(ਸਮਾਜ ਵੀਕਲੀ) ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਉਤਰਾਅ – ਚੜਾਅ ਆਉਂਦੇ ਰਹਿੰਦੇ ਹਨ ਜਿਹੜੇ ਕਿ ਜਰੂਰੀ ਵੀ ਹਨ। ਕਈ ਵਾਰ ਜਿੰਦਗੀ ਸਾਡੇ ਨਾਲ ਬਹੁਤ ਸਖਤੀ ਨਾਲ ਪੇਸ਼ ਆਉਂਦੀ ਹੈ ਬਹੁਤੀ ਵਾਰ ਤੁਹਾਡੇ ਆਪਣੇ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ। ਇਹ ਉਹ ਸਮਾਂ ਹੁੰਦਾ ਜਿਸ ਨੂੰ ਅਸੀਂ ਪਰਖ ਦੀ ਘੜੀ ਕਹਿੰਦੇ ਹਾਂ। ਰਿਸ਼ਤਿਆਂ ਦੀ ਪਰਖ, ਦੋਸਤਾਂ ਮਿੱਤਰਾਂ ਦੀ ਪਰਖ, ਸਮਾਜ ਸੇਵੀਆਂ ਦੀ ਪਰਖ, ਤੁਹਾਡਾ ਸਮੁੱਚਾ ਆਲਾ ਦੁਆਲਾ ਅਤੇ ਸਭ ਤੋਂ ਜਰੂਰੀ ਤੁਹਾਡੀ ਆਪਣੇ ਆਪ ਦੀ ਪਰਖ।
ਇੱਕ ਸਮਾਂ ਅਜਿਹਾ ਹੁੰਦਾ ਹੈ ਜਦੋਂ ਤੁਸੀਂ ਹਾਲਾਤਾਂ (Situations) ਨਾਲ ਸੰਘਰਸ਼ ਕਰਦੇ ਹੋ । ਸੰਘਰਸ਼ ਸਾਨੂੰ ਸਿਖਾਉਦਾ ਹੈ ਕਿ ਕਿਵੇਂ ਅਸੀਂ ਕਿਸੇ ਦੀ ਮਦਦ ਲਏ ਬਗੈਰ, ਸਿਰ ਉੱਠਾ ਕੇ ਜਿਊਣਾ ਹੈ। ਅਸੀਂ ਔਖੇ ਸਮੇਂ ਨੂੰ ਕਿਵੇਂ ਪਾਰ ਕਰਨਾ ਹੈ ਸੰਘਰਸ਼ ਵਿੱਚ ਬਹੁਤ ਸਕੂਨ ਹੈ ਇਹ ਉਹੀ ਸਮਾਂ ਹੁੰਦਾ ਹੈ ਜੋ ਸਾਨੂੰ ਚੰਗੇ ਮਾੜੇ ,ਆਪਣੇ ਬੇਗਾਨੇ ਦੀ ਪਹਿਚਾਣ ਕਰਵਾ ਕੇ ਜਾਂਦਾ ਹੈ ਸੰਘਰਸ਼ ਸਾਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦਾ, ਸਾਡੇ ਚ ਆਤਮ ਵਿਸ਼ਵਾਸ ਪੈਦਾ ਕਰਦਾ ਹੈ ।
ਸਮੇਂ ਨਾਲ ਸਾਰੇ ਹੀ ਰਿਸ਼ਤੇ ਬਹੁਤ ਚੰਗੇ ਹੁੰਦੇ ਹਨ ਲਿਹਾਜ਼ਾ ਇਹਨਾਂ ਵਿੱਚ ਨਿੱਜਵਾਦ (Selfishness ) ਨਾ ਹੋਵੇ। ਪਰ ਇੱਕ ਗੱਲ ਜੋ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਖੂਨ ਦੇ ਰਿਸ਼ਤੇ ਸਭ ਤੋਂ ਨੇੜਲੇ ਰਿਸ਼ਤੇ ਹੁੰਦੇ ਹਨ। ਹੁਣ ਇਹ ਗੱਲ ਮੈਨੂੰ ਕੋਰਾ ਝੂਠ ਲੱਗਣ ਲੱਗ ਪਈ ਹੈ। ਕੁਝ ਆਪਣੇ ਨਿੱਜੀ ਤਜਰਬੇ ਕਰਕੇ ਅਤੇ ਕੁਝ ਆਲੇ ਦੁਆਲੇ ਵਾਪਰਣ ਵਾਲੀਆਂ ਘਟਨਾਵਾਂ ਨੂੰ ਵੇਖ ਕੇ। ਕਈ ਵਾਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਤੱਕ ਨਹੀਂ ਹੁੰਦੇ, ਸਿਰਫ ਇੱਕ ਦੋ ਵਾਰ ਮਿਲਦੇ ਹੋ,ਉਹ ਲੋਕ ਖੂਨ ਦੇ ਰਿਸ਼ਤਿਆਂ ਨਾਲੋਂ ਜਿਆਦਾ ਵਫਾ ਕਮਾਉਂਦੇ ਹਨ । ਜਿਨ੍ਹਾਂ ਨੂੰ ਤੁਸੀਂ ਸਾਰੀ ਜ਼ਿੰਦਗੀ ਨਹੀਂ ਭੁੱਲ ਪਾਉਂਦੇ।
ਵੈਸੇ ਤਾਂ ਵਕਤ ਕੋਲ ਹਰ ਸ਼ੈਅ ਦਾ ਹਿਸਾਬ ਹੁੰਦਾ ਹੈ, ਜਿਸ ਨਾਲੋਂ ਰਿਸ਼ਤਾ ਨਹੀਂ ਤੋੜ ਸਕਦੇ, ਉਸ ਨਾਲੋਂ ਰਾਬਤਾ ਤੋੜ ਲਓ। ਜ਼ੁਬਾਨ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਕਿਸੇ ਨਾਲੋਂ ਅਲੱਗ ਹੋਣ ਦਾ ਫੈਸਲਾ ਜਦ ਇਨਸਾਨ ਲੈਂਦਾ ਹੈ ਤਾਂ ਬਹੁਤ ਸਾਰੇ ਪ੍ਰੈਸ਼ਰ ਤੇ Depression ਵਿੱਚੋਂ ਲੰਘਦਾ ਹੈ,ਇੰਝ ਕਦੇ ਵੀ, ਕੋਈ ਵੀ ਦਿਲੋਂ ਨਹੀਂ ਚਾਹੁੰਦਾ, ਕਈ ਵਾਰ ਅਜਿਹੇ ਫੈਸਲੇ ਸਾਡੇ ਸਾਹਮਣੇ ਆ ਜਾਂਦੇ ਹਨ। ਜਿੰਦਗੀ ਦਾ ਅਜਿਹਾ ਦੌਰ (phase )ਪਾਰ ਕਰਨ ਸਮੇਂ ਇਨਸਾਨ ਦੀ ਮਾਨਸਿਕ ਹਾਲਤ ਬਹੁਤ ਕਮਜ਼ੋਰ ਹੋ ਜਾਂਦੀ ਹੈ ਪਰ ਜਿਊਦੇ ਰਹਿਣ ਲਈ ਕਈ ਵਾਰ ਇਹ ਜਰੂਰੀ ਹੋ ਜਾਂਦਾ ਹੈ ਤੁਸੀਂ ਡਿੱਗਣਾ ਨਹੀਂ ਹੁੰਦਾ,ਮਰਨਾ ਨਹੀਂ ਹੁੰਦਾ।ਅਜਿਹੇ ਸਖਤ ਦੌਰ ਵਿੱਚ ਵੀ ਚੱਟਾਨ ਵਾਂਗ ਖੜੇ ਰਹਿਣਾ ਹੁੰਦਾ ਹੈ।
ਸਭ ਕੁਝ ਸਮੇਂ ਤੇ ਛੱਡ ਦਿਓ। ਤੁਸੀਂ ਵਕਤ ਜਿੰਨਾ ਸਹੀ ਹਿਸਾਬ ਨਹੀਂ ਕਰ ਸਕਦੇ। ਵਕਤ ਆਉਣ ਤੇ ਵਫਾਦਾਰ ਤੇ ਧੋਖੇਬਾਜ਼ ਨਿੱਤਰ ਕੇ ਸਾਹਮਣੇ ਆਉਣਗੇ। ਪਰ ਇਹ ਲੰਘ ਚੁੱਕਿਆ ਸਮਾਂ ਤੁਹਾਨੂੰ ਇੱਕ ਸਬਕ ਦੇ ਕੇ ਜਾਵੇਗਾ। ਔਖੇ ਸਮੇਂ ਤੁਹਾਡਾ ਸਾਥ ਦੇਣ ਵਾਲੇ ਅਤੇ ਕਿਨਾਰਾ ਕਰਨ ਵਾਲੇ ਦੋਵੇਂ ਹੀ ਤੁਹਾਨੂੰ ਯਾਦ ਰਹਿੰਦੇ ਹਨ।ਜੇ ਤੁਸੀਂ ਮਜਬੂਤ ਹੋ ਕੇ ਹਾਲਾਤਾਂ ਨੂੰ ਹਰਾਇਆ ਤਾਂ ਭਵਿੱਖ ਵਿੱਚ ਤੁਸੀਂ ਆਪਣੇ ਆਪ ਤੇ ਫਖਰ ਮਹਿਸੂਸ ਕਰੋਗੇ।
ਕੁਲਦੀਪ ਉਗਰਾਹਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly