ਯੂਪੀ ਪੁਲੀਸ ਨੇ ਉਪ ਮੁੱਖ ਮੰਤਰੀ ਰੰਧਾਵਾ ਨੂੰ ਹਿਰਾਸਤ ਵਿੱਚ ਲਿਆ

 Punjab Cooperation Minister Sukhjinder Randhawa
  • ਰੰਧਾਵਾ ਤੇ ਵਿਧਾਇਕਾਂ ਵੱਲੋਂ ਥਾਣੇ ’ਚ ਧਰਨਾ
  • ਮੁੱਖ ਮੰਤਰੀ ਚੰਨੀ ਨੂੰ ਪੀੜਤਾਂ ਨਾਲ ਮੁਲਾਕਾਤ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ

ਚੰਡੀਗੜ੍ਹ (ਸਮਾਜ ਵੀਕਲੀ):  ਯੂਪੀ ਪੁਲੀਸ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਛੇ ਵਿਧਾਇਕਾਂ ਸਮੇਤ ਜਬਰੀ ਹਿਰਾਸਤ ਵਿੱਚ ਲੈ ਲਿਆ। ਯੂਪੀ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਉੱਪ ਮੁੱਖ ਮੰਤਰੀ ਰੰਧਾਵਾ ਦੀ ਗ੍ਰਿਫ਼ਤਾਰੀ ਮਗਰੋਂ ਸ਼ਾਹਜਹਾਂਪੁਰ ਦੀ ਪੁਲੀਸ ਚੌਕੀ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਯੂਪੀ ਵਿਚਲੇ ਪੀੜਤ ਕਿਸਾਨ ਪਰਿਵਾਰਾਂ ਦੇ ਘਰਾਂ ਦਾ ਦੌਰਾ ਕਰਨ ਦੀ ਪ੍ਰਵਾਨਗੀ ਮੰਗੀ ਸੀ ਪ੍ਰੰਤੂ ਯੂਪੀ ਸਰਕਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਖਨਊ ਹਵਾਈ ਅੱਡੇ ’ਤੇ ਉੱਤਰਨ ਦੀ ਪ੍ਰਵਾਨਗੀ ਨਹੀਂ ਦਿੱਤੀ। ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਆਖ ਦਿੱਤਾ ਕਿ ਪੰਜਾਬ ਵਿੱਚੋਂ ਕਿਸੇ ਨੂੰ ਯੂਪੀ ਆਉਣ ਦੀ ਆਗਿਆ ਨਾ ਦਿੱਤੀ ਜਾਵੇ। ਜਦੋਂ ਉੱਤਰ ਪ੍ਰਦੇਸ਼ ਸਰਕਾਰ ਨੇ ਸਭ ਰਸਤੇ ਬੰਦ ਕਰ ਦਿੱਤੇ ਤਾਂ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਛੇ ਕਾਂਗਰਸੀ ਵਿਧਾਇਕ ਯੂਪੀ ਲਈ ਸੜਕੀ ਰਸਤੇ ਰਵਾਨਾ ਹੋ ਗਏ।

ਪੰਜਾਬ ਸਰਕਾਰ ਦੀ ਇਹ ਟੀਮ ਲੰਘੇ ਕੱਲ੍ਹ ਲਖੀਮਪੁਰ ਖੀਰੀ ਵਿੱਚ ਵਾਪਰੇ ਕਾਂਡ ਦੇ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਅੱਜ ਰਵਾਨਾ ਹੋਈ ਸੀ। ਜਦੋਂ ਯਮੁਨਾਨਗਰ ਤੋਂ ਉਪ ਮੁੱਖ ਮੰਤਰੀ ਰੰਧਾਵਾ ਸਹਾਰਨਪੁਰ ਪੁੱਜੇ ਤਾਂ ਉੱਤਰ ਪ੍ਰਦੇਸ਼ ਦੀ ਸੀਮਾ ’ਤੇ ਉਨ੍ਹਾਂ ਨੂੰ ਰੋਕ ਲਿਆ। ਜਦੋਂ ਕਾਂਗਰਸੀ ਆਗੂਆਂ ਨੇ ਪੁਲੀਸ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨਾਲ ਖਿੱਚ-ਧੂਹ ਕੀਤੀ। ਰੰਧਾਵਾ ਦੇ ਨਾਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਹੋਰਨਾਂ ਵਿਧਾਇਕਾਂ ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਵੀ ਸਨ।

ਉੱਤਰ ਪ੍ਰਦੇਸ਼ ਪੁਲੀਸ ਸਾਰੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਸਹਾਰਨਪੁਰ ਇਲਾਕੇ ਦੇ ਥਾਣੇ ਲੈ ਗਈ ਜਿੱਥੇ ਉੱਪ ਮੁੱਖ ਮੰਤਰੀ ਰੰਧਾਵਾ ਅਤੇ ਸਾਥੀਆਂ ਨੇ ਥਾਣੇ ਵਿੱਚ ਹੀ ਧਰਨਾ ਮਾਰ ਦਿੱਤਾ ਅਤੇ ਸਥਾਨਕ ਵਰਕਰਾਂ ਨੇ ਰੰਧਾਵਾ ਦਾ ਸਾਥ ਦਿੱਤਾ। ਪੱਛਮੀ ਯੂਪੀ ਦੀ ਕਾਂਗਰਸ ਇਕਾਈ ਨੇ ਟਵੀਟ ਕਰਕੇ ਕਿਹਾ ਕਿ ਯੂਪੀ ਦੀ ਪੁਲੀਸ ਨੇ ਦੂਸਰੇ ਰਾਜ ਦੇ ਬਜ਼ੁਰਗ ਉੱਪ ਮੁੱਖ ਮੰਤਰੀ ਨੂੰ ਜਬਰਦਸਤੀ ਹਿਰਾਸਤ ਵਿੱਚ ਲਿਆ ਹੈ, ਇਹ ਯੂਪੀ ਦਾ ਢਕੌਸਲਾ ਲੋਕ ਰਾਜ ਹੈ। ਅੱਜ ਉੱਤਰ ਪ੍ਰਦੇਸ਼ ਲਈ ਰਵਾਨਾ ਹੋਣ ਤੋਂ ਪਹਿਲਾਂ ਰੰਧਾਵਾ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉੱਥੇ ਮੌਜੂਦਾ ਸਥਿਤੀ ਬਾਰੇ ਅਸਲ ਜਾਣਕਾਰੀ ਹਾਸਲ ਕਰਨਗੇ। ਉੱਪ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਘੇਲ ਤੇ ਰੰਧਾਵਾ ਦੀ ਫੇਰੀ ਲਈ ਲਖਨਊ ਹਵਾਈ ਅੱਡੇ ਨੂੰ ਸੀ ਵਿਸ਼ੇਸ਼ ਹਦਾਇਤ
Next articleਕਿਸਾਨ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨਾਂ ’ਤੇ ਸੁਪਰੀਮ ਕੋਰਟ ਨੂੰ ਇਤਰਾਜ਼