ਸਟਾਕਹੋਮ (ਸਮਾਜ ਵੀਕਲੀ): ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਰੂਸੀ ਹਮਰੁਤਬਾ ਨਾਲ ਅੱਜ ਇੱਥੇ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੂੰਹ ’ਤੇ ਚਿਤਾਵਨੀ ਦਿੱਤੀ ਕਿ ਜੇ ‘ਰੂਸ ਯੂਕਰੇਨ ਵਿਚ ਵੜਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।’ ਅਮਰੀਕਾ ਨੇ ਰੂਸ ਨੂੰ ਅਪੀਲ ਕੀਤੀ ਕਿ ਉਹ ਸੰਕਟ ਵਿਚੋਂ ਕੂਟਨੀਤਕ ਢੰਗ ਨਾਲ ਬਾਹਰ ਨਿਕਲੇ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨਾਲ ਸਟਾਕਹੋਮ ਵਿਚ ਮੁਲਾਕਾਤ ਦੌਰਾਨ ਬਲਿੰਕਨ ਨੇ ਕਿਹਾ ਕਿ ਸਭ ਤੋਂ ਚੰਗਾ ਰਸਤਾ ਕੂਟਨੀਤੀ ਹੀ ਹੈ। ਇਕ ਦਿਨ ਪਹਿਲਾਂ ਵਾਸ਼ਿੰਗਟਨ ਵੀ ਰੂਸ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦੇ ਚੁੱਕਾ ਹੈ।
ਬਲਿੰਕਨ ਨੇ ਕਿਹਾ ਕਿ ਰੂਸ ਤੇ ਯੂਕਰੇਨ ਨੂੰ 2014 ਦੇ ਮਿੰਸਕ ਸ਼ਾਂਤੀ ਸਮਝੌਤੇ ਤਹਿਤ ਚੱਲਣਾ ਚਾਹੀਦਾ ਹੈ ਜੋ ਕਿ ਰੂਸ ਪੱਖੀ ਵੱਖਵਾਦੀਆਂ ਤੇ ਯੂਕਰੇਨੀ ਸਰਕਾਰੀ ਤਾਕਤਾਂ ਵਿਚਾਲੇ ਜੰਗ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਮਦਦ ਕਰਨ ਲਈ ਤਿਆਰ ਹਨ ਪਰ ਜੇ ‘ਰੂਸ ਨੇ ਟਕਰਾਅ ਦਾ ਰਾਹ ਚੁਣਿਆਂ ਤਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੇ।’ ਰੂਸੀ ਵਿਦੇਸ਼ ਮੰਤਰੀ ਲਵਰੋਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਸਕੋ ਹੁਣ ਕੀਵ ਨਾਲ ਗੱਲਬਾਤ ਲਈ ਤਿਆਰ ਹੈ, ਰਾਸ਼ਟਰਪਤੀ ਪੂਤਿਨ ਕਹਿ ਚੁੱਕੇ ਹਨ ਕਿ ਉਹ ਕੋਈ ਵਿਵਾਦ ਨਹੀਂ ਚਾਹੁੰਦੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly