ਅਮਰੀਕਾ: ਸਿੱਖ ਜਲ ਸੈਨਿਕ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੀ

ਨਿਊ ਯਾਰਕ (ਸਮਾਜ ਵੀਕਲੀ):  ਅਮਰੀਕਾ ਦੇ ਇਕ 26 ਸਾਲਾ ਸਿੱਖ-ਅਮਰੀਕੀ ਜਲ ਸੈਨਾ ਅਧਿਕਾਰੀ ਨੂੰ ਕੁਝ ਸ਼ਰਤਾਂ ਨਾਲ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਮਰੀਕੀ ਜਲ ਸੈਨਾ ਦੇ 246 ਸਾਲਾਂ ਦੇ ਇਤਿਹਾਸ ਵਿਚ ਅਜਿਹੀ ਪ੍ਰਵਾਨਗੀ ਹਾਸਲ ਕਰਨ ਵਾਲੇ ਉਹ ਪਹਿਲੇ ਵਿਅਕਤੀ ਹਨ। ‘ਦਿ ਨਿਊਯਾਰਕ ਟਾਈਮਜ਼’ ਦੀ ਖ਼ਬਰ ਮੁਤਾਬਕ ‘ਲਗਭਗ ਪੰਜ ਸਾਲ ਤੋਂ ਹਰ ਸਵੇਰ ਲੈਫ਼ਟੀਨੈਂਟ ਸੁਖਬੀਰ ਤੂਰ ਅਮਰੀਕੀ ਜਲ ਸੈਨਾ ਕੋਰ ਦੀ ਵਰਦੀ ਪਹਿਨਦੇ ਆਏ ਹਨ ਤੇ ਵੀਰਵਾਰ ਸਿਰ ’ਤੇ ਦਸਤਾਰ ਸਜਾਉਣ ਦੀ ਉਨ੍ਹਾਂ ਦੀ ਇੱਛਾ ਵੀ ਪੂਰੀ ਹੋ ਗਈ ਹੈ।’ ਤੂਰ ਨੇ ਇਕ ਇੰਟਰਵਿਊ ਵਿਚ ਕਿਹਾ ‘ਆਖਿਰ ਮੈਨੂੰ ਮੇਰੇ ਵਿਸ਼ਵਾਸ ਤੇ ਦੇਸ਼ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਨੌਬਤ ਨਹੀਂ ਆਈ। ਮੈਂ ਜਿਹੋ ਜਿਹਾ ਹਾਂ, ਉਸੇ ਤਰ੍ਹਾਂ ਹੀ ਰਹਿੰਦਿਆਂ ਦੋਵਾਂ ਦਾ ਸਤਿਕਾਰ ਕਰਦਾ ਹਾਂ।’ ਤੂਰ ਨੇ ਇਸ ਹੱਕ ਨੂੰ ਹਾਸਲ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ। ਇਸ ਸਾਲ ਜਦ ਉਨ੍ਹਾਂ ਨੂੰ ਤਰੱਕੀ ਮਿਲੀ ਤੇ ਉਹ ਕੈਪਟਨ ਬਣੇ ਤਾਂ ਉਨ੍ਹਾਂ ਦੀ ਅਪੀਲ ਦਾ ਫ਼ੈਸਲਾ ਕੀਤਾ ਗਿਆ।

ਖ਼ਬਰ ਅਨੁਸਾਰ ਇਹ ਐਨੇ ਲੰਮੇ ਸਮੇਂ ਤੱਕ ਚੱਲਿਆ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਸੀ। ਵਾਸ਼ਿੰਗਟਨ ਤੇ ਓਹਾਇਓ ਵਿਚ ਜੰਮੇ-ਪਲੇ ਭਾਰਤੀ ਪਰਵਾਸੀ ਦੇ ਪੁੱਤਰ ਤੂਰ ਨੂੰ ਕੁਝ ਸੀਮਾਵਾਂ ਨਾਲ ਡਿਊਟੀ ਉਤੇ ਪੱਗ ਬੰਨ੍ਹਣ ਦੀ ਇਜਾਜ਼ਤ ਮਿਲੀ ਹੈ। ਉਹ ਆਮ ਡਿਊਟੀ ਦੌਰਾਨ ਪੱਗ ਬੰਨ੍ਹ ਸਕਦੇ ਹਨ ਪਰ ਜੰਗ ਦੇ ਮੈਦਾਨ ਵਿਚ ਤਾਇਨਾਤੀ ਦੌਰਾਨ ਉਹ ਅਜਿਹਾ ਨਹੀਂ ਕਰ ਸਕਣਗੇ। ਤੂਰ ਨੇ ਹਾਲਾਂਕਿ ‘ਮੈਰੀਨ ਕੋਰ ਕਮਾਂਡੈਂਟ’ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਪਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਹਰ ਜਗ੍ਹਾ ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਮਿਲਦੀ ਤਾਂ ਉਹ ਕੋਰ ਦੇ ਵਿਰੁੱਧ ਮੁਕੱਦਮਾ ਕਰਨਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੇ ਹੱਕ ’ਚ ਨਿਤਰੇ ਰਾਹੁਲ ਗਾਂਧੀ
Next articleਨਿੱਜੀ ਫਾਇਦੇ ਲਈ ਭਾਜਪਾ ਨੇ ਗੰਨੇ ਦਾ ਭਾਅ ਵਧਾਇਆ: ਮਾਇਆਵਤੀ