ਚਮੋਲੀ— ਉਤਰਾਖੰਡ ਦੇ ਚਮੋਲੀ ‘ਚ ਸ਼ੁੱਕਰਵਾਰ ਨੂੰ ਬਰਫ ਖਿਸਕਣ ‘ਚ 55 ਲੋਕ ਫਸ ਗਏ। ਬੀਤੀ ਰਾਤ ਤੱਕ 33 ਲੋਕਾਂ ਨੂੰ ਬਚਾਇਆ ਗਿਆ ਸੀ। ਜਾਣਕਾਰੀ ਮੁਤਾਬਕ ਅੱਜ ਸਵੇਰੇ 14 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਦਕਿ 8 ਲੋਕਾਂ ਦੀ ਭਾਲ ਜਾਰੀ ਹੈ।
ਫੌਜ, ਆਈਟੀਬੀਪੀ, ਬੀਆਰਓ, ਐਸਡੀਆਰਐਫ ਅਤੇ ਐਨਡੀਆਰਐਫ ਦੇ ਜਵਾਨ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਮੌਸਮ ਸੁਰੱਖਿਆ ਬਲਾਂ ਲਈ ਚੁਣੌਤੀ ਬਣਿਆ ਹੋਇਆ ਹੈ। ਚਮੋਲੀ ‘ਚ ਰੁਕ-ਰੁਕ ਕੇ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਬਚਾਅ ਕਾਰਜਾਂ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੋ ਸਕਿਆ। ਫੌਜ ਦਾ Mi-17 ਹੈਲੀਕਾਪਟਰ ਸਟੈਂਡਬਾਏ ‘ਤੇ ਹੈ। ਇਹ ਘਟਨਾ ਬਦਰੀਨਾਥ ਤੋਂ 3 ਕਿਲੋਮੀਟਰ ਦੂਰ ਚਮੋਲੀ ਦੇ ਮਾਨਾ ਪਿੰਡ ਦੀ ਹੈ।
ਇਸ ਦੇ ਨਾਲ ਹੀ ਸੀਐਮ ਧਾਮੀ ਚਮੋਲੀ ‘ਚ ਗਰਾਊਂਡ ਜ਼ੀਰੋ ‘ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਦਾ ਜਾਇਜ਼ਾ ਲੈ ਰਹੇ ਹਨ। ਜਾਣਕਾਰੀ ਮੁਤਾਬਕ ਚਮੋਲੀ-ਬਦਰੀਨਾਥ ਹਾਈਵੇਅ ‘ਤੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੇ ਕੁੱਲ 57 ਲੋਕ ਕੰਮ ਕਰ ਰਹੇ ਸਨ, ਜਿਨ੍ਹਾਂ ‘ਚੋਂ 2 ਲੋਕ ਛੁੱਟੀ ‘ਤੇ ਸਨ। ਘਟਨਾ ਦੇ ਸਮੇਂ ਸਾਰੇ ਕਰਮਚਾਰੀ ਕੰਟੇਨਰ ਹਾਊਸ ਵਿਚ ਸਨ। ਇਸ ਦੇ ਨਾਲ ਹੀ ਪਹਾੜ ਤੋਂ ਬਰਫ਼ ਦਾ ਵੱਡਾ ਹਿੱਸਾ ਹੇਠਾਂ ਆ ਗਿਆ ਅਤੇ ਮਜ਼ਦੂਰ ਦੱਬ ਗਏ।
ਬਰਫ਼ ਦੇ ਤੋਦੇ ਵਿੱਚ ਫਸੇ 55 ਮਜ਼ਦੂਰਾਂ ਵਿੱਚ 11 ਬਿਹਾਰ, 11 ਉੱਤਰ ਪ੍ਰਦੇਸ਼, 11 ਉੱਤਰਾਖੰਡ, 7 ਹਿਮਾਚਲ ਪ੍ਰਦੇਸ਼, 1 ਜੰਮੂ-ਕਸ਼ਮੀਰ ਅਤੇ 1 ਪੰਜਾਬ ਦਾ ਹੈ। ਉੱਤਰਾਖੰਡ ਸਰਕਾਰ ਵੱਲੋਂ ਜਾਰੀ ਸੂਚੀ ਵਿੱਚ 13 ਮਜ਼ਦੂਰਾਂ ਦੇ ਨਾਂ ਹਨ, ਪਰ ਉਨ੍ਹਾਂ ਦੇ ਪਤੇ ਅਤੇ ਮੋਬਾਈਲ ਨੰਬਰ ਉਪਲਬਧ ਨਹੀਂ ਹਨ। ਬਾਕੀ ਮਜ਼ਦੂਰਾਂ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly