ਟੂਟੀਕੋਰਿਨ (ਸਮਾਜ ਵੀਕਲੀ) : ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਦੇਸ਼ ਦੇ 73 ਕਰੋੜ ਲੋਕਾਂ ਦੇ ਕਰੋਨਾ ਵੈਕਸੀਨ ਲੱਗ ਚੁੱਕਾ ਹੈ ਤੇ ਵੈਕਸੀਨ ਹੀ ਅਰਥਵਿਵਸਥਾ ਨੂੰ ਪੈਰਾਂ ਸਿਰ ਕਰਨ ਦੀ ਇਕੋ-ਇਕ ਦਵਾਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਹੀ ਲੋਕਾਂ ਨੂੰ ਲਗਾਤਾਰ ਕਾਰੋਬਾਰ ਕਰਨ ਤੇ ਕਿਸਾਨਾਂ ਨੂੰ ਖੇਤੀ ਗਤੀਵਿਧੀਆਂ ਕਰਨ ਦੀ ਖੁੱਲ੍ਹ ਦੇਵੇਗਾ।
ਸੀਤਾਰਾਮਨ ਨੇ ਅੱਜ ਇੱਥੇ ਇਕ ਬੈਂਕ ਦੇ ਸਮਾਗਮ ਦੌਰਾਨ ਕਿਹਾ ਕਿ ‘ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਤੀਜੀ ਲਹਿਰ ਨਾ ਆਏ। ਮੰਨ ਲਓ ਜੇ ਆ ਵੀ ਜਾਂਦੀ ਹੈ ਤਾਂ ਹਸਪਤਾਲਾਂ ਦੀ ਉਪਲੱਬਧਤਾ ਬਾਰੇ ਸੋਚਣਾ ਪਏਗਾ। ਜੇਕਰ ਹਸਪਤਾਲ ਲੋੜੀਂਦੀ ਗਿਣਤੀ ਵਿਚ ਉਪਲੱਬਧ ਹਨ ਤਾਂ ਆਈਸੀਯੂ ਬਾਰੇ ਸੋਚਣਾ ਪਏਗਾ ਤੇ ਨਾਲ ਹੀ ਆਕਸੀਜਨ ਵੀ ਉਪਲੱਬਧ ਹੋਣੀ ਚਾਹੀਦੀ ਹੈ।’
ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਹੱਲ ਲਈ ਮੰਤਰਾਲੇ ਨੇ ਇਕ ਸਕੀਮ ਦਾ ਐਲਾਨ ਕੀਤਾ ਹੈ। ਇਸ ਤਹਿਤ ਹਸਪਤਾਲ ਆਪਣੀਆਂ ਸੁਵਿਧਾਵਾਂ ਦਾ ਵਿਸਤਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰਾਂ ਵਿਚ ਹਸਪਤਾਲ ਸਕੀਮਾਂ ਦਾ ਲਾਹਾ ਲੈ ਕੇ ਸਿਹਤ ਸਹੂਲਤਾਂ ਵਿਚ ਵਾਧਾ ਕਰ ਰਹੇ ਹਨ। ਦੱਸਣਯੋਗ ਹੈ ਕਿ ਐਤਵਾਰ ਤਾਮਿਲਨਾਡੂ ਵਿਚ ਸਿਹਤ ਵਿਭਾਗ ਨੇ 20 ਲੱਖ ਲੋਕਾਂ ਦੇ ਵੈਕਸੀਨ ਲਾਏ ਹਨ। ਇਸ ਲਈ 40 ਹਜ਼ਾਰ ਕੈਂਪ ਪੂਰੇ ਰਾਜ ਵਿਚ ਲਾਏ ਗਏ ਸਨ ਤੇ ‘ਮੈਗਾ ਟੀਕਾਕਰਨ ਕੈਂਪ’ ਤਹਿਤ ਇਹ ਵੈਕਸੀਨ ਲਾਉਣ ਦੀ ਮੁਹਿੰਮ ਚਲਾਈ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly