ਨਵੀਂ ਦਿੱਲੀ (ਸਮਾਜ ਵੀਕਲੀ): ਚੋਣ ਕਮਿਸ਼ਨ ਵੱਲੋਂ ਉੱਤਰਾਖੰਡ ਵਿੱਚ ਜ਼ਿਮਨੀ ਚੋਣ ਕਰਵਾਏ ਜਾਣ ਤੋਂ ਇਨਕਾਰ ਦੀਆਂ ਸੰਭਾਵਨਾਵਾਂ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਵਤ ਨੇ ਕਿਹਾ ਕਿ ਉਨ੍ਹਾਂ ਸੰਵਿਧਾਨਕ ਸੰਕਟ ਦੇ ਚਲਦਿਆਂ ਅਸਤੀਫਾ ਦਿੱਤਾ ਹੈ। ਇਸ ਦੌਰਾਨ ਭਾਜਪਾ ਨੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਭਲਕੇ ਸ਼ਨਿੱਚਰਵਾਰ ਨੂੰ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਹੈ। ਰਾਵਤ ਨੇ ਅੱਜ ਸੂਬੇ ਦੇ ਰਾਜਪਾਲ ਕੋਲੋਂ ਮਿਲਣ ਲਈ ਸਮਾਂ ਮੰਗਿਆ ਸੀ।
ਚੇਤੇ ਰਹੇ ਕਿ ਭਾਜਪਾ ਹਾਈ ਕਮਾਨ ਨੇ ਤ੍ਰਿਵੇਂਦਰ ਸਿੰਘ ਰਾਵਤ ਨੂੰ ਲਾਂਭੇ ਕਰਕੇ ਉਨ੍ਹਾਂ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਉੱਤਰਾਖੰਡ ਦਾ ਮੁੱਖ ਮੰਤਰੀ ਥਾਪਿਆ ਸੀ। ਇਸ ਅਹੁਦੇ ’ਤੇ ਬਣੇ ਰਹਿਣ ਲਈ ਰਾਵਤ ਨੂੰ ਛੇ ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਜਿੱਤਣੀ ਜ਼ਰੂਰੀ ਸੀ, ਪਰ ਚੋਣ ਕਮਿਸ਼ਨ ਦੇ ਜ਼ਿਮਨੀ ਚੋਣ ਕਰਵਾਉਣ ਤੋਂ ਕੀਤੀ ਜਾ ਰਹੀ ਨਾਂਹ-ਨੁੱਕਰ ਕਰਕੇ ਰਾਵਤ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਸੂਤਰਾਂ ਦੀ ਮੰਨੀਏ ਭਾਜਪਾ ਹਾਈ ਕਮਾਨ ਰਾਵਤ ਦੀ ਥਾਂ ਚੁਣੇ ਹੋੲੇ ਵਿਧਾਇਕਾਂ ’ਚੋਂ ਕਿਸੇ ਨੂੰ ਇਸ ਅਹੁਦੇ ’ਤੇ ਬਿਠਾ ਸਕਦੀ ਹੈ। ਉੱਤਰਾਖੰਡ ਵਿੱਚ ਅਸੈਂਬਲੀ ਚੋਣਾਂ ਅਗਲੇ ਸਾਲ ਹੋਣੀਆਂ ਹਨ।
ਕਾਬਿਲੇਗੌਰ ਹੈ ਕਿ ਜੇਕਰ ਕਿਸੇ ਸੂਬਾਈ ਅਸੈਂਬਲੀ ਦੀ ਮਿਆਦ ਇਕ ਸਾਲ ਤੋਂ ਘੱਟ ਰਹਿ ਗਈ ਹੋਵੇ ਤਾਂ ਚੋਣ ਕਮਿਸ਼ਨ ਜ਼ਿਮਨੀ ਚੋਣ ਕਰਵਾਉਣ ਤੋਂ ਨਾਂਹ ਕਰ ਸਕਦਾ ਹੈ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਜਿਸ ਮਗਰੋਂ ਉੱਤਰਾਖੰਡ ਵਿੱਚ ਸਰਕਾਰ ’ਚ ਸਿਖਰਲੇ ਅਹੁਦੇ ਲਈ ਫੇਰਬਦਲ ਦੇ ਕਿਆਸਾਂ ਨੇ ਜ਼ੋਰ ਫੜ ਲਿਆ ਸੀ। ਪੌੜੀ ਗੜਵਾਲ ਤੋਂ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਨੇ 10 ਮਾਰਚ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ ਤੇ ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਇਸ ਅਹੁਦੇ ’ਤੇ ਬਣੇ ਰਹਿਣ ਲਈ 10 ਸਤੰਬਰ ਤੋਂ ਪਹਿਲਾਂ ਉੱਤਰਾਖੰਡ ਅਸੈਂਬਲੀ ਦਾ ਮੈਂਬਰ ਬਣਨਾ ਜ਼ਰੂਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly