- ਭਲਕ ਤੋਂ ਲਾਗੂ ਹੋਣਗੇ ਹੁਕਮ
- ਸਕੂਲਾਂ ’ਚ ਪੜ੍ਹਾਉਣ ਦੀ ਇਜਾਜ਼ਤ ਵੀ ਹੁਣ ਸਿਰਫ਼ ਮੁਕੰਮਲ ਟੀਕਾਕਰਨ ਵਾਲਿਆਂ ਨੂੰ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਤੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਮੁਕੰਮਲ ਕੋਵਿਡ ਟੀਕਾਕਰਨ ਦਾ ਸਰਟੀਫਿਕੇਟ ਜਾਂ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰਾਰ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ ਆਉਣ ਵਾਲੇ ਲੋਕਾਂ ’ਤੇ ਨਿਗਰਾਨੀ ਦੀ ਜ਼ਰੂਰਤ ਹੈ ਕਿਉਂਕਿ ਪਹਾੜੀ ਸੂਬਿਆਂ ਵਿੱਚ ਪਿਛਲੇ ਦਿਨਾਂ ਤੋਂ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ’ਚ ਇੱਕਦਮ ਵਾਧਾ ਹੋਇਆ ਹੈ। ਸਕੂਲਾਂ ਵਿੱਚ ਕੋਵਿਡ ਦੇ ਮਾਮਲੇ ਮਿਲਣ ਦੀਆਂ ਰਿਪੋਰਟਾਂ ਵਿਚਾਲੇ ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਪੜ੍ਹਾਉਣ ਦੀ ਇਜਾਜ਼ਤ ਸਿਰਫ਼ ਮੁਕੰਮਲ ਟੀਕਾਕਰਨ ਵਾਲੇ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ਼, ਜਾਂ ਜੋ ਹਾਲ ਹੀ ਵਿੱਚ ਕੋਵਿਡ ਤੋਂ ਸਿਹਤਯਾਬ ਹੋਏ ਹਨ ਨੂੰ ਹੋਵੇਗੀ। ਉਨ੍ਹਾਂ ਟੀਕਾਕਰਨ ਲਈ ਅਧਿਆਪਕਾਂ ਅਤੇ ਗੈਰ-ਅਧਿਆਪਨ ਅਮਲੇ ਨੂੰ ਤਰਜੀਹ ਦੇਣ ਦੇ ਆਦੇਸ਼ ਵੀ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਵਿੱਚ ਪਿਛਲੇ ਹਫ਼ਤੇ ਦੌਰਾਨ ਪਾਜ਼ੇਟੀਵਿਟੀ ਦਰ ਵੀ 0.2 ਫੀਸਦੀ ਤੱਕ ਦਾ ਮਾਮੂਲੀ ਵਾਧਾ ਹੋਣ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਕੈਂਬਰਿਜ ਯੂਨੀਵਰਸਿਟੀ ਦੇ ਅਧਿਐਨ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ 64 ਦਿਨਾਂ ਵਿੱਚ ਕੇਸ ਦੁੱਗਣੇ ਹੋਣ ਦੀ ਸੰਭਾਵਨਾ ਹੈ, ਇਸ ਲਈ ਸਾਵਧਾਨੀ ਵਜੋਂ ਅਗਾਊਂ ਪਾਬੰਦੀਆਂ ਐਲਾਨੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਘੱਟੋ-ਘੱਟ 10,000 ਟੈਸਟ ਪ੍ਰਤੀ ਦਿਨ ਕਰਨ ਲਈ ਕਿਹਾ। ਉਨ੍ਹਾਂ 0.2 ਪ੍ਰਤੀਸ਼ਤ ਤੋਂ ਉੱਪਰ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹਿਆਂ ’ਚ ਸੁਧਾਰ ਹੋਣ ਤੱਕ ਚੌਥੀ ਅਤੇ ਇਸ ਤੋਂ ਹੇਠਲੀਆਂ ਕਲਾਸਾਂ ਲਈ ਸਕੂਲ ਬੰਦ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਮੁਕੰਮਲ ਟੀਕਾਕਰਨ ਅਤੇ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਦਾ ਨਿਯਮ ਉਨ੍ਹਾਂ ਸਾਰਿਆਂ ’ਤੇ ਲਾਗੂ ਹੋਵੇਗਾ, ਜੋ ਪੰਜਾਬ ਵਿੱਚ ਸੜਕੀ, ਰੇਲ ਜਾਂ ਹਵਾਈ ਮਾਰਗ ਰਾਹੀਂ ਦਾਖਲ ਹੋਣਗੇ। ਮੁੱਖ ਮੰਤਰੀ ਨੇ ਜੀਐਮਸੀਐਚ ਪਟਿਆਲਾ ਦੀ ਜੀਨੋਮ ਸੀਕੁਐਂਸਿੰਗ ਲੈਬ ਵਿਖੇ ਪਾਥ ਦੇ ਸਹਿਯੋਗ ਨਾਲ ਕੰਮ ਸ਼ੁਰੂ ਹੋਣ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਇੱਥੇ ਹੁਣ ਤੱਕ ਕੀਤੇ ਗਏ 8 ਟੈਸਟਾਂ ਵਿੱਚੋਂ ਕੋਈ ਵੀ ਡੈਲਟਾ ਰੂਪ ਨਹੀਂ ਮਿਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly