ਉਰਦੂ ਕਹਾਣੀ “ ਧੂੜ ਤੇਰੇ ਚਰਣਾਂ ਦੀ”

ਅਮਰਜੀਤ ਚੰਦਰ 

(ਸਮਾਜ ਵੀਕਲੀ)

“ਜੇ ਮਿਲੇ ਤਾਂ ਮਸਤਕ ਲਾਈਏ

ਧੂੜ ਤੇਰੇ ਚਰਣਾਂ ਦੀ”

ਸਾਧ ਸੰਗਤ ਪੜ੍ਹ ਰਹੀ ਸੀ ਅਤੇ ਪਾਕਿਸਤਾਨ ਸਪੈਸਲ ਰੇਲ ਗੱਡੀ ਯਾਤਰੀਆਂ ਦੇ ਜਥੇ ਨੂੰ ਨਾਲ ਲੈਦੀ ਹੋਈ ਧੂੜਾਂ ਪੁੱਟਦੀ ਜਾ ਰਹੀ ਸੀ,ਬਾਹਰ ਦੂਰ ਦੂਰ ਤੱਕ ਰੇਗਿਸਤਾਨ ਫੈਲਿਆ ਹੋਇਆ ਸੀ।ਕਿਤੇ ਕਿਤੇ ਬਾਜ਼ਰੇ ਦੇ ਖੇਤ ਦਿਖਾਈ ਦੇ ਜਾਂਦੇ ਜਾਂ ਫਿਰ ਕਿਤੇ ਕਿਤੇ ਪੀਲੇ ਫੁੱਲਾਂ ਨਾਲ ਲੱਦੇ ਕਿਕਰਾਂ ਦੇ ਕੰਢੇਦਾਰ ਦਰੱਖਤ ਦਿੱਸ ਪੈਦੇ।ਇੰਨਾਂ ਤੋਂ ਇਲਾਵਾ ਸਾਰਾ ਦ੍ਰਿਸ਼ ਹਰਿਆਲੀ ਤੋਂ ਬਿੰਨਾਂ ਉਜਾੜ ਅਤੇ ਸੁੰਨਸਾਨ ਸੀ।

ਪਾਲਾ ਸਿੰਘ ਖਿੜਕੀ ਦੇ ਬਾਹਰ ਦੇਖ ਰਿਹਾ ਸੀ।ਉਸ ਦੀ ਖੁਲੀ ਹੋਈ ਦਾਂੜੀ ਧੂੜ ਨਾਲ ਭਰੀ ਹੋਈ ਸੀ।ਰੇਤਲੇ ਮੈਦਾਨ ਤੋਂ ਇਕ ਵਾਵਰੋਲਾ ਜਿਹਾ ਉਠਿਆ ਅਤੇ ਹਵਾ ‘ਤੇ ਸਵਾਰ ਗੱਡੀ ਦੇ ਅੰਦਰ ਆ ਗਿਆ।

“ਖਿੜਕੀ ਬੰਦ ਕਰ ਦਿਓ।”ਜਥੇਦਾਰ ਜੀ ਬੋਲੇ।

ਪਾਲਾ ਸਿੰਘ ਮੁਸਕਰਾਇਆ,“ਇਹੀ ਤਾਂ ਦੇਸ਼ ਦਾ ਮੇਵਾ ਹੈ ਬਾਦਸ਼ਾਹੋ,ਤੁਸੀ ਇਸ ਨੂੰ ਰੇਤ ਕਹਿੰਦੇ ਹੋ,ਇਸ ਰੇਤ ਲਈ ਤਾਂ ਮੇਰੀਆਂ ਅੱਖੀਆਂ ਤਰਸ ਗਈਆਂ,”

ਅੱਜ ਚੌਦਾ ਸਾਲ ਦੇ ਲੰਬੇ ਅਰਸੇ ਬਾਅਦ ਪਾਲਾ ਸਿੰਘ ਦੇਸ਼ ਜਾ ਰਿਹਾ ਸੀ।ਅੱਜ ਤੋਂ ਚੌਦਾ ਸਾਲ ਪਹਿਲਾਂ ਇਹ ਉਸ ਦਾ ਆਪਣਾ ਦੇਸ਼ ਸੀ,ਇਹ ਰੇਗਿਸਤਾਨ ਦੇਸ਼।ਰਾਵਲਪਿੰਡੀ ਦੇ ਪੱਛਮੀ ਰੇਤਲੇ ਇਲਾਕੇ ਵਿੱਚ ਉਸ ਦਾ ਪਿੰਡ ਸੀ,ਘਰ-ਘਾਟ ਸੀ,ਜਮੀਨ ਸੀ ਅਤੇ ਉਸ ਦੀ ਦੁਨੀਆ ਸੀ।ਫਿਰ ਪਤਾ ਨਹੀ ਲੋਕਾਂ ਦੇ ਸਿਰਾਂ ‘ਤੇ ਪਾਗਲਪਨ ਦਾ ਭੂਤ ਸਵਾਰ ਹੋਇਆ ਅਤੇ ਬੈਠੇ ਬਿਠਾਏ ਆਪਣੇ ਪਰਾਏ ਹੋ ਗਏ।ਪਾਲਾ ਸਿੰਘ ਆਪਣਾ ਸਾਰਾ ਕੁਝ ਛੱਡ ਕੇ ਸਰਹੱਦ ਦੇ ਇਸ ਪਾਰ ਆ ਗਿਆ।ਹੁਣ ਉਝ ਤਾਂ ਉਸ ਕੋਲ ਸਾਰਾ ਕੁਝ ਸੀ,ਘਰ-ਘਾਟ ਸੀ,ਮਾਲ ਡੰਗਰ ਸੀ,ਪਰ ਉਸ ਕੋਲ ਉਹ ਦੁਨੀਆ ਨਹੀ ਸੀ।ਆਪਣੇ ਵਿਹੜੇ ਦਾ ਖੂਹ ਉਸ ਨੂੰ ਕਦੇ ਨਾ ਭੁੱਲਿਆ।ਉਝ ਤਾਂ ਉਸ ਨੂੰ ਆਪਣੇ ਦੇਸ਼ ਦੀ ਹਰ ਚੀਜ਼ ਪਿਆਰੀ ਸੀ,ਪਰ ਖੂਹ ਨਾਲ ਉਸ ਦਾ ਬੜਾ ਮੋਹ ਸੀ।

ਪਾਲਾ ਸਿੰਘ ਦਾ ਪਿੰਡ ਉਸ ਇਲਾਕੇ ਵਿੱਚ ਸੀ ਜਿੱਥੇ ਚਹੁੰ ਪਾਸੇ ਰੇਗਿਸਤਾਨ ਫੈਲਰਿਆ ਹੋਇਆ ਸੀ।ਇੱਥੋ ਦੀ ਖੁਸ਼ਕ,ਬੰਜਰ ਧਰਤੀ ਵਿੱਚ ਹੋਰ ਕੋਈ ਫ਼ਸਲ ਪੈਦਾ ਨਹੀ ਹੁੰਦੀ ਸੀ,ਸਿਰਫ਼ ਬਾਜਰਾ ਹੀ ਹੁੰਦਾ ਸੀ ਜਿਹਦੇ ਬਾਰੇ ਲੋਕ ਕਿਹਾ ਕਰਦੇ ਸਨ,ਕਿ ਇਹ ਰੁੱਖੇ ਲੋਕਾਂ ਦੀ ਰੁੱਖੀ ਪੈਦਾਵਾਰ ਹੈ।ਸਾਡੇ ਇਲਾਕੇ ਵਿੱਚ ਨਾ ਕਿਧਰੇ ਪਾਣੀ ਸੀ ਅਤੇ ਨਾ ਕਿੱਧਰੇ ਪਾਣੀ ਦਾ ਨਾ-ਨਿਸ਼ਾਨ।ਲੋਕ ਮੀਲਾਂ ਦਾ ਪੈਡਾ ਤੈਅ ਕਰਕੇ ਊਠਾਂ ਅਤੇ ਗਧਿਆਂ ‘ਤੇ ਮਸ਼ਕਾਂ ਲੱਦ ਕੇ,ਹਜਾਰਾਂ ਮੁਸ਼ਕਲਾਂ ਝੱਲ ਕੇ ਪੀਣ ਦਾ ਪਾਣੀ ਲੈਣ ਜਾਂਦੇ ਹੁੰਦੇ ਸੀ।

ਪਾਲਾ ਸਿੰਘ ਦਾ ਬਾਪ ਚੌਧਰੀ ਹੀਰਾ ਸਿੰਘ ਸੱਚਮੁੱਚ ਇਕ ਹੀਰਾ ਸੀ,ਇਕ ਅਨਮੋਲ ਹੀਰਾ।ਸਵੇਰੇ ਉਠਣ ‘ਤੇ ਜੇਕਰ ਕਿਸੇ ਨੂੰ ਉਸ ਦੇ ਦਰਸ਼ਨ ਹੋ ਜਾਂਦੇ ਤਾਂ ਉਹ ਸਮਝਦਾ ਕਿ ਅੱਜ ਦਾ ਦਿਨ ਕਰਮਾਂ ਵਾਲਾ ਹੈ।ਚੌਧਰੀ ਹੀਰਾ ਸਿੰਘ ਇਕ ਬਹੁਤ ਹੀ ਦਮਦਾਰ ਆਦਮੀ ਸੀ।ਪੂਜਾ-ਪਾਠ ਵਿੱਚ ਲੀਨ ਰਹਿਣ ਵਾਲਾ,ਸਾਧੂ ਸੁਭਾਅ,ਜਿਸ ਦੇ ਵਿਹੜੇ ਵਿੱਚ ਸਦਾ ਸਾਧੂ ਸੰਤਾਂ ਦੀ ਭੀੜ ਲੱਗੀ ਰਹਿੰਦੀ।ਇਕ ਵਾਰ ਉਸ ਦੇ ਦਰ ‘ਤੇ ਇਕ ਮਹਾਤਮਾ ਆਇਆ।ਚੌਧਰੀ ਨੇ ਉਸ ਦੀ ਬੜੀ ਸੇਵਾ ਕੀਤੀ।ਚੌਧਰੀ ਦੀ ਸੇਵਾਂ ਤੋਂ ਖੁਸ਼ ਹੋ ਕੇ ਮਹਾਤਮਾ ਨੇ ਕਿਹਾ,“ਜੋਗੀ ਚੌਦਾ ਸਾਲ ਦਾ ਚਿੱਲਾ ਕੱਟ ਕੇ ਆਏ ਹਨ।ਮੰਗ,ਕੀ ਮੰਗਦਾ ਹੈ’?”

“ਸੱਭ ਤੁਹਾਡੀ ਕਿਰਪਾ ਹੈ,”ਚੌਧਰੀ ਬੋਲਿਆ।

“ਦੇਖ ਲੈ,ਚੌਧਰੀ ਤੇਰੀ ਖੁਸ਼ੀ ਹੈ।”

“ਮਹਾਰਾਜ,”ਚੌਧਰੀ ਨੇ ਕੁਝ ਸੋਚਦੇ ਹੋਏ ਕਿਹਾ,“ਇਸ ਧਰਤੀ ਨੂੰ ਕਿਸੇ ਦਾ ਸਰਾਪ ਲੱਗਿਆ ਹੋਇਆ ਹੈ।ਕਈ ਸਾਧੂ ਮਹਾਤਮਾ ਇੱਥੇ ਆਏ,ਇਹ ਧਰਤੀ ਉਹਨਾਂ ਦੇ ਚਰਣਾਂ ਨਾਲ ਪਵਿੱਤਰ ਤਾਂ ਹੋਈ,ਪਰ ਲੋਕ ਪਹਿਲਾਂ ਦੀ ਤਰਾਂ ਹੀ ਦੁੱਖੀ ਹਨ।”

“ਇੱਥੋਂ ਦੀ ਧਰਤੀ ਬਾਂਝ ਹੈ ਅਤੇ ਪਾਣੀ ਖਾਰਾ,ਪੀਣ ਦਾ ਪਾਣੀ ਲਿਆਉਣ ਦੇ ਲਈ ਲੋਕਾਂ ਨੂੰ ਬਹੁਤ ਦੂਰ ਤੱਕ ਜਾਣਾ ਪੈਂਦਾ ਹੈ।ਮਹਾਰਾਜ,ਜੇਕਰ ਤੁਸੀ ਕਿਰਪਾ ਕਰਕੇ ਇਸ ਕਸ਼ਟ ਨੂੰ ਦੂਰ ਕਰ ਦਿਓ,ਤਾਂ ਬਹੁਤ ਲੋਕਾਂ ਦਾ ਭਲਾ ਹੋਵੇਗਾ।”

“ਬਹੁਤ ਚੰਗਾ,ਫਿਰ ਤੂੰ ਹੀ ਇਸ ਦਾ ਪਾਤਰ ਹੈ,ਕਿਉਕਿ ਤੂੰ ਸਾਰਿਆਂ ਦੀ ਭਲਾਈ ਚਾਹੁੰਦਾ ਹੈ।ਇਵੇਂ ਕਰਨਾ ਕਿ ਜਿਸ ਜਗਾ ਜੋਗੀਆਂ ਦਾ ਚੁੱਲਾ ਹੈ,ਇਹ ਧਰਤੀ ਪਟਵਾਉਣਾ ਅਤੇ ਇਸ ਜਗਾ ‘ਤੇ ਖੂਹ ਬਣਵਾਉਣਾ।ਕਿਸੇ ਨੂੰ ਪਾਣੀ ਭਰਣ ਤੋਂ ਮਨ੍ਹਾ ਨਹੀ ਕਰਨਾ। ਜਾਹ,ਭਗਵਾਨ ਤੇਰਾ ਭਲਾ ਕਰੇ।”

ਮਹਾਤਮਾ ਜੀ ਤਾਂ ਚਲੇ ਗਏ ਪਰ ਚੌਧਰੀ ਹੀਰਾ ਸਿੰਘ ਨੇ ਉਸੇ ਹੀ ਦਿਨ ਉਸ ਜਗਾ ਤੋਂ ਮਿੱਟੀ ਪਟਵਾਉਣੀ ਸ਼ੁਰੂ ਕਰ ਦਿੱਤੀ।ਕਈ ਮਜਦੂਰ ਉਸ ਖੂਹ ਦੀ ਮਿੱਟੀ ਪੁੱਟਣ ਲੱਗ ਗਏ।ਦਿਨ ਰਾਤ ਕੰਮ ਹੋਣ ਲੱਗਾ।ਕਈਆਂ ਦਿਨਾਂ ਦੀ ਪੁਟਾਈ ਤੋਂ ਬਾਅਦ ਵੀ ਪਾਣੀ ਦੀ ਇਕ ਬੂੰਦ ਤੱਕ ਨਾ ਮਿਲ ਸਕੀ,ਉਹ ਉਹੋ ਜਿਹੀ ਹੀ ਖੁਰਦਰੀ ਰੇਤ ਨਿਕਲਦੀ ਰਹੀ।

“ਐਵੇ ਹੀ ਕੋਈ ਬਹਿਕਾਉਣ ਵਾਲਾ ਕੋਈ ਜੋਗੀ ਸੀ,ਜੇਕਰ ਬਾਂਝ ਧਰਤੀ ‘ਚੋਂ ਇਸ ਤਰਾਂ ਪਾਣੀ ਦੇ ਸੰਕੇਤ ਫੁੱਟਣ ਲੱਗਦੇ,ਤਾਂ ਇਸ ਰੇਗਿਸਤਾਨ ਵਿੱਚ ਐਨੀ ਰੇਤ ਦਿਖਾਈ ਨਾ ਦਿੰਦੀ।”

 

ਲੋਕ ਇਹ ਗੱਲ ਕਹਿੰਦੇ ਸਨ ਕਿ ਚੌਧਰੀ ਹੀਰਾ ਸਿੰਘ ਦਾ ਮਨ ਸਮੁੰਦਰ ਵਾਂਗ ਵੱਡਾ ਸੀ।ਉਹ ਆਪਣੀ ਮਸਤੀ ਵਿੱਚ ਮਸਤ ਅਤੇ ਆਪਣੀ ਪ੍ਰਤਿਭਾ ‘ਤੇ ਦ੍ਰਿੜ੍ਹ,ਮਿੱਟੀ ਪਟਾਉਣ ਵਿੱਚ ਜੁਟਿਆ ਰਿਹਾ।ਉਸ ਨੇ ਆਸ ਦਾ ਲੜ ਨਾ ਛੱਡਿਆ,ਅੰਤ (ਪੂਰਣਿਮਾ)ਪੁੰਨਿਆ ਦੇ ਦਿਨ ਉਸ ਦੇ ਪੁਟਾਏ ਹੋਏ ਖੂਹ ਵਿੱਚ ਪਾਣੀ ਫੁੱਟ ਪਿਆ,ਪਾਣੀ ਵੀ ਐਨਾ ਮਿੱਠਾ ਕਿ ਪੁੱਛੋ ਨਾ।

ਚੌਧਰੀ ਹੀਰਾ ਸਿੰਘ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਆਪਣੇ ਇਸ ਖਜਾਨੇ ਦਾ ਮੂੰਹ ਖੋਲ ਦਿੱਤਾ।ਉਸ ਦੇ ਖੂਹ ਵਰਗਾ ਖੂਹ ਉਸ ਦੇ ਸਾਰੇ ਇਲਾਕੇ ਵਿੱਚ ਨਹੀ ਸੀ।ਰਾਤ-ਦਿਨ ਉਥੇ ਮੇਲਾ ਲੱਗਾ ਰਹਿੰਦਾ।ਲੋਕ ਆਉਦੇ ਆਪਣੀ ਪਿਆਸ ਸ਼ਾਂਤ ਕਰਦੇ ਅਤੇ ਦੁਆਵਾਂ ਦਿੰਦੇ ਚਲੇ ਜਾਂਦੇ।

ਜਦ ਤੋਂ ਪਾਲਾ ਸਿੰਘ ਨੇ ਹੋਸ਼ ਸੰਭਾਲਿਆ,ਇਹ ਖੂਹ ਉਸ ਦੇ ਵਿਚਾਰਾਂ ‘ਤੇ ਛਾਇਆ ਰਿਹਾ ਅਤੇ ਵਿਚਾਰਾਂ ‘ਤੇ ਕੀ,ਉਸ ਦੇ ਮਨ ਦੀਆਂ ਡੂੰਘਾਈਆਂ ਵਿੱਚ ਪਾਣੀ ਦੀ ਇਸ ਮਿਠਾਸ ਨੇ ਆਪਣਾ ਘਰ-ਜਿਹਾ ਬਣਾ ਲਿਆ ਸੀ।ਜੇਕਰ ਉਹ ਆਪਣੀ ਯਾਦ-ਸ਼ਕਤੀ ‘ਤੇ ਜੋਰ ਵੀ ਦਿੰਦਾ,ਤਾਂ ਵੀ ਉਹ ਉਸ ਖੂਹ ਦੀ ਦੁਨੀਆਂ ਤੋਂ ਅੱਗੇ ਨਹੀ ਜਾ ਸਕਦਾ ਸੀ।ਚਾਰਦੀਵਾਰੀ ਵਾਲੀ ਉਸ ਹਵੇਲੀ ਵਿੱਚ ਇਸ ਖੂਹ ਨੂੰ ਖਾਸ ਮਹੱਤਵ ਹਾਸਿਲ ਸੀ,ਤਾਂ ਇਹੀ ਖੂਹ ਸੀ।ਇਸ ਦੇ ਚਾਰੇ ਪਾਸੇ ਪੌੜੀਆਂ ਬਣੀਆਂ ਹੋਈਆਂ ਸਨ।ਮੌਣ ਦੇ ਕੋਲ ਵੱਡੇ-ਵੱਡੇ ਸ਼ਤੀਰ ਗੱਡੇ ਹੋਏ ਸਨ,ਜਿੰਨਾਂ ‘ਤੇ ਰੱਸੀ ਦੀ ਰਗੜ ਨਾਲ ਕੁਝ ਧਾਰੀਆਂ ਜਿਹੀਆਂ ਬਣ ਗਈਆਂ ਸਨ ਅਤੇ ਉਸ ਤੋਂ ਰੱਸੀ ਤਿਕਲ-ਤਿਲਕ ਜਾਂਦੀ ਸੀ।

ਪਾਲਾ ਸਿੰਘ ਨੇ ਸੋਚਿਆ,ਜਦ ਉਸ ਨੇ ਜਿੰਦਗੀ ਵਿੱਚ ਪਹਿਲੀ ਵਾਰ ਅੱਖ ਖੋਲੀ ਹੋਵੇਗੀ,ਤਾਂ ਸੱਚਮੁੱਚ ਉਸ ਦੀਆਂ ਛੋਟੀਆਂ-ਛੋਟੀਆਂ ਅੱਖਾਂ ਨੇ ਪਹਿਲੀ ਨਜਰ ਵਿੱਚ ਇਸ ਖੂਹ ਨੂੰ ਹੀ ਦੇਖਿਆ ਹੋਵੇਗਾ,ਜਿੱਥੇ ਰੇਗਿਸਤਾਨ ਦੀਆਂ ਅਲ੍ਹੜ ਲੜਕੀਆਂ ਅਤੇ ਔਰਤਾਂ ਕੱਚੇ ਘੜ੍ਹੇ,ਗਾਗਰਾਂ ਅਤੇ ਮੱਟਕੇ ਲੈ ਪਾਣੀ ਭਰਨ ਆਉਦੀਆਂ ਸਨ।ਉਸ ਨੂੰ ਯਾਦ ਆਇਆ ਕਿ ਪਹਿਲਾਂ-ਪਹਿਲ ਇੱਥੇ ਉਸ ਦੀ ਮੁਲਾਕਾਤ ਆਪਣੀ ਪਤਨੀ ਹਰਨਾਮ ਕੌਰ ਨਾਲ ਹੋਈ ਸੀ।ਘੁਸਮੁਸਾ ਜਿਹਾ ਹੋ ਰਿਹਾ ਸੀ।ਉਸਨੇ ਦੇਖਿਆ ਕਿ ਉਸ ਦੀ ਪਤਨੀ ਹਰਨਾਮ ਕੌਰ ਛੇਤੀ-ਛੇਤੀ ਪੈਰ ਪੁੱਟਦੀ ਹੋਈ ਆਈ ਅਤੇ ਖੂਹ ਦੀ ਮੌਣ ‘ਤੇ ਚੜ ਗਈ। ਉਸ ਨੇ ਗਾਗਰ ਉਤੇ ਰੱਖੀ ਖੂਹ ਵਿੱਚ ਲੋਟਾ ਲਮਕਾ ਕੇ ਉਸ ਦੇ ਪਿੱਛੇ ਸਾਰੀ ਰੱਸੀ ਛੱਡ ਦਿੱਤੀ।ਰੱਸੀ ਰੇਸ਼ਮ ਦੀ ਡੋਰ ਵਾਂਗ ਤਿਲਕਦੀ ਗਈ ਅਤੇ ਦੂਰ ਪਾਣੀ ਵਿੱਚ ਲੋਟੇ ਦੇ ਡਿੱਗਣ ਦੀ ਆਵਾਜ਼ ਆਈ।ਉਸ ਨੇ ਦੁਬਾਰਾ ਪਾਣੀ ਵਿੱਚ ਲੋਟਾ ਡੋਬਿਆ ਅਤੇ ਫਿਰ ਜਾਂਚ-ਤੋਲ ਕੇ ਰੱਸੀ ਇਕੱਠੀ ਕਰਨ ਲੱਗੀ।ਪਾਲਾ ਸਿੰਘ ਇਹਨਾਂ ਤਮਾਮ ਘੜੀਆਂ ਵਿੱਚ ਉਸ ਨੂੰ ਬੜੇ ਗਹੁ ਨਾਲ ਦੇਖਦਾ ਰਿਹਾ।ਗਾਗਰ ਭਰ ਕੇ ਉਸ ਨੇ ਖੂਹ ਦੀ ਮੌਣ ਉਤੇ ਰੱਖ ਦਿਤੀ ਅਤੇ ਇਧਰ ਉਧਰ ਝਾਕਣ ਲਗੀ।ਕੁਵੇਲਾ ਹੋ ਚੱਲਿਆ ਸੀ ਅਤੇ ਕਿੱਕਰਾਂ ਦੇ ਪ੍ਰਛਾਵੇ ਸੰਘਣੇ ਹੋ ਗਏ ਸਨ।

ਪਾਲਾ ਸਿੰਘ ਕੁਝ ਝਿਜਕਦਾ ਹੋਇਆ ਅੱਗੇ ਵਧਿਆ ਅਤੇ ਬੋਲਿਆ,“ ਮੈ ਹੱਥ ਪੁਆ ਦਿਆਂ।”

“ਚੱਲ ਪਰ੍ਹਾਂ ਹੋ ਓ ਛੋਕਰਾ ਜਿਹਾ।ਵੱਡਾ ਆਇਆ ਭਲਵਾਨ ਕਿਸੇ ਥਾਂ ਦਾ।ਮੈਂ ਏਸੇ ਖੂਹ ਦਾ ਪਾਣੀ ਪੀਤਾ ਹੈ…।”ਅਤੇ ਉਸ ਨੇ ਪਾਲਾ ਸਿੰਘ ਨੂੰ ਦੇਖਦੇ ਦੇਖਦੇ ਇਕ ਝਟਕਾ ਦਿੱਤਾ,ਮੱਟਕੇ ਨੂੰ ਆਪਣੇ ਸਿਰ ‘ਤੇ ਰੱਖ ਲਿਆ ਅਤੇ ਰੇਤ ਤੇ ਛਮ-ਛਮ ਪੈਰ ਰੱਖਦੀ ਹੋਈ ਅੱਖ ਝਮਾਕੇ ਕਿੱਕਰਾਂ ਦੇ ਦਰੱਖਤਾਂ ਦੀ ਛਾਂ ਵਿੱਚ ਉਹ ਗੁੰਮ ਹੋ ਗਈ ਸੀ।

ਜੇਕਰ ਹਨੇ੍ਹਰਾ ਜਿਆਦਾ ਸੰਘਣਾ ਨਾ ਹੁੰਦਾ,ਤਾਂ ਪਾਲਾ ਸਿੰਘ ਉਸ ਦੇ ਪੈਰਾਂ ਦੀ ਰੇਤ ਤੇ ਬਣਾਈ ਹੋਈ ਉਸ ਜੰਜੀਰ ਨੂੰ ਕਾਫੀ ਦੇਰ ਤੱਕ ਦੇਖਦਾ ਰਹਿੰਦਾ।ਪੈਰਾਂ ਦੇ ਨਿਸ਼ਾਨ ਦੇਖਣਾ ਵੀ ਉਸ ਦਾ ਇਕ ਸ਼ੌਕ ਸੀ।ਇਹ ਨਿਸ਼ਾਨ ਉਸ ਦੇ ਖੂਹ ਤੋਂ ਸ਼ੁਰੂ ਹੋ ਕੇ ਰੇਗਿਸਤਾਨ ਵਿੱਚ ਚਹੁੰ ਪਾਸੇ ਖਿਲਰ ਗਏ।ਇਹਨਾਂ ਨਿਸ਼ਾਨਾਂ ਦੀ ਉਸ ਨੂੰ ਏਨੀ ਪਛਾਣ ਹੋ ਗਈ ਕਿ ਉਹ ਉਥੇ ਲੱਗੇ ਅਣਗਿਣਤ ਨਿਸ਼ਾਨਾਂ ਵਿੱਚੋਂ ਇਹ ਦੱਸ ਸਕਦਾ ਸੀ ਕਿ ਕਿਹੜੇ ਨਿਸ਼ਾਨ ਹਰਨਾਮ ਕੌਰ ਦੇ ਹਨ ਜੋ ਬਾਪ ਦੀ ਚਾਰਦੀਵਾਰੀ ਵਿੱਚ ਜਾ ਕੇ ਖਤਮ ਹੋ ਜਾਂਦੇ ਹਨ।

ਫਿਰ ਹਰਨਾਮ ਕੌਰ ਨਾਲ ਉਸ ਦੀ ਸ਼ਾਦੀ ਹੋ ਗਈ।ਇਹ ਵੀ ਉਹਨਾਂ ਲਈ ਬਹੁਤ ਵਧੀਆ ਦਿਨ ਸਨ ਦੋਵੇਂ ਜਣੇ ਬਾਜਰੇ ਦੇ ਖੇਤਾਂ ਵਿੱਚ ਕਿਲਕਾਰੀਆਂ ਮਾਰਦੇ ਰਹਿੰਦੇ।ਇਹ ਉਸ ਨੂੰ ਢੋਲ ਸਿਪਾਹੀਆ,ਬਾਂਕਿਆਂ ਮਾਹੀਆ ਕਿਹਾ ਕਰਦੀ ਅਤੇ ਉਹ ਉਸ ਨੂੰ “ਖੂਹ ਤੋਂ ਪਾਣੀ ਭਰੇਦੀਏ ਮੁਟਿਆਰੇ ਨੀ’ਵਾਲਾ ਗੀਤ ਸੁਣਾਇਆ ਕਰਦਾ ਸੀ।ਜੇਕਰ ਉਸ ਨੂੰ ਪਿੰਡ ਤੋਂ ਬਾਹਰ ਜਾਣਾ ਪੈਂਦਾ ਤਾਂ ਉਹ ਦੋਵੇਂ ਉਦਾਸ ਹੋ ਜਾਂਦੇ।

“ਹਰਨਾਮ ਕੋਰੇ,ਅਸਲ ਵਿੱਚ ਤੂੰ ਬਾਜਰੇ ਦੀ ਦੁੰਮ ਹੈ’,ਜਿਸ ਦੇ ਵਧਣ ਫੁਲਣ ਲਈ ਰੇਗਿਸਤਾਨੀ ਧਰਤੀ ਹੀ ਢੁੱਕਵੀ ਹੈ।”

“ਰੇਤਲੀ ਧਰਤੀ ਤਾਂ ਖੈਰ ਠੀਕ ਹੈ,ਪਰ ਤੁਹਾਡੇ ਖੁਹ ਦਾ ਠੰਢਾ ਮਿੱਠਾ ਪਾਣੀ ਵੀ ਤਾਂ ਸੌ ਦੁਆਵਾਂ ਦੀ ਇਕ ਦਵਾ ਹੈ।

“ਇਹ ਗੱਲ ਤਾਂ ਤੂੰ ਬਿਲਕੁਲ ਠੀਕ ਕਹਿ ਰਹੀ ਏ ਹਰਨਾਮ ਕੁਰੇ।ਆਪਣੇ ਖੂਹ ਦੇ ਪਾਣੀ ਦੇ ਲਈ ਤਾਂ ਮੈਂ ਖੁਦ ਵੀ ਤਰਸ ਗਿਆ ਹਾਂ।”

ਆਪਣੇ ਵਤਨ ਦੀਆਂ ਠੰਢੀਆਂ ਛਾਵਾਂ ਵੇ

(ਅਰਥਾਤ ਆਪਣੇ ਦੇਸ਼ ਦੀ ਠੰਢੀ ਛਾਂ,ਆਪਣੇ ਦੇਸ਼ ਦੀਆਂ ਠੰਢੀਆਂ ਹਵਾਵਾਂ)ਗੀਤ ਦੇ ਅਗਲੇ ਬੋਲ ਹਰਨਾਮ ਕੌਰ ਪੂਰੇ ਕਰ ਦਿੰਦੀ ਹੈ।

ਲੱਗੀਆਂ ਨਿਭਾਈ ਵੇ,ਮੈਨੂੰ ਛੱਡ ਨਾ ਜਾਈ ਵੇ,

ਪੈਸੇ ਦਿਆਂ ਲੋਭੀਆ ਵੇ ਪ੍ਰਦੇਸ ਨਾ ਜਾਵੀ ਵੇ,

ਅਰਥਾਤ-ਪ੍ਰੀਤ ਦੀ ਰੀਤ ਨਿਭਾਉਣਾ,ਅਤੇ ਮੈਨੂੰ ਛੱਡ ਨਾ ਜਾਣਾ।ਓ ਪੈਸੇ ਦਿਆ ਲੋਭੀਆ ਪ੍ਰਦੇਸ ਨਾ ਜਾਣਾ।

ਅੱਜ ਪਾਲਾ ਸਿੰਘ ਕਾਲੇ ਕੋਹ ਤੈਅ ਕਰਕੇ ਆਪਣੇ ਦੇਸ਼ ਪੁੱਜਿਆ।ਪੱਛਮ ਐਕਸਪ੍ਰੈਸ ਛੱਕ-ਛੱਕ ਉੱਡਦੀ ਜਾ ਰਹੀ ਸੀ ਅਤੇ ਖਿੜਕੀ ਦੇ ਬਾਹਰ ਕਿਤੇ-ਕਿਤੇ ਕਿੱਕਰਾਂ ਦੇ ਦਰੱਖਤ ਖੁੱਲੇ ਮਨ ਦੇ ਨਾਲ ਸਵਾਗਤ ਕਰ ਰਹੇ ਸਨ।ਉਸ ਦੇ ਵਿਚਾਰਾਂ ‘ਤੇ ਇਹ ਹਲਕਾ ਜਿਹਾ ਪਰਦਾ ਛਾਇਆ ਹੋਇਆ ਸੀ ਅਤੇ ਉਸ ‘ਤੇ ਕਈ ਪਗਡੰਡੀਆਂ ਉਕਰੀਆਂ ਹੋਈਆਂ ਸਨ ਅਤੇ ਇਹ ਸਾਰੀਆਂ ਉਸ ਦੇਸ਼ ਨੂੰ ਜਾਂਦੀਆਂ ਸਨ।ਖੂਹ ਵਾਲੇ ਪਿੰਡ ਨੂੰ ਜਿੱਥੇ ਬਾਜਰੇ ਦੀ ਦੁੰਮ ਵੱਧ ਕੇ ਪੱਕ ਜਾਂਦੀ ਹੈ ਅਤੇ ਕੰਡਿਆਂ ਨਾਲ ਭਰੀਆਂ ਕਿੱਕਰਾਂ ਦੇ ਪੀਲੇ ਫੁੱਲ ਖਿੜਦੇ ਹਨ।

ਛੱਕ-ਛੱਕ ਕਰਦੀ ਹੋਈ ਰੇਲ ਗੱਡੀ ਰੇਗਿਸਤਾਨ ‘ਚੋਂ ਲੰਘਦੀ ਹੋਈ ਬਾਜਰੇ ਦੇ ਖੇਤਾਂ ਨੂੰ ਪਾਰ ਕਰਦੀ ਹੁਣ ਆਊਟਰ ਸਿਗਨਲ ਦੇ ਕੋਲੋ ਲੰਘੀ ਤਾਂ ਉਸ ਦੀ ਚਾਲ ਮੱਠੀ ਪੈ ਗਈ।ਪਾਲਾ ਸਿੰਘ ਮਨ ਹੀ ਮਨ ਵਿੱਚ ਬਹੁਤ ਖੁਸ਼ ਹੋਇਆ ਕਿ ਕੁਝ ਪਲਾਂ ਬਾਅਦ ਉਹ ਆਪਣੀ ਮੰਜ਼ਲ ਤੇ ਪਹੁੰਚ ਜਾਵੇਗਾ।ਉਸ ਨੇ ਦੂਰ ਸ਼ਟੇਸ਼ਨ ‘ਤੇ ਖੜੇ ਆਦਮੀਆਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ।ਇਹ ਸਾਰੇ ਲੋਕ ਉਸ ਦੇ ਸਵਾਗਤ ਲਈ ਆਏ ਸਨ,ਜੋ ਪਾਕਿਸਤਾਨ ਦੇ ਰੇਗਿਸਤਾਨ ਇਲਾਕੇ ਦੀ ਯਾਤਰਾ ਉਥੇ ਪਹੁੰਚ ਰਹੇ ਸਨ।ਜਦ ਪਾਲਾ ਸਿੰਘ ਨੂੰ ਇਸ ਦੀ ਖਬਰ ਮਿਲੀ ਤਾਂ ਉਹ ਬਹੁਤ ਹੀ ਖੁਸ਼ ਹੋਇਆ ਸੀ ਕਿਉਕਿ ਯਾਤਰਾ ਦੇ ਸਥਾਨਾਂ ਵਿੱਚ ਉਸ ਦਾ ਪਿੰਡ ਵੀ ਸ਼ਾਮਲ ਸੀ।ਉਸ ਦੇ ਪਿੰਡ ਦੇ ਕੋਲ ਇਕ ਧਾਰਮਿਕ ਸਥਾਨ ਵੀ ਸੀ।

ਗੱਡੀ ਸ਼ਟੇਸ਼ਨ ‘ਤੇ ਪਹੁੰਚੀ ਤਾਂ ਢੋਲ-ਵਾਜੇ ਵੱਜਣੇ ਸ਼ੁਰ ਹੋ ਗਏ।ਪਾਲਾ ਸਿੰਘ ਨੂੰ ਲੱਗਿਆ ਕਿ ਜਿਵੇ ਉਹ ਯਾਤਰਾ ‘ਤੇ ਨਹੀ,ਕਿਸੇ ਦੀ ਜੰਝ ਵਿੱਚ ਆਇਆ ਹੋਵੇ।ਉਸ ਦਾ ਅਤੇ ਉਸ ਦੇ ਸਾਥੀਆਂ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਉਸ ਦੇ ਪਿੰਡ ਦੇ ਮੁਸਲਮਾਨ ਮਿੱਤਰ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਾਰੀ-ਬਾਰੀ ਮਿਲ ਰਹੇ ਸਨ।ਪਾਲਾ ਸਿੰਘ ਨਾਲ ਹਰ ਇਕ ਆਦਮੀ ਗਲੇ ਮਿਲਿਆ।ਇਸ ਭੀੜ ਵਿੱਚ ਉਸ ਦੇ ਕਿੰਨੇ ਹੀ ਮਿੱਤਰ ਸਨ,ਅੱਲ੍ਹਾ ਰੱਖਾ,ਮਿਰਜ਼ਾ,ਅਸ਼ਰਫ਼ ਅਤੇ ਰਾਜਾ ਜਹਾਂਦਾਦ।

“ਸੁਣਾ ਯਾਰ ਅੱਲ੍ਹਾ ਰੱਖੇ!ਤੇਰਾ ਕੀ ਹਾਲ ਐ?”

“ਬਸ ਉਸ ਦਾ ਫ਼ਜਲ ਹੈ।ਤੂੰ ਆਪਣੀ ਸੁਣਾ।”

ਇਸ ਤਰ੍ਹਾਂ ਇਕ ਦੂਜੇ ਨਾਲ ਗਲੇ ਮਿਲਦੇ ਅਤੇ ਕਿੰਨੀਆਂ ਹੀ ਪੁਰਾਣੀਆਂ ਛੋਟੀਆਂ-ਮੋਟੀਆਂ ਗੱਲਾਂ ਪੁੱਛਦੇ ਅਤੇ ਸੁਣਾਉਦੇ ਸਾਰ ਹੀ ਉਹ ਪਿੰਡ ਵੱਲ ਨੂੰ ਤੁਰ ਪਏ।

ਰੇਲਵੇ ਸਟੇਸ਼ਨ ਪਿੰਡ ਤੋਂ ਦੋ ਮੀਲ ਦੀ ਦੂਰੀ ‘ਤੇ ਸੀ।ਪਾਲਾ ਸਿੰਘ ਨੇ ਜਿੰਦਗੀ ਵਿੱਚ ਦੋ ਮੀਲ ਦੀ ਯਾਤਰਾ ਨੂੰ ਕਈ ਦਫ਼ਾ ਪੂਰਾ ਕੀਤਾ ਸੀ।ਉਸ ਸਮ੍ਹੇਂ ਜਦ ਉਹ ਬਹੁਤ ਛੋਟਾ ਸੀ,ਤਾਂ ਆਪਣੇ ਸਾਥੀਆਂ ਨਾਲ ਦਿਨ ਵਿੱਚ ਦੋ ਵਾਰ ਸਟੇਸ਼ਨ ‘ਤੇ ਜਰੂਰ ਆਇਆ-ਜਾਇਆ ਕਰਦਾ ਸੀ।ਉਸ ਛੋਟੇ ਜਿਹੇ ਸਟੇਸ਼ਨ ‘ਤੇ ਬ੍ਰਾਂਚ ਲਾਇਨ ਦੀਆਂ ਦੋ ਗੱਡੀਆਂ ਤਾਂ ਦਿਨ ਵਿੱਚ ਜਰੂਰ ਆਉਦੀਆਂ ਸਨ-ਅਪ ਅਤੇ ਡਾਊਨ।ਉਹ ਗੱਡੀ ਆਉਣ ਤੋਂ ਪਹਿਲਾਂ ਹੀ ਸਟੇਸ਼ਨ ‘ਤੇ ਪਹੁੰਚ ਜਾਂਦੇ ਸਨ ਅਤੇ ਜਦ ਤੱਕ ਗੱਡੀ ਸਟੇਸ਼ਨ ਤੋਂ ਤੁਰ ਨਾ ਪੈਦੀ,ਉਹ ਇਕ ਟੱਕ ਗੱਡੀ ਨੂੰ ਦੇਖਦੇ ਰਹਿੰਦੇ ਸਨ।

ਉਸ ਨੂੰ ਯਾਦ ਸੀ ਕਿ ਇਕ ਵਾਰ ਗੱਡੀ ਦੇ ਡੱਬੇ ਵਿੱਚ ਕੁਝ ਗੋਰੇ ਸਿਪਾਹੀ ਬੈਠੇ ਹੋਏ ਸਨ।ਉਹਨਾਂ ਸਾਰਿਆਂ ਨੇ ਤਿੱਖੀਆ ਨਜ਼ਰਾਂ ਨਾਲ ਉਨਾਂ ਲੋਕਾਂ ਨੂੰ ਦੇਖਿਆ ਤਾਂ ਇਕ ਗੋਰੇ ਸਿਪਾਹੀ ਨੇ ਉਨਾਂ ਨੂੰ ਝਿੜਕਿਆ ਸੀ।ਇਸ ‘ਤੇ ਸਾਰੇ ਹੱਸ ਪਏ ਸਨ।ਇਕ ਗੋਰੇ ਨੇ ਸੰਤਰਾ ਅਤੇ ਮਾਲਟੇ ਦੇ ਢੇਰਾਂ ਦੇ ਛਿੱਲਕੇ ਉਨਾਂ ‘ਤੇ ਸੁੱਟ ਦਿੱਤੇ ਸਨ।ਜਦ ਗੱਡੀ ਤੁਰਨ ਲੱਗੀ,ਇਕ ਗੋਰੇ ਨੇ ਮਾਲਟਿਆਂ ਦੀ ਟੋਕਰੀ ਉਨਾਂ ਵੱਲ ਸੁੱਟ ਦਿੱਤੀ।ਸਾਰਿਆਂ ਨੇ ਇਕ ਇਕ ਮਾਲਟਾ ਵੰਡ ਲਿਆ ਸੀ।ਖਾਲੀ ਟੋਕਰੀ ਨੂੰ ਮੂਧੀ ਕਰਕੇ ਅੱਲ੍ਹਾ ਰੱਖਾ ਨੇ ਆਪਣੇ ਸਿਰ ‘ਤੇ ਰੱਖ ਲਿਆ ਸੀ ਅਤੇ ਫਿਰ ਉਹ ਗੋਰਿਆਂ ਦੀ ਨਕਲ ਲਾਉਦਾ ਹੋਇਆ ਆਕੜ ਕੇ ਤੁਰਨ ਲੱਗਾ ਸੀ।ਉਸ ਨੂੰ ਯਾਦ ਸੀ,ਉਹ ਖਿੜਖਿੜਾ ਕੇ ਕਹਿ ਰਿਹਾ ਸੀ,“ਟੋਪੀ ਵਾਲੇ ਸਾਹਿਬ ਦੇ ਕੀ ਕਹਿਣੇ।”

“ਸਾਬ੍ਹ,“ਪਾਲਾ ਸਿੰਘ ਨੇ ਕਿਹਾ।ਉਸ ਦੇ ਮੂੰਹੋ ‘ਸਾਬ੍ਹ’ਸ਼ਬਦ ਸੁਣ ਕੇ ਅੱਲ੍ਹਾ ਰੱਖਾ ਉਸ ਤੇ ਨਿਸ਼ਾਵਰ ਹੋ ਗਿਆ।ਕਿਸ ਨੂੰ ਪਤਾ ਸੀ ਕਿ ਇਸ ਤਰਾਂ ਨਾਲ ਵੀ ਭੇਟ ਹੋਵੇਗੀ?

“ਬਾਈ,ਖੂਹ ਨੂੰ ਖੂਹ ਨਹੀ ਮਿਲਦਾ,ਪਰ ਇਨਸਾਨ ਨੂੰ ਇਨਸਾਨ ਮਿਲ ਸਕਦਾ ਹੈ।

ਪਾਲਾ ਸਿੰਘ ਨੇ ਆਪਣੇ ਖੂਹ ਬਾਰੇ ਪੁੱਛਿਆ,ਆਪਣੇ ਖੇਤਾਂ ਬਾਰੇ ਪੁੱਛਿਆ ਅਤੇ ਆਪਣੀ ਹਵੇਲੀ ਬਾਰੇ ਪੁੱਛਿਆ।ਸਾਰਾ ਪੈਂਡਾ ਇਸੇ ਤਰ੍ਹਾਂ ਹੀ ਤੈਅ ਹੋ ਗਿਆ, ਪਾਲਾ ਸਿੰਘ ਦੇ ਮਕਾਨ ਵਿੱਚ ਹੁਣ ਕੋਈ ਮਹਾਜਰ(ਸ਼ਰਨਾਰਥੀ)ਪਰਿਵਾਰ ਵਸ ਗਿਆ ਸੀ।

“ਇਹ ਤਾਂ ਬੜਾ ਚੰਗਾ ਹੋਇਆ,ਸਾਡਾ ਘਰ ਤਾਂ ਆਬਾਦ ਹੈ।”

“ਅਤੇ ਤੁਹਾਡੀ ਜ਼ਮੀਨ ਵੀ ਕਿਸੇ ਮਹਾਜਰ ਦੇ ਨਾਂ ਆਲਾਟ ਹੋ ਗਈ ਹੈ।”

“ਜ਼ਮੀਨ ਉਸ ਦੀ ਹੁੰਦੀ ਹੈ,ਜਿਹੜਾ ਉਸ ਦੀ ਸੇਵਾ ਕਰਦਾ ਹੈ।ਭਰਾਵੋਂ,ਹੁਣ ਮੇਰੀ ਕਿੱਥੇ?”

“ਅਤੇ ਤੁਹਾਡੀ ਹਵੇਲੀ ਵਿੱਚ ਅਸੀ ਪੰਚਾਇਤ ਘਰ ਬਣਾ ਲਿਆ ਹੈ।”

“ਇਹ ਤਾਂ ਹੋਰ ਵੀ ਚੰਗਾ ਕੀਤਾ।ਅੱਜ ਪਾਲਾ ਸਿੰਘ ਤੁਸਾਂ ਦਾ ਸਾਰਿਆਂ ਦਾ ਸਾਂਝੀ ਬਣ ਗਿਆ ਹੈ।ਇਸ ਨਾਲੋ ਵੱਡੀ ਖੁਸ਼ੀ ਹੋਰ ਕੀ ਹੋਵੇਗੀ?”ਪਾਲਾ ਸਿੰਘ ਨੇ ਪੁੱਛਿਆ,“ਮੇਰੇ ਖੂਹ ਦਾ ਹਾਲ ਤਾਂ ਦੱਸੋ?”

ਉਸ ਨੂੰ ਇੰਝ ਲੱਗਾ ਜਿਵੇਂ ਅੱਲ੍ਹਾ ਰੱਖਾ ਖੂਹ ਦੇ ਬਾਰੇ ਕੁਝ ਕਹਿੰਦਾ-ਕਹਿੰਦਾ ਜ਼ਰਕ ਗਿਆ ਸੀ।

“ਕੀ ਗੱਲ ਹੈ ਗਿਰਾਈਆਂ(ਪਿੰਡ ਦਾ ਭਰਾ)ਚੁੱਪ ਕਿਉਂ ਹੈ’?ਖੁੱਲ ਕੇ ਆਖ।”

ਪਰ ਅੱਲ੍ਹਾ ਰੱਖਾ ਗੱਲ ਟਾਲ ਗਿਆ।ਪਾਲਾ ਸਿੰਘ ਯਾਤਰੀਆਂ ਦੇ ਨਾਲ ਧਰਮ ਸਥਾਨ ਵੱਲ ਤੁਰ ਪਿਆ।ਯਾਤਰੀਆਂ ਨੇ ਪੂਰੇ ਅਸਥਾਨ ਦੀ ਚੰਗੀ ਤਰ੍ਹਾਂ ਸਫਾਈ ਕੀਤੀ,ਧੋ-ਧੋ ਕੇ ਫ਼ਰਸ਼ ਦੀਆਂ ਇੱਟਾਂ ਚਮਕਾਈਆਂ ਅਤੇ ਜਿਵੇਂ ਜਿਵੇਂ ਇੱਟਾਂ ਨਿਖਰਦੀਆਂ ਜਾਂਦੀਆਂ,ਲੱਗਦਾ ਕਿ ਉਹਨਾਂ ਦੀਆਂ ਆਤਮਾਵਾਂ ਕਿਸੇ ਅਲੌਕਿਕ ਪ੍ਰਕਾਸ਼ ਨਾਲ ਪ੍ਰਕਾਸ਼ਮਾਨ ਹੁੰਦੀਆਂ ਜਾ ਰਹੀਆਂ ਸਨ।ਤਿੰਨ ਦਿਨਾਂ ਤੱਕ ਸ਼ਬਦ ਕੀਰਤਨ ਚੱਲਦਾ ਰਿਹਾ ਅਤੇ ਆਖੰਠ ਪਾਠ ਹੁੰਦਾ ਰਿਹਾ।

ਤੀਸਰੇ ਦਿਨ,ਯਾਤਰੀਆਂ ਦਾ ਜਥਾ ਜਦ ਵਾਪਸ ਜਾਣ ਵਾਲਾ ਸੀ,ਪਾਲਾ ਸਿੰਘ ਮੂੰਹ ਹਨ੍ਹੇਰੇ ਹੀ ਜਾਗ ਗਿਆ।ਉਹ ਆਪਣੇ ਪਿੰਡ ਵੱਲ ਹੋ ਤੁਰਿਅ।ਇਹ ਉਹੀ ਪਿੰਡ ਸੀ,ਜਿੱਥੇ ਉਸ ਨੇ ਜਨਮ ਲਿਆ ਸੀ,ਉਥੇ ਉਹ ਪਲਿਆ ਸੀ,ਉਥੇ ਉਹ ਗਭਰੂ ਹੋਇਆ ਸੀ।

ਉਸ ਦੇ ਪੈਰਾਂ ਵਿੱਚ ਨਰਮ-ਨਰਮ ਰੇਤ ਇਸ ਤਰਾਂ ਵਿਛ-ਵਿਛ ਜਾਂਦੀ ਸੀ ਜਿਵੇਂ ਧਰਤੀ ਨੇ ਉਸ ਦੇ ਸਵਾਗਤ ਲਈ ਗਲੀਚਾ ਵਿਛਾ ਦਿੱਤਾ ਹੋਏ।ਬਹੁਤ ਦਿਨਾਂ ਬਾਅਦ ਰੇਤ ‘ਤੇ ਤੁਰਨਾਂ ਉਸ ਨੂੰ ਬੜਾ ਚੰਗਾ-ਚੰਗਾ ਲੱਗ ਰਿਹਾ ਸੀ।ਹਵਾ ਦੇ ਬੁਲਿ੍ਹਆ ਵਿੱਚ ਬਾਜਰੇ ਦੀਆਂ ਫਲੀਆਂ ਝੂੰਮ ਰਹੀਆਂ ਸਨ।ਫਿਰ ਹਵਾ ਦਾ ਇਕ ਹੋਰ ਬੁੱਲ੍ਹਾ ਆਇਆ ਅਤੇ ਪਾਲਾ ਸਿੰਘ ਨੂੰ ਆਪਣੇ ਖੇਤਾਂ ਦੀ ਮਹਿਕ ਜਾਣੀ-ਪਛਾਣੀ ਜਿਹੀ ਲੱਗੀ।

ਉਹ ਆਪਣੇ ਪਿੰਡ ਦੀ ਹਰੇਕ ਗਲੀ ਨੂੰ ਜਾਣਦਾ ਸੀ,ਇੱਥੋ ਤੱਕ ਕਿ ਉਹ ਹਨੇਰੇ ਵਿੱਚ ਪੈਰ ਧਰਦਿਆਂ ਹੀ ਦੱਸ ਸਕਦਾ ਸੀ ਕਿ ਇਸ ਥਾਂ ਤੋਂ ਕਿੰਨੀ ਦੂਰੀ ‘ਤੇ ਇਕ ਖੱਡਾ ਹੈ।ਉਥੇ ਪਹੁੰਚ ਕੇ ਪਾਲਾ ਸਿੰਘ ਨੂੰ ਇਊਂ ਲੱਗਾ ਜਿਵੇਂ ਅਜੇ ਤੱਕ ਖੱਡਾ ਭਰਿਆ ਨਹੀ ਗਿਆ ਹੈ।ਉਹ ਤੁਰਦਾ ਗਿਆ।ਸਰਦਾਰਾਂ ਦੀ ਹਵੇਲੀ ਦੀ ਪਥਰੀਲੀ ਕੰਧ ਉਸ ਦੇ ਨਾਲ-ਨਾਲ ਤੁਰ ਰਹੀ ਸੀ।ਉਸ ਨੂੰ ਯਾਦ ਆਇਆ ਕਿ ਜਰਾ ਅੱਗੇ ਜਾ ਕੇ ਜਿੱਥੇ ਗਲੀ ਸੱਜੇ ਪਾਸੇ ਵੱਲ ਮੁੜਦੀ ਹੈ,ਪੱਥਰ ਦਾ ਇਕ ਕੋਨਾ ਬਾਹਰ ਨਿਕਲਿਆ ਹੋਇਆ ਹੈ।ਜੇਕਰ ਉਥੋਂ ਅਸਾਵਧਾਨੀ ਨਾਲ ਨਿਕਲਿਆ ਜਾਏ,ਤਾਂ ਆਦਮੀ ਦੇ ਹੱਥ ਪੈਰ ਟੁੱਟ ਸਕਦੇ ਹਨ।

ਉਸ ਥਾਂ ਪਹੁੰਚ ਕੇ ਉਸ ਨੇ ਜੰਗਲਿਆਂ ਵਿੱਚੋਂ ਹੀ ਪੱਥਰ ਨੂੰ ਛੂਹਣ ਦੇ ਲਈ ਆਪਣਾ ਹੱਥ ਵਧਾਇਆ।ਉਹ ਉਵੇਂ ਦਾ ਉਵੇਂ ਹੀ ਅੱਗੇ ਵੱਲ ਨਿਕਲਿਆ ਸੀ,ਉਹੀ ਗਲੀਆਂ ਸਨ,ਸਿਰਫ਼ ਉਥੇ ਪਾਲਾ ਸਿੰਘ ਨਹੀ ਸੀ।ਉਹ ਆਪਣੇ ਆਪ ਆਗਾਂਹ ਹੁੰਦਾ ਜਾ ਰਿਹਾ ਸੀ।ਸਰ੍ਹੋਂ ਅਤੇ ਤਾਰਾਮੀਰਾ ਦੀ ਰਲੀ-ਮਿਲੀ ਖੁਸ਼ਬੂ ਤੋਂ ਉਸ ਨੇ ਅਨੁਮਾਨ ਲਗਾਇਆ ਕਿ ਉਹ ਤੇਲੀਆਂ ਦੇ ਮੁਹੱਲੇ ਚੋ ਲੰਘ ਰਿਹਾ ਹੈ।ਕੁਝ ਹੋਰ ਅਗਾਂਹ ਜਾ ਕੇ ਚਮੜੇ ਦੀ ਸੜ੍ਹਾਂਦ ਆਉਣ ਲੱਗੀ।ਉਸ ਨੇ ਸਮਝ ਲਿਆ ਕਿ ਉਹ ਹੱਡਾਰੇੜੀ ਦੇ ਕੋਲੋ ਲੰਘ ਰਿਹਾ ਹੈ।ਉਸ ਨੇ ਇਕ ਲੰਬਾ ਸਾਹ ਲਿਆ।ਗਿੱਲੀ ਮਿੱਟੀ ਦੀ ਸੋਂਧੀ-ਸੋਂਧੀ ਮਹਿਕ ਉਸ ਦੇ ਦਿਮਾਗ਼ ਤੱਕ ਪਹੁੰਚ ਗਈ,ਕਿਉਕਿ ਹੁਣ ਘਮਿਆਰਾਂ ਦੇ ਘਰ ਨੇੜੇ ਆ ਗਏ ਸਨ।ਬਸ ਆਲੇ ਮੋੜ ‘ਤੇ ਉਹ ਆਪਣੀ ਹਵੇਲੀ ਵਿੱਚ ਪਹੁੰਚ ਜਾਏਗਾ।ਉਸ ਦਾ ਘਰ ਆ ਜਾਏਗਾ,ਉਸ ਦਾ ਖੂਹ ਆ ਜਾਏਗਾ।

ਪਰ ਇਹ ਕੀ?ਉਸ ਦੇ ਖੂਹ ‘ਤੇ ਸ਼ਮਸ਼ਾਨ ਵਰਗੀ ਚੁੱਪ ਕਿਉਂ?ਉਹ ਝਾਂਜਰਾਂ ਅਤੇ ਗਾਗਰਾਂ ਦੇ ਬੋਲ,ਉਹ ਚੰਚਲ ਛੇੜਖਾਨੀਆਂ ਅੱਜ ਏਥੇ ਕਿਉਂ ਨਹੀ?ਅਤੇ ਉਹ ਡੌਰ-ਭੌਰ ਜਿਹਾ ਪੌੜੀਆਂ ਚੜ੍ਹ ਕੇ ਆਪਣੇ ਖੂਹ ਦੇ ਕੋਲ ਜਾ ਖੜ੍ਹਾ ਹੋਇਆ।ਉਸ ਨੇ ਦੇਖਿਆ ਕਿ ਖੂਹ ਤੇ ਕੋਈ ਲੋਟਾ ਨਹੀ ਸੀ।ਚਰਖ਼ੀ ਦੇ ਨਾਲ ਸਦਾ ਚਿੰਬੜੀ ਰਹਿਣ ਵਾਲੀ ਜ਼ੰਜੀਰ ਵੀ ਨਹੀ ਸੀ।ਲੋਟੇ ਦੀ ਤਾਂ ਖੈਰ ਕੋਈ ਗੱਲ ਨਹੀ,ਪਰ ਜ਼ੰਜੀਰ ਦੇ ਨਾ ਹੋਣ ‘ਤੇ ਉਸ ਨੂੰ ਆਚੰਭਾ ਹੋਇਆ।ਉਸ ਨੇ ਆਪਣੇ ਸੁਭਾਅ ਦੇ ਅਨੁਸਾਰ ਗੁਆਂਢ ਦੀ ਕੰਧ ‘ਤੇ ਨਜ਼ਰ ਮਾਰੀ।ਇੱਥੇ ਰੱਸੀ ਦੇ ਨਾਲ ਉਸ ਦਾ ਲੋਟਾ ਸਦਾ ਲਈ ਲਮਕਾ ਦਿੱਤਾ ਗਿਆ ਸੀ।

ਉਸ ਨੇ ਉਵੇਂ ਹੀ ਗੁਆਚੇ-ਗੁਆਚੇ ਕੰਧ ਨਾਲੋ ਲੋਟਾ ਲਾਹ ਕੇ ਖੂਹ ਵਿੱਚ ਲਮਕਾ ਦਿੱਤਾ।ਚਰਖ਼ੀ ਦੀ ਆਵਾਜ਼ ਇਕ ਭਿਆਨਕ ਚੱਘਿਆੜ ਦੇ ਨਾਲ ਚਹੁੰ ਪਾਸੇ ਗੂੰਜ਼ ਪਈ।ਨੀਂਦ ਦੇ ਵਾਤਾਵਰਣ ਵਿੱਚ ਇਹ ਆਵਾਜ਼ ਬਹੁਤ ਆਨੋਖੀ ਮਹਿਸੂਸ ਹੋਈ।ਜਿੰਨੀ ਦੇਰ ਵਿੱਚ ਉਸ ਨੇ ਲੋਟਾ ਖੂਹ ‘ਚੋਂ ਕੱਢਿਆ,ਸਾਰਾ ਪਿੰਡ ਉਸ ਦੇ ਆਲੇ-ਦੁਆਲੇ ਇਕੱਠਾ ਹੋ ਚੁੱਕਾ ਸੀ।

“ਪਾਲਾ ਸਿੰਘ,ਉਏ ਪਾਲਾ ਸਿੰਘ,ਇਹ ਪਾਣੀ ਨਾ ਪੀਣਾ।”

“ਕਿਉਂ?”

“ਤੈਨੂੰ ਪਤਾ ਨਹੀ,ਇਸ ਪਾਣੀ ਵਿੱਚ ਜ਼ਹਿਰ ਮਿਲਿਆ ਹੋਇਆ ਹੈ।”

“ਜ਼ਹਿਰ,ਇਹ ਤੁਸੀ ਕੀ ਕਹਿ ਰਹੇ ਹੋ?”

“ਮੰਤਰੀ ਇਸ ਵਿੱਚ ਜ਼ਹਿਰ ਮਿਲਾ ਗਏ ਹਨ।”

ਪਾਲਾ ਸਿੰਘ ਜੋਰ ਨਾਲ ਚੀਕਿਆ,“ਨਹੀ,ਇਹ ਪਾਣੀ ਜ਼ਹਿਰ ਨਹੀ,ਅਮ੍ਰਿਤ ਹੈ-ਅਮ੍ਰਿਤ।ਇਹ ਸਤੀਆ ਦਾ ਖੂਹ ਹੈ।ਸਾਡੇ ਬਜੁਰਗਾਂ ਨੇ ਸਾਡੇ ਸਾਰਿਆਂ ਦੀ ਭਲਾਈ ਲਈ ਇਸ ਖੂਹ ਨੂੰ ਪੁਟਵਾਇਆ ਸੀ,ਪਰ ਤੁਸੀ ਇਸ ਨੂੰ ਜ਼ਹਿਰ ਬਣਾ ਕੇ ਬੰਦ ਕਰਵਾ ਦਿੱਤਾ।ਓਏ ਨਾਸਮਝੋ,ਇਹ ਜ਼ਹਿਰ ਨਹੀ,ਇਹ ਅਮ੍ਰਿਤ ਹੈ-ਅਮ੍ਰਿਤ,ਅਤੇ ਸਾਰੇ ਪਿੰਡ ਦੇ ਦੇਖਦਿਆਂ-ਦੇਖਦਿਆਂ ਪਾਲਾ ਸਿੰਘ ਉਸ ਪਾਣੀ ਨੂੰ ਗਟਾਗਟ ਪੀ ਗਿਆ।ਲੋਕ ਹੈਰਾਨ,ਪੱਥਰ ਦੀ ਮੂਰਤੀ ਬਣੇ ਖੜੇ ਰਹੇ।ਉਨਾਂ ਨੂੰ ਵਿਸ਼ਵਾਸ਼ ਨਹੀ ਆ ਰਿਹਾ ਸੀ ਕਿ ਉਹ ਕਿਵੇਂ ਚੌਦਾ ਸਾਲ ਤੱਕ ਅਣਜਾਣ ਬਣੇ ਰਹੇ।ਆਪਣੇ ਕੋਲ ਅਮ੍ਰਿਤ ਦਾ ਸਾਧਨ ਹੁੰਦੇ ਹੋਏ ਵੀ ਉਹ ਕਿੰਨੀਆਂ ਮੁਸੀਬਤਾਂ ਝੱਲ ਕੇ ਕੋਹਾਂ ਦੂਰ ਤੋਂ ਪਾਣੀ ਲੈਣ ਲਈ ਜਾਦੇ ਰਹੇ।

ਪਾਲਾ ਸਿੰਘ ਨੇ ਆਦਰ ਅਤੇ ਸ਼ਰਧਾ ਦੇ ਨਾਲ ਖੁੂਹ ਦਾ ਪਾਣੀ ਇਕ ਬੋਤਲ ਵਿੱਚ ਭਰ ਲਿਆ।ਦਿਨ ਵੇਲੇ ਜਦ ਪਾਲਾ ਸਿੰਘ ਅਤੇ ਉਸ ਦੇ ਸਾਥੀਆਂ ਦਾ ਜਥਾ ਵੱਡੀ ਚਾਰਦੀਵਾਰੀ ਦੇ ਕੋਲੋ ਨਿਕਲਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡੁੱਲ੍ਹ ਰਹੇ ਸਨ।

“ਇਹ ਮੇਰਾ ਘਰ ਹੈ,ਇਹ ਮੇਰੀ ਜ਼ਮੀਨ ਹੈ,ਇਹ ਮੇਰੀ ਹਵੇਲੀ ਹੈ,ਇਹ ਮੇਰਾ ਖੂਹ ਹੈ।ਇਹ ਜੋ ਖੂਹ ਤੋਂ ਪਾਣੀ ਭਰ ਰਹੀ ਹੈ,ਮੇਰੇ ਜਿਗਰੀ ਯਾਰ ਅੱਲ੍ਹਾ ਰੱਖਾਂ ਦੀ ਬੇਟੀ ਹੈ।ਅੱਲ੍ਹਾ ਰੱਖਾ ਦੀ ਕੀ ਮੇਰੀ ਹੀ ਬੇਟੀ ਹੈ,ਗਿਆਨ ਜੀ।ਮੈਂ ਬੜਾ ਖੁਸ਼ ਹਾਂ।ਤੁਹਾਨੂੰ ਕੀ ਦੱਸਾਂ,ਮੈਂ ਬਹੁਤ ਖੁਸ਼ ਹਾਂ।”

“ਛੱਡ ਵੀ ਪਾਲਾ ਸਿੰਘ,ਜਿਸ ਪਿੰਡ ਨੂੰ ਛੱਡ ਦਿੱਤਾ,ਉਸ ਦਾ ਹੁਣ ਨਾਂ ਕੀ ਲੈਣਾ?”

ਸਾਧੂ-ਸੰਗਤ ਤੁਰੀ ਜਾ ਰਹੀ ਸੀ।ਪਾਲਾ ਸਿੰਘ ਇਕ ਪਲ ਦੇ ਲਈ ਰੁਕਿਆ,ਧਰਤੀ ਨੂੰ ਪ੍ਰਣਾਮ ਕੀਤਾ,ਮੁੱਠੀ ਭਰ ਰੇਤ ਉਸ ਨੇ ਬੇਹੱਦ ਪਿਆਰ ‘ਤੇ ਸ਼ਰਧਾ ਅਤੇ ਆਦਰ ਨਾਲ ਕਾਗਜ਼ ਵਿੱਚ ਲਪੇਟ ਕੇ ਆਪਣੀ ਜੇਬ ਵਿੱਚ ਰੱਖ ਲਈ ਅਤੇ ਜ਼ੋਰ-ਜ਼ੋਰ ਨਾਲ ਸ਼ਬਦ ਦੇ ਉਹੀ ਬੋਲ ਪੜ੍ਹਦਾ ਹੋਇਆ ਜੱਥੇ ਦੇ ਨਾਲ ਜਾ ਰਲਿਆ,

“ਜੇ ਮਿਲੇ ਤਾਂ ਮਸਤਕ ਲਾਈਏ,

ਧੂੜ ਤੇਰੇ ਚਰਨਾਂ ਦੀ।”

ਮੂਲ ਲੇਖਿਕ:-ਲੋਚਨ ਬਖਸ਼ੀ
ਅਨੁਵਾਦ:-ਅਮਰਜੀਤ ਚੰਦਰ 9417600014

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਬਦਲਾਅ ਲਿਆਉਣਾ ਜ਼ਰੂਰੀ