਤ ਕੌਰ ਨੇ ਇੱਕ ਇਨਕਲਾਬੀ ਕਵਿਤਾ ਪੇਸ਼ ਕੀਤੀ। ਰਾਮ ਕੁਮਾਰ ਪਟਿਆਲਾ ਤੇ ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਰਾਹੀਂ ਹਾਜ਼ਰੀਨ ਨੂੰ ਵਿਗਿਆਨਕ ਵਿਚਾਰਾਂ ਨੂੰ ਲੜ ਬੰਨ੍ਹਣ ਦਾ ਸੱਦਾ ਦਿੱਤਾ ਤੇ ਸਾਰਥਿਕ ਮਨੋਰੰਜਨ ਕੀਤਾ
ਸਮਾਗਮ ਦੇ ਅੰਤ ਵਿੱਚ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਸਮੂਹ ਤਰਕਸ਼ੀਲ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਅਤੇ ਤਰਕਸ਼ੀਲ ਵਿਚਾਰਧਾਰਾ ਨਾਲ ਜੋੜਨ ਦਾ ਸੱਦਾ ਦਿੱਤਾ। ਸਟੇਜ ਸੰਚਾਲਨ ਜੋਨ ਆਗੂ ਸੋਹਣ ਸਿੰਘ ਮਾਝੀ ਨੇ ਬਾਖੂਬੀ ਕੀਤਾ। ਪਰਿਵਾਰਕ ਮਿਲਣੀ ਆਪਣੇ ਮਕਸਦ ਵਿੱਚ ਸਫਲ ਰਹੀ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly