ਆਗਰਾ/ਲਖਨਊ (ਸਮਾਜ ਵੀਕਲੀ): ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਅੱਜ ਲਖਨਊ ’ਚ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਉਹ ਪੁਲੀਸ ਹਿਰਾਸਤ ’ਚ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਆਗਰਾ ਜਾ ਰਹੀ ਸੀ। ਦਿਨ ਭਰ ਚੱਲੀ ਕਸ਼ਮਕਸ਼ ਤੋਂ ਬਾਅਦ ਸ਼ਾਮ ਨੂੰ ਪੁਲੀਸ ਨੇ ਪ੍ਰਿਯੰਕਾ ਗਾਂਧੀ ਸਮੇਤ ਪੰਜ ਆਗੂਆਂ ਨੂੰ ਆਗਰਾ ਜਾਣ ਦੀ ਇਜਾਜ਼ਤ ਦੇ ਦਿੱਤੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਆਗਰਾ ਦੇ ਜ਼ਿਲ੍ਹਾ ਮੈਜਿਸਟਰੇਟ ਦੀ ਬੇਨਤੀ ’ਤੇ ਕਾਂਗਰਸ ਜਨਰਲ ਸਕੱਤਰ ਨੂੰ ਲਖਨਊ-ਆਗਰਾ ਐਕਸਪ੍ਰੈੱਸਵੇਅ ’ਤੇ ਰੋਕਿਆ ਸੀ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਸੀ ਕਿ ਕਿਸੇ ਵੀ ਸਿਆਸੀ ਹਸਤੀ ਨੂੰ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਲਖਨਊ ਪੁਲੀਸ ਕਮਿਸ਼ਨਰ ਡੀ ਕੇ ਠਾਕੁਰ ਨੇ ਕਿਹਾ,‘‘ਪ੍ਰਿਯੰਕਾ ਨੂੰ ਨਾ ਤਾਂ ਹਿਰਾਸਤ ’ਚ ਲਿਆ ਗਿਆ ਹੈ ਨਾ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰੀ ਭੀੜ ਹੋਣ ਕਾਰਨ ਆਵਾਜਾਈ ’ਚ ਵਿਘਨ ਪੈ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਦਫ਼ਤਰ ਜਾਂ ਆਪਣੀ ਰਿਹਾਇਸ਼ ’ਤੇ ਜਾਣ ਲਈ ਕਿਹਾ ਗਿਆ ਸੀ ਪਰ ਜਦੋਂ ਉਹ ਨਾ ਮੰਨੀ ਤਾਂ ਉਸ ਨੂੰ ਪੁਲੀਸ ਲਾਈਨ ਭੇਜ ਦਿੱਤਾ ਗਿਆ ਸੀ।’’ ਕਾਂਗਰਸ ਤਰਜਮਾਨ ਨੇ ਦਾਅਵਾ ਕੀਤਾ ਸੀ ਕਿ ਪ੍ਰਿਯੰਕਾ ਗਾਂਧੀ ਨੂੰ ਆਗਰਾ ਜਾਣ ਸਮੇਂ ਹਿਰਾਸਤ ’ਚ ਲਿਆ ਗਿਆ ਸੀ। ਕੁਸ਼ੀਨਗਰ ’ਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਦੋਂ ਪ੍ਰਿਯੰਕਾ ਨੂੰ ਹਿਰਾਸਤ ’ਚ ਲਏ ਜਾਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਮਹੀਨੇ ਦੇ ਸ਼ੁਰੂ ’ਚ ਵੀ ਅਜਿਹਾ ਘਟਨਾਕ੍ਰਮ ਵਾਪਰਿਆ ਸੀ ਜਦੋਂ ਲਖੀਮਪੁਰ ਖੀਰੀ ’ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣ ਲਈ ਕਾਂਗਰਸ ਆਗੂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਪ੍ਰਿਯੰਕਾ ਨੇ ਕਿਹਾ ਕਿ ਉਸ ਨੂੰ ਲਖਨਊ ਤੋਂ ਬਾਹਰ ਜਾਣ ਲਈ ਕੀ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਹੈ। ‘ਮੈਨੂੰ ਆਗਰਾ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਕੀ ਅਮਨ ਕਾਨੂੰਨ ਦਾ ਕੋਈ ਮੁੱਦਾ ਹੈ। ਕੋਈ ਮਰ ਗਿਆ ਹੈ ਤਾਂ ਇਹ ਅਮਨ ਕਾਨੂੰਨ ਦਾ ਮੁੱਦਾ ਕਿਵੇਂ ਹੋ ਸਕਦਾ ਹੈ।’ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਅਰੁਣ ਵਾਲਮੀਕੀ ਦੀ ਪੁਲੀਸ ਹਿਰਾਸਤ ’ਚ ਮੌਤ ਨਿੰਦਣਯੋਗ ਹੈ। ‘ਵਾਲਮੀਕਿ ਜੈਅੰਤੀ ਮੌਕੇ ਯੂਪੀ ਸਰਕਾਰ ਨੇ ਉਨ੍ਹਾਂ ਵੱਲੋਂ ਦਿੱਤੇ ਸੁਨੇਹੇ ਖ਼ਿਲਾਫ਼ ਕੰਮ ਕੀਤਾ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਪੁਲੀਸ ਕਰਮੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।’ ਦੇਰ ਰਾਤ ਪ੍ਰਿਯੰਕਾ ਗਾਂਧੀ ਆਗਰਾ ਪੁੱਜੀ ਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly