ਛੁੱਟੀਆਂ ਖ਼ਤਮ

ਮਾਲਵਿੰਦਰ ਸ਼ਾਇਰ
ਮਾਲਵਿੰਦਰ ਸ਼ਾਇਰ

(ਸਮਾਜ ਵੀਕਲੀ) “ਮੇਰੀ ਸਕੂਟਰੀ ‘ਤੇ ਵੀ ਪਾਣੀ ਜਿਹਾ ਮਾਰ ਹੀ ਦਿਓ…ਲਗਦੇ ਇਸ ਵਾਰ ਤਾਂ ਚੂਹਿਆਂ ਨੇ ਵੀ ਖਾਸੀਆਂ ਰੌਣਕਾਂ ਲਾਈਆਂ ਹੋਣਗੀਆਂ…ਨਾਲ਼ੇ ਮੇਰੀ ਸਕੂਟਰੀ ਚਲਾਉਣ ਦੀ ਵੀ ਕੋਸ਼ਿਸ਼ ਕਰਦੇ ਹੋਣਗੇ ਭੈੜੇ ਚੂਹੇ…।”

ਮੈਨੂੰ ਮੋਟਰਸਾਈਕਲ ਧੋਂਦੇ ਨੂੰ ਦੇਖ ਕੇ ਮੇਰੀ ਘਰਵਾਲੀ ਮਸ਼ਕਰੀਆਂ ਭਰੀ ਹੁਕਮ ਕਰੀ ਜਾ ਰਹੀ ਸੀ। ਉਸਦੀ ਗੱਲ ਸਹੀ ਸਾਬਤ ਹੋ ਰਹੀ ਸੀ ਕਿਉਂਕਿ ਜਦੋਂ ਮੈਂ ਮੋਟਰਸਾਈਕਲ ਦਾ ਸਾਈਡ ਵਾਲਾ ਥੈਲਾ ਝਾੜਿਆ ਤਾਂ ਉਹ ਚੂਹਿਆਂ ਦੀਆਂ ਵਿੱਠਾਂ ਨਾਲ਼ ਭਰਿਆ ਪਿਆ ਸੀ। ਮੈਨੂੰ ਲੱਗ ਰਿਹਾ ਸੀ ਕਿ ਜ਼ਰੂਰ ਹੀ ਕੋਈ ਚੂਹੀ ਇਸ ਵਿੱਚ ਸੂਈ ਹੋਵੇਗੀ ਕਿਉਕਿ ਇਨ੍ਹਾਂ ਗਰਮੀ ਦੀਆਂ ਛੁੱਟੀਆਂ ਵਿੱਚ ਸਾਡਾ ਇਸ ਵਾਰ ਦਾ ਟੂਰ ਮਕਲੌੜਗੰਜ, ਧਰਮਸ਼ਾਲਾ ਫਿਰ ਉਧਰੋਂ ਘੁੰਮ ਕੇ ਭੂੰਤਰ,ਸੌਲਾਂਗ,ਰੌਹਤਾਂਗ ਤੋਂ ਇਲਾਵਾ ਚੰਡੀਗੜ੍ਹ ਤੋਂ ਉਪਰਲੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਸ਼ਿਮਲੇ ਦਾ ਵੀ ਸੀ।ਇਸ ਵਾਰ ਘਰ ਨੂੰ ਜਿੰਦਰਾ ਵੀ ਲੰਮਾਂ ਸਮਾਂ ਲੱਗਿਆ ਰਿਹਾ। ਦੋਨੋਂ ਬੱਚਿਆਂ ਨੇ ਵੀ ਇਸ ਵਾਰ ਤਾਂ ਆਖ ਦਿੱਤਾ ਸੀ,
” ਦੇਖੋ ਪਾਪਾ…ਸਾਰੀ ਗਰਮੀ ਪਹਾੜਾਂ ਵਿੱਚ ਹੀ ਗੁਜਾਰਨੀ ਹੈ…ਠੰਢੇ ਇਲਾਕੇ ਵਿੱਚ …।” ਮੈਂ ਵੀ ਬੱਚਿਆਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਸੀ ਕਿਉੰਕਿ ਇਸ ਵਾਰ ਪ੍ਰੋਗਰਾਮ ਮੈਨੇਜ਼ਰ ਮੇਰੀ ਘਰਵਾਲੀ ਸੀ। ਸਾਰਾ ਖਰਚਾ ਵੀ ਉਸਦਾ ਹੀ ਹੋਣਾ ਸੀ। ਤਾਹੀਓਂ ਆਪਾਂ ਤਾਂ ਗੱਡੀ ਦੀ ਪਿਛਲੀ ਸੀਟ ‘ਤੇ ਰੀਲੈਕਸ ਮੂਡ ਵਿੱਚ ਆਪਣੀ ਬੇਟੀ ਨਾਲ਼ ਬੈਠ ਗਏ ਸਾਂ।ਲੜਕਾ ਗੱਡੀ ਚਲਾ ਰਿਹਾ ਸੀ ਅਤੇ ਨਾਲ਼ ਵਾਲੀ ਅਗਲੀ ਸੀਟ ‘ਤੇ ਉਸਦੀ ਮੰਮੀ ਜਾਣੀ ਮੇਰੀ ਘਰਵਾਲੀ ਬੈਠੀ ਸੀ ਜੋ ਪ੍ਰੋਗਰਾਮ ਦਾ ਕੈਸ਼ੀਅਰ ਹੋਣ ਦੇ ਨਾਤੇ ਹਰਿੱਕ ਤਰ੍ਹਾਂ ਦਾ ਪ੍ਰਬੰਧਨ ਤੇ ਸੰਚਾਲਣ ਕਰ ਰਹੀ ਸੀ। ਉਸਨੂੰ ਵੀ ਸਕੂਲ ਵਿੱਚ ਲੈਕਚਰਾਰ ਹੋਣ ਦਾ ਮਾਣ ਸੀ। ਘਰ ਵਿੱਚ ਤਾਂ ਉਹ ਹੱਥ ਘੁੱਟ ਕੇ ਪੈਸੇ ਵਰਤਦੀ ਸੀ…ਫਲਾਂ/ਸਬਜ਼ੀਆਂ ਵਾਲੀ ਰੇਹੜੀ/ਫੜ੍ਹੀ ‘ਤੇ ਦੋ-ਦੋ ਰੁਪਏ ਜ਼ਿੱਦ ਕਰਦੀ ਸੀ ਪਰ ਅੱਜ ਪਤਾ ਨਹੀਂ ਕਿਉਂ …?…ਅੱਜ ਤਾਂ ਉਸਦੇ ਦੇਗ਼/ਪ੍ਰਸ਼ਾਦ ਵੰਡਣ ਵਾਲੇ ਬਾਬੇ ਵਾਂਗ ਖੁੱਲ੍ਹੇ ਗੱਫ਼ੇ ਹੀ ਚੱਲ ਰਹੇ ਸਨ ਜਿਵੇਂ ਕੋਈ ਲਾਟਰੀ ਨਿਕਲੀ ਹੋਵੇ । ਇਸ ਵਕਤ ਉਸ ਕੋਲ ਦੋਨੋਂ ਹੀ ਬੈਂਕ ਕਾਰਡ ਸਨ, ਡੈਬਿਟ ਕਾਰਡ ਵੀ ਤੇ ਕ੍ਰੈਡਿਟ ਕਾਰਡ ਵੀ। ਜਦੋਂ ਉਸਦਾ ਕਾਰਡ ਚਲਦਾ ਤਾਂ ਮੇਰੇ ਮੋਬਾਈਲ ਉੱਤੇ ਉਸਦਾ ਮੈਸਿਜ਼ ਆ ਜਾਂਦਾ ਕਿਉਂਕਿ ਮੇਰੇ ਮੁਤਾਬਿਕ ਉਸਦੇ ਦੋਨੋਂ ਕਾਰਡ ਮੇਰੇ ਫ਼ੋਨ ਨਾਲ਼ ਅਟੈਚ ਸਨ। ਜਦੋਂ ਕੋਈ ਵੱਡੀ ਐਂਟਰੀ ਹੁੰਦੀ ਤਾਂ ਮੇਰੇ ਦਿਲ ਨੂੰ ਵੀ ਕੁੱਝ-ਕੁੱਝ ਹੁੰਦਾ…ਆਖ਼ਰ ਨੂੰ ਤਾਂ ਮੈਂ ਵੀ ਇੱਕ ਮਾਸਟਰ ਹੀ ਸੀ ਉਹ ਵੀ ਹਿਸਾਬ ਦਾ…ਖ਼ਰਚ ਕਰਨ ਕੰਨੀਓਂ ਉਂਗਲਾਂ ‘ਤੇ ਹਿਸਾਬ ਲਾਉਣ ਵਾਲਾ। ਉਸਦੀ ਖਰਚੀਲੂ ਬਿਰਤੀ ਨੂੰ ਦੇਖ ਕੇ ਪਹਿਲਾਂ ਤਾਂ ਮੈਂ ਮਕਲੌੜਗੰਜ, ਧਰਮਸ਼ਾਲਾ ਤੋਂ ਹੀ ਟੂਰ ਘਰ ਨੂੰ ਵਾਪਸ ਚਾਲੇ ਪਾਉਣ ਬਾਰੇ ਸੋਚ ਰਿਹਾ ਸੀ। ਪਰ ਜਦੋਂ ਸ਼ਾਮ ਨੂੰ ਮੇਰੀ ਘਰਵਾਲੀ ਨੇ ਇੱਕ ਕਮਰੇ ਵਿੱਚ ਸੈਟਿੰਗ ਕਰਨ ਤੋਂ ਬਾਅਦ ਹਜ਼ਾਰ ਰੁਪਏ ਦਿੰਦਿਆਂ ਕਿਹਾ, “ਜਾਓ ਤੁਸੀਂ ਆਪਣਾ ਮਨੋਰੰਜਨ ਕਰ ਆਓ…ਪਰ ਹਾਂ ਡੇਢ ਘੰਟੇ ਦੇ ਅੰਦਰ-ਅੰਦਰ ਵਾਪਸ ਆ ਜਾਣਾ…ਅਸੀਂ ਫੇਰ ਇੰਜੁਆਏ ਕਰਾਂਗੇ।” ਮੈਂ ਤਾਂ ਆਪਣਾ ਨਾਈਟ-ਸੂਟ ਪਾਕੇ ਕਮਰੇ ‘ਚੋਂ ਇਉਂ ਨਿਕਲਿਆ ਜਿਵੇਂ ਕਿਸੇ ਆਮ ਵਿਅਕਤੀ ਦੇ ਪਿੱਛੇ ਕੁੱਤਾ ਪੈ ਗਿਆ ਹੋਵੇ ਤੇ ਉਸਨੂੰ ਠੇਕੇ ਤੱਕ ਛੱਡ ਕੇ ਵਾਪਸ ਆ ਗਿਆ ਹੋਵੇ। ਆਪਾਂ ਵੀ ਆਪਣਾ ਇੰਜੁਆਏ ਕਰਕੇ ਘਰਵਾਲੀ ਦੇ ਹੁਕਮ ਅਨੁਸਾਰ ਡੇਢ ਘੰਟੇ ਦੇ ਅੰਦਰ-ਅੰਦਰ ਕਮਰੇ ‘ਚ ਵਾਪਸ ਮੁੜ ਆਏ।
ਮੇਰੇ ਲਈ ਕਮਰੇ ਵਿੱਚ ਸਲਾਦ ਦੀ ਪਲੇਟ ਰੱਖੀ ਹੋਈ ਸੀ ਤੇ ਨਾਲ਼ ਇੱਕ ਰਿਆਇਤੇ ਦੀ ਕੌਲੀ…ਗਲਾਸ,ਪਾਣੀ,ਖ਼ਾਰਾ ਸੋਢਾ ਆਦਿ। ਮੈਂ ਉਨ੍ਹਾਂ ਨੂੰ ਆਪਣੇ ਆਉਂਦੇ ਸਾਰ ਹੀ ਆਖ ਦਿੱਤਾ ਸੀ,” ਤੁਸੀਂ ਹੁਣ ਜਾਓ…ਕਰੋ ਆਪਣਾ ਇੰਜੁਆਏ…।”
” ਦੇਖੋ ਅੱਜ ਥੋੜ੍ਹੇ ਥੱਕੇ ਹੋਏ ਹਾਂ…ਅਸੀਂ ਘੰਟੇ ਕੁ ਤੱਕ ਜਲਦੀ ਆ ਜਾਵਾਂਗੇ…ਖਾਣਾ ਇਕੱਠੇ ਖਾਵਾਂਗੇ…ਬੱਸ ਇੱਕ ਗੱਲ ਯਾਦ ਰੱਖਣਾ ਤੁਸੀਂ ਠੀਕ ਰਹਿਣਾ..।” ਮੇਰੀ ਘਰਵਾਲੀ ਨੇ ਨਿਰਦੇਸ਼ ਦਿੱਤਾ।ਮੈਂ ਵੀ ਆਪਣਾ “ਓ ਕੇ” ਦੇ ਵਿੱਚ ਸਿਰ ਹਿਲਾ ਦਿੱਤਾ। ਮੈਂ ਸੋਚਦਾ ਰਿਹਾ ਕਿ ਜੇ ਰਾਹ ‘ਚੋਂ ਵਾਪਸ ਹੋ ਜਾਂਦੇ ਤਾਂ ਫਿਰ ਇਸ ਇੰਨਜੁਆਏ ਦਾ ਕੀ ਹਾਲ਼ ਹੁੰਦਾ…ਠੁੱਸ ?” ਇਹ ਸੋਚਕੇ ਮੈਂ ਇਨ੍ਹਾਂ ਨਾਲ਼ ਸਾਰੇ ਟੂਰ ਦਾ ਪ੍ਰੋਗਰਾਮ ਬਣਾ ਲਿਆ ਕਿਉਂਕਿ ਮੇਰੀ ਘਰਵਾਲੀ ਅਤੇ ਬੱਚੇ ਮੇਰੇ ਦਿਲੀ ਇੰਨਜੁਆਏ ਬਾਰੇ ਭਲੀ-ਭਾਂਤ ਜਾਣੂ ਸਨ। ਫਿਰ ਰਾਤ ਦਸ ਕੁ ਵਜੇ ਉਨ੍ਹਾਂ ਦੇ ਪਰਤਣ ‘ਤੇ ਅਸਾਂ ਹੋਟਲ ਦੇ ਕਮਰੇ ਵਿੱਚ ਹੀ ਬੜੇ ਚਾਵਾਂ ਨਾਲ਼ ਖਾਣਾ ਖਾਧਾ। ਇਸ ਤਰ੍ਹਾਂ ਸਾਡਾ ਹਰ ਪਾਸੇ ਦਾ ਟੂਰ ਬੜਾ ਖ਼ੁਸ਼ ਨੁਮਾ ਰਿਹਾ ਪਰ ਭੂੰਤਰ ਤੋਂ ਸੌਲਾਂਗ ਦਾ ਟੂਰ ਮੇਰੇ ਲਈ ਥੋੜ੍ਹਾ ਜ਼ਿਆਦਾ ਮਜ਼ੇ ਭਰਿਆ ਰਿਹਾ ਕਿਉਂਕਿ ਸੌਲਾਂਗ ਬਰਫ਼ ‘ਤੇ ਚੌੜਾਂ ਕਰਨ ਲਈ ਮੈਂ ਸੰਦੇਹਾਂ ਹੀ ਆਪਣੇ ਪੰਜਾਬੀ ਮੂਡ ਵਿੱਚ ਚਲਾ ਗਿਆ ਸਾਂ ਜਿਸ ਕਰਕੇ ਸਾਰੀ ਵਾਦੀ ਹੀ ਹਸੀਨ ਲਿਬਾਸ ਵਿੱਚ ਲਿਪਟੀ ਸੁੰਦਰ ਨੱਢੀ ਵਾਂਗ ਲੱਗ ਰਹੀ ਸੀ। ਮੈਂ ਬਰਫ਼ ‘ਤੇ ਪੈ ਕੇ ਕੁੱਝ ਸਮਾਂ ਉਸਦੀ ਗੋਦ ਵਿੱਚ ਲਿਟਿਆ ਰਿਹਾ। ਸੋ ਬੱਚਿਆਂ ਸੰਗ ਅਸੀਂ ਵੀ ਇਸ ਟੂਰ ਦਾ ਖ਼ੂਬ ਅਨੰਦ ਮਾਣਿਆ। ਟੂਰ ਖ਼ਤਮ ਹੋਣ ‘ਤੇ ਜਦੋਂ ਘਰ ਆਏ ਤਾਂ ਘਰ ਵਿੱਚ ਗਰਮੀ ਦੀ ਤਪਸ਼ ਨਾਲ਼ ਖੜਨ ਨੂੰ ਦਿਲ ਨਾ ਕਰੇ…ਘਰ ਵਿੱਚ  ਮੀਂਹ ਹਨੇਰੀ ਕਰਕੇ ਚੌਹੀਂ ਪਾਸੀਂ ਖਿਲਾਰਾ ਪਿਆ ਸੀ…ਵਿਹੜੇ ਵਿੱਚ ਟਾਇਲਾਂ ਵਾਲੇ ਫਰਸ਼ ‘ਤੇ ਮਣ-ਮਣ ਮਿੱਟੀ ਚੜ੍ਹੀ ਪਈ ਸੀ। ਦਿਲ ਕਰ ਰਿਹਾ ਸੀ ਕਿ ਅਗੇਤ ‘ਚ ਰਿਟਾਇਰਮੈਂਟ ਲੈ ਕੇ ਪਹਾੜਾਂ ‘ਤੇ ਹੀ ਰਹਿਣ ਲੱਗ ਜਾਈਏ। ਐਨੀ ਸੋਹਣੀ ਆਕਸੀਜਨ ਭਰੀ ਤਾਜ਼ੀ-ਤਾਜ਼ੀ ਬਾਰਸ਼ ਨਾਲ਼ ਧੋਤੀ ਹਵਾ ਜੋ ਸਰੀਰ ਨੂੰ ਰੂਹ ਤੱਕ ਊਰਜਾ ਬਖ਼ਸ਼ ਰਹੀ ਸੀ ਪਰ ਮਜ਼ਬੂਰੀ ਕਾ ਨਾਮ ਮਹਾਤਮਾ ਜੀ। ਅਸੀਂ ਦੋ ਦਿਨ ਲਾ ਕੇ ਘਰਦੀਆਂ ਅੰਦਰੋਂ-ਬਾਹਰੋਂ ਸਫ਼ਾਈਆਂ ਕੀਤੀਆਂ।ਅਸੀਂ ਘਰ ਦੇ ਵਿੱਚ ਮੈਂ ਤੇ ਬੱਸ ਮੈਂ ਹੀ ਸਾਂ ਕਿਉਂਕਿ ਮੈਡਮ ਅਤੇ ਬੱਚੇ ਤਾਂ ਆਪਣੀ ਥਕਾਵਟ ਲਾਹ ਰਹੇ ਸਨ। ਖਾ ਪੀ ਕੇ ਸੰਦੇਹਾਂ ਸੌਣਾ ਅਤੇ ਭੁੱਖ ਲੱਗਣ ‘ਤੇ ਦੁਪਹਿਰੇ ਉੱਠਣਾ…ਉਨ੍ਹਾਂ ਦੀ ਰੁਟੀਨ ਸੀ। ਹੁਣ ਜਦੋਂ ਮੈਂ ਮੋਟਰਸਾਈਕਲ ਦੀ ਸਰਵਿਸ ਕਰਾਉਣ ਲਈ ਏ.ਟੀ ਐਮ. ‘ਚੋਂ ਪੈਸੇ ਕਢਾਉਣ ਲੱਗਿਆ ਤਾਂ ਬੈਲੇੰਸ ਨਿੱਲ…ਕ੍ਰੈਡਿਟ ਕਾਰਡ ਨਾਲ਼ ਮੋਟਰਸਾਈਕਲ ‘ਚ ਤੇਲ ਪਵਾਉਣ ਗਿਆ ਤਾਂ  ਉਸ ਵਿੱਚ ਵੀ ਕੋਈ ਪੈਸਾ ਨਾ। ਜੋ ਮੈਨੂੰ ਰੋਜ਼ ਬੀਵੀ ਤੋਂ ਹਜ਼ਾਰ-ਹਜ਼ਾਰ ਰੁਪਏ ਮਿਲਦੇ ਸੀ ਉਨ੍ਹਾਂ ‘ਚੋਂ ਲਗਾਈ ਕੁੰਡੀ ਵਾਲੇ ਪੈਸਿਆਂ ਨਾਲ਼ ਮੋਟਰਸਾਈਕਲ ਠੀਕ ਕਰਵਾਇਆ ਅਤੇ ਤੇਲ ਪਵਾਇਆ। ਜਦੋਂ ਇਸ ਮਾਜ਼ਰੇ ਬਾਰੇ ਘਰੇ ਜਾਕੇ ਬੀਵੀ ਤੋਂ ਪੁੱਛਿਆ ਤਾਂ ਉਸਨੇ ਕਿਹਾ, “ਮੇਰੇ ਪਿਆਰੇ ਪਤੀ ਪ੍ਰਮੇਸ਼ਰ ਜੀ ਮੇਰੇ ਬੈਂਕ ਕਾਰਡ ਤੁਹਾਡੀ ਜ਼ੇਬ ‘ਚ ਸਨ ਅਤੇ ਤੁਹਾਡੇ ਬੈਂਕ ਕਾਰਡ ਮੇਰੀ ਜ਼ੇਬ ‘ਚ…। ਘਰਦੇ ਜ਼ੁੰਮੇਵਾਰ ਬੰਦੇ ਤੁਸੀਂ ਹੋ…ਤੁਸੀਂ… ਮੈਂ ਨਹੀਂ । ਪਹਿਲਾਂ ਬੱਚੇ ਤੁਹਾਡੇ ਨੇ ਫੇਰ ਮੇਰੇ…ਸੋ ਖ਼ਰਚਾ ਤੁਹਾਡਾ ਹੀ ਹੋਣਾ ਚਾਹੀਦਾ ਸੀ ਤੇ ਤੁਹਾਡਾ ਹੀ ਹੋਇਆ…ਹੁਣ ਇਸ ਟੋਪਿਕ ਨੂੰ ਬੰਦ ਕਰੋ…ਜਾਓ ਮੇਰੀ ਸਕੂਟਰੀ ਦੀ ਵੀ ਸਰਵਿਸ ਕਰਾ ਕੇ ਲਿਆਓ…।”
“ਜਾਨੈ…ਮੈੰ ਵੀ ਸੋਚਦਾ ਸਾਂ ਕਾਰ ਵਿੱਚ ਬੈਠੀ ਬੈਂਕ ਕਾਰਡ ‘ਤੇ ਖਰਚਾ ਇਹ ਕਰੇ ਤੇ ਮੈਸਿਜ਼ ਮੈਨੂੰ ਆਵੇ…ਚਲੋ ਖ਼ੈਰ।” ਮੈਂ ਮਨ ਹੀ ਮਨ ਵਿੱਚ ਸੋਚਿਆ।
ਹੁਣ ਸਕੂਟਰੀ ਉਧਾਰ ਸਰਵਿਸ ਕਰਵਾ ਕੇ  ਸਕੂਲ ਜਾਣ ਲਈ ਸਾਰਾ ਹੀਲਾ ਕਰ ਲਿਆ ਹੈ। ਮੇਰੀ ਹਾਫ਼-ਬੈਟਰ ਨੇ ਮੇਰੇ ਪਹਾੜੀ ਇਲਾਕੇ ਦੇ ਸੁਪਨੇ ਝਰਨਿਆਂ ਦੀ ਕਲ਼ਲ-ਕਲ਼ਲ,ਹਰਿਆਵਲ ‘ਚੋਂ ਮਿਲੀ ਤਰੋ-ਤਾਜ਼ਾ ਆਕਸੀਜ਼ਨ ਦੀ ਊਰਜਾ ਸਭ ਤਹਿਸ-ਨਹਿਸ ਕਰ ਦਿੱਤਾ ਹੈ। ਆਪ ਸਹੀ ਵਕਤ ਉੱਠਣ ਅਤੇ ਬੱਚਿਆਂ ਨੂੰ ਉਠਾਉਣ ਦਾ ਅਨੁਸ਼ਾਸ਼ਣ ਬੜੀ ਜ਼ਦੋ-ਜ਼ਹਿਦ ਨਾਲ਼ ਬਰਕਰਾਰ ਕਰ ਲਿਆ ਹੈ। ਹੁਣ ਸਾਡਾ ਟੱਬਰ ਸਕੂਲ ਜਾਣ ਲਈ ਪੱਕੀ ਤੌਰ ‘ਤੇ ਅਨੁਸ਼ਾਸ਼ਨ ਵਿੱਚ ਹੈ।ਇਹ ਮਹੀਨੇ ਵਾਲੀਆਂ ਛੁਟੀਆਂ  ਨੂੰ ਉਡੀਕਦਿਆਂ ਤਾਂ  ਸਾਲ ਲੰਘ ਜਾਂਦਾ ਹੈ ਅਤੇ ਇਹ ਲੰਘ ਅੱਖ ਦੇ ਝਮਕੇ ਨਾਲ਼ ਹੀ ਜਾਂਦੀਆਂ ਹਨ। ਹੁਣ ਪ੍ਰਾਰਥਨਾ ਵੇਲੇ ਬੋਲਣ ਵਾਲਾ ਸ਼ਬਦ ਅਤੇ ਜਨ-ਗਨ-ਮਨ ਦੀ ਰਿਵੀਜ਼ਨ ਕਰਨ ਵਾਲੀ ਰਹਿ ਗਈ ਜੋ ਦਿਮਾਗ ਵਿੱਚੋਂ ਡਿਲੀਟ ਹੋ ਗਈ ਹੈ…ਉਹ ਹੁਣ ਰਾਤ ਨੂੰ ਸੌਣ ਤੋਂ ਪਹਿਲਾਂ ਯਾਦ ਕਰਕੇ ਸੌਣ ਲਈ ਪਵਾਂਗੇ। ਕਿਉਕਿ ਛੁੱਟੀਆਂ ਖਤਮ ਹੋ ਗਈਆਂ ਹਨ। ਬਾਕੀ ਸਭ ਤਿਆਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleप्लास्टिक की खपत कम करने के लिए आदतों के साथ मानसिकता में भी बदलाव जरूरी है।
Next articleਭਾਈ ਘਨ੍ਹੱਈਆ ਜੀ ਚੈਰੀਟੇਬਲ ਬਲੱਡ ਸੈਂਟਰ ਮਿੱਠਾ ਟਿਵਾਣਾ ਵਿਖੇ ਨਵਾਂ ਬਲੱਡ ਕੰਪੋਨੈਂਟ ਵਿੰਗ ਸਥਾਪਿਤ ਕੀਤਾ