ਛੁੱਟੀਆਂ ਵਿੱਚ ਘੁੰਮਣ ਸਮੇਂ ਧਿਆਨ ਰੱਖਣ ਯੋਗ ਗੱਲਾਂ

(ਸਮਾਜ ਵੀਕਲੀ)  ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਆਉਣ ਤੋਂ ਪਹਿਲਾਂ ਹੀ ਬਹੁਤੇ ਲੋਕ ਘੁੰਮਣ ਫਿਰਨ ਦੀਆਂ ਯੋਜਨਾਵਾਂ ਬਣਾਉਣ ਲੱਗ ਜਾਂਦੇ ਹਨ ਕਿਉਂ ਕਿ ਜੂਨ ਦਾ ਮਹੀਨਾ ਹੀ ਇੱਕ ਇਹੋ ਜਿਹਾ ਮਹੀਨਾ ਹੁੰਦਾ ਹੈ ਜਿਸ ਦੌਰਾਨ ਉਹ ਸਾਲ ਭਰ ਦੀ ਭੱਜ ਦੌੜ ਤੋਂ ਥੋੜ੍ਹਾ ਜਿਹਾ ਅਰਾਮ ਪ੍ਰਾਪਤ ਕਰ ਕੇ ਪੂਰੇ ਸਾਲ ਭਰ ਲਈ ਫਿਰ ਮਿਹਨਤ ਕਰਨ ਨੂੰ ਆਪਣੇ ਆਪ ਨੂੰ ਤਿਆਰ ਕਰਦਾ ਹੈ। ਵੈਸੇ ਵੀ ਮਨੁੱਖ ਦੀ ਇਹ ਜਮਾਂਦਰੂ ਰੁਚੀ ਰਹੀ ਹੈ ਕਿ ਉਹ ਅਣਗਾਹੇ ਥਾਵਾਂ ਨੂੰ ਗਾਹੇ, ਅਣਦੇਖੀਆਂ ਥਾਵਾਂ ਤੇ ਜਾ ਕੇ ਘੁੰਮੇ ਫਿਰੇ, ਉੱਥੋਂ ਦੀ ਸੈਰ ਕਰੇ ਅਤੇ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਗਿਆਨ ਹਾਸਲ ਕਰੇ। ਅੱਜ ਕੱਲ੍ਹ ਬਹੁਤੇ ਲੋਕ ਕੇਵਲ ਇਸੇ ਰੁਚੀ ਦੀ ਤ੍ਰਿਪਤੀ ਲਈ ਨਹੀਂ ਸਗੋਂ ਇਸ ਮਹੀਨੇ ਪੈਣ ਵਾਲੀ ਅੱਤ ਦੀ ਗਰਮੀ ਤੋਂ ਰਾਹਤ ਪਾਉਣ ਲਈ ਜਾਂਦੇ ਹਨ ਜਾਂ ਫਿਰ ਕਈ ਲੋਕ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਦੁਨੀਆਂ ਸਾਹਮਣੇ ਬਹੁਤੇ ਅਮੀਰ ਹੋਣ ਦਾ ਦਿਖਾਵਾ ਕਰਨ ਲਈ ਵੀ ਘੁੰਮਣ ਫਿਰਨ ਜਾਂਦੇ ਹਨ।  ਹੁਲ੍ਹੜ ਬਾਜਾਂ ਵੱਲੋਂ ਤਾਂ ਵੱਖ-ਵੱਖ ਥਾਵਾਂ ‘ਤੇ ਘੁੰਮਣਾ ਇੱਕ ਸ਼ੌਕ ਜਿਹਾ ਹੀ ਬਣ ਗਿਆ ਹੈ।
             ਜਿਵੇਂ ਜਿਵੇਂ ਵਿਸ਼ਵੀਕਰਨ ਹੋ ਰਿਹਾ ਹੈ ਤੇ ਸੋਸ਼ਲ ਨੈੱਟਵਰਕਿੰਗ ਆਪਣੇ ਪੈਰ ਪਸਾਰ ਰਿਹਾ ਹੈ, ਤਿਵੇਂ ਤਿਵੇਂ ਸਾਡੇ ਪੰਜਾਬੀਆਂ ਵਿੱਚ ਜਿੱਥੇ ਘੁੰਮਣ ਫਿਰਨ ਦੀ ਰੁਚੀ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਹੀ ਉਹਨਾਂ ਵਿੱਚ ਆਪਣੇ ਘਰ ਦੀ ਚਾਰਦੀਵਾਰੀ ਦੇ ਅੰਦਰ ਦੇ ਰਿਸ਼ਤਿਆਂ ਤੋਂ ਇਲਾਵਾ ਬਾਕੀ ਰਿਸ਼ਤਿਆਂ ਪ੍ਰਤੀ ਖਿੱਚ,ਮੋਹ ਅਤੇ ਅਹਿਮੀਅਤ ਘੱਟ ਹੋ ਰਹੀ ਹੈ। ਇੱਕ ਸਮਾਂ ਅਜਿਹਾ ਹੁੰਦਾ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਆਉਣ ਵੇਲੇ ਬੱਚਿਆਂ ਨੂੰ ਮਾਵਾਂ ਆਪਣੇ ਪੇਕੇ ਲਿਜਾ ਕੇ ਜਿੱਥੇ ਉਹਨਾਂ ਅੰਦਰ ਰਿਸ਼ਤਿਆਂ ਵਿਚਲੀਆਂ ਮੋਹ ਦੀਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀਆਂ ਸਨ ਉੱਥੇ ਹੀ ਉਹ ਰਿਸ਼ਤਿਆਂ ਦੀ ਅਹਿਮੀਅਤ ਵੀ ਸਿਖਾਉਂਦੀਆਂ ਸਨ। ਬੱਚਿਆਂ ਦਾ ਨਾਨਕੇ ਘਰ ਵਿਚਲੇ ਬੱਚਿਆਂ ਨਾਲ ਪਿਆਰ ਅਤੇ ਮਿਲਵਰਤਣ ਵਧਦਾ ਸੀ। ਇਸ ਰਾਹੀਂ ਉਹਨਾਂ ਨੂੰ ਆਪਣੇ ਆਉਣ ਵਾਲੇ ਸਮਾਜਿਕ ਰਿਸ਼ਤਿਆਂ ਨੂੰ ਨਿਭਾਉਣ ਦੀ ਜਾਚ ਸਿੱਖਣ ਨੂੰ ਮਿਲਦੀ ਸੀ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਰਿਸ਼ਤੇ ਵੀ ਪਿਆਰ ਭਰੇ ਅਤੇ ਮਜ਼ਬੂਤ ਹੁੰਦੇ ਸਨ। ਬੱਚਿਆਂ ਲਈ ਆਪਣੇ ਨਾਨਕੇ ਛੁੱਟੀਆਂ ਕੱਟਣ ਦਾ ਸਭ ਤੋਂ ਉੱਤਮ ਤੇ ਸੁਹਾਵਣਾ ਸਥਾਨ ਹੁੰਦਾ ਸੀ। ਔਰਤਾਂ ਵੀ ਬਹਾਨੇ ਨਾਲ ਆਪਣੇ ਪੇਕੇ ਰਹਿ ਕੇ ਥੋੜ੍ਹਾ ਵਕਤ ਬਿਤਾ ਕੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਆਉਂਦੀਆਂ ਸਨ।
            ਅੱਜ ਕੱਲ੍ਹ ਜਿਵੇਂ ਹੀ ਛੁੱਟੀਆਂ ਆਉਣ ਵਾਲੀਆਂ ਹੁੰਦੀਆਂ ਹਨ ਤਿਵੇਂ ਹੀ ਬਹੁਤੇ ਲੋਕਾਂ ਵੱਲੋਂ ਪਹਾੜੀ ਇਲਾਕਿਆਂ ਦੇ ਸਫ਼ਰ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪੰਜਾਬ ਦੇ ਗੁਆਂਢੀ ਪਹਾੜੀ ਰਾਜਾਂ ਵਿੱਚ ਜੂਨ ਦੇ ਮਹੀਨੇ ਵਿੱਚ ਹੋਟਲਾਂ ਦੇ ਕਿਰਾਏ , ਉੱਥੇ ਪਰੋਸੇ ਜਾਣ ਵਾਲੇ ਖਾਣੇ ਅਸਮਾਨ ਛੂਹਣ ਲੱਗਦੇ ਹਨ । ਉੱਥੇ ਘੁੰਮਣ ਫਿਰਨ ਵਾਲ਼ੀਆਂ ਖਾਸ ਥਾਵਾਂ ਤੇ ਟਿਕਟਾਂ ਦੇ ਰੇਟਾਂ ਵਿੱਚ ਵੀ ਵਾਧਾ ਹੋ ਜਾਂਦਾ ਹੈ। ਕਈ ਵਾਰ ਤਾਂ ਪਹਾੜਾਂ ਵੱਲ ਮੈਦਾਨੀ ਇਲਾਕਿਆਂ ਵੱਲੋਂ ਲੋਕਾਂ ਦੇ ਜਾਣ ਦਾ ਹੜ੍ਹ ਜਿਹਾ ਆਉਣ ਨਾਲ ਪਹਾੜੀ ਸੜਕਾਂ ਤੇ ਕਈ ਕਈ ਕਿਲੋਮੀਟਰ ਲੰਬੇ ਜਾਮ ਲੱਗੇ ਦਿਖਾਈ ਦਿੰਦੇ ਹਨ। ਇਹ ਸਥਿਤੀ ਤਾਂ ਪਿਛਲੇ ਕੁਝ ਕੁ ਸਾਲਾਂ ਤੋਂ ਹੀ ਹੋਣ ਲੱਗੀ ਹੈ ਜਦੋਂ ਤੋਂ ਹਰ ਕਿਸੇ ਕੋਲ ਆਪਣੇ ਆਪਣੇ ਸਾਧਨ ਭਾਵ ਗੱਡੀਆਂ ਆ ਗਈਆਂ ਹਨ।
          ਪਹਾੜੀ ਇਲਾਕਿਆਂ ਵਿੱਚ ਗੱਡੀਆਂ ਦੇ ਧੂੰਏਂ ਅਤੇ ਉਨ੍ਹਾਂ ਵਿੱਚ ਲੱਗੇ ਏਸੀਆਂ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਕਾਰਨ ਉੱਥੇ ਦੇ ਵਾਤਾਵਰਨ ਦੀ ਤਪਸ਼ ਵਿੱਚ ਵਾਧਾ ਹੋਣ ਕਰਕੇ ਉੱਥੇ ਵੀ ਅੱਜ ਕੱਲ੍ਹ ਇਹੋ ਜਿਹੀਆਂ ਅਚਨਚੇਤ ਦੁਰਘਟਨਾਵਾਂ ਵਾਪਰਦੀਆਂ ਹਨ ਕਿ ਸੈਲਾਨੀਆਂ ਦਾ ਬਹੁਤ ਨੁਕਸਾਨ ਹੁੰਦਾ ਹੈ। ਬੱਦਲ਼ ਫਟਣ ਕਾਰਨ ਪੈਦਾ ਹੋਈਆਂ ਪ੍ਰਸਥਿਤੀਆਂ , ਲੈਂਡ ਸਲਾਈਡਿੰਗ (ਭੂ ਖਿਸਕਣ) ਜਾਂ ਭਾਰੀ ਬਰਫ਼ਬਾਰੀ ਕਾਰਨ ਘਿਰੇ ਸੈਲਾਨੀਆਂ ਦੇ ਪਿੱਛੇ ਘਰਾਂ ਵਿੱਚ ਬੈਠੇ ਪਰਿਵਾਰਾਂ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ ਹੈ ਜਿੰਨਾ ਚਿਰ ਤੱਕ ਉਹ ਵਾਪਸ ਨਾ ਆ ਜਾਣ। ਕਈ ਵਾਰ ਪਹਾੜੀ ਇਲਾਕਿਆਂ ਦੇ ਰਸਤਿਆਂ ਤੋਂ ਅਣਜਾਣ ਲੋਕ ਪਰਿਵਾਰਾਂ ਸਮੇਤ ਹੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਆਏ ਦਿਨ ਡੂੰਘੀਆਂ ਖੱਡਾਂ ਵਿੱਚ ਗੱਡੀਆਂ ਡਿੱਗ ਜਾਣ ਕਾਰਨ ਜਾਂ ਨਦੀਆਂ ਦੇ ਤੇਜ਼ ਵਹਾਅ ਵਿੱਚ ਰੁੜ ਜਾਣ ਕਾਰਨ ਹਰੇਕ ਸਾਲ ਪਤਾ ਨਹੀਂ ਕਿੰਨੇ ਪਰਿਵਾਰ ਮੌਤ ਦੇ ਮੂੰਹ ਵਿੱਚ ਜਾ ਸਮਾਉਂਦੇ ਹਨ। ਇਸ ਤੋਂ ਇਲਾਵਾ ਬਹੁਤੇ ਹੁੱਲੜਬਾਜ਼ ਵੀ ਮੋਟਰਸਾਈਕਲਾਂ ਤੇ ਮੈਦਾਨੀ ਇਲਾਕਿਆਂ ਵਾਂਗ ਹੀ ਹੁੱਲੜਬਾਜ਼ੀ ਕਰਦੇ ਹੋਏ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹਨਾਂ ਸਭ ਗੱਲਾਂ ਤੋਂ ਸੁਚੇਤ ਹੋ ਕੇ ਹੀ ਛੁੱਟੀਆਂ ਦਾ ਆਨੰਦ ਮਾਣਨ ਲਈ ਕਿਧਰੇ ਵੀ ਘੁੰਮਣ ਫਿਰਨ ਜਾਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਵਿੱਚ ਛੁੱਟੀਆਂ ਤਾਂ ਬਹੁਤ ਵਾਰ ਆ ਜਾਣਗੀਆਂ ਪਰ ਜ਼ਿੰਦਗੀ ਤੁਹਾਡੇ ਹੱਥ ਵਿੱਚ ਇੱਕ ਵਾਰ ਹੀ ਆਈ ਹੈ ਇਸ ਲਈ ਇਸ ਨੂੰ ਬਹੁਤ ਧਿਆਨ ਨਾਲ ਬਿਤਾਉਣਾ ਚਾਹੀਦਾ ਹੈ ।
ਬਰਜਿੰਦਰ ਕੌਰ ਬਿਸਰਾਓ…
9988901324 
Previous articleਸਰੀ ‘ਚ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਆਯੋਜਿਤ
Next articleਧਰਤੀ ਪਾਣੀ ਹਵਾ ਤੇ ਰੁੱਖ