ਯੂਪੀ ਚੋਣਾਂ: ਤੀਜੇ ਗੇੜ ਲਈ ਚੋਣ ਪ੍ਰਚਾਰ ਖ਼ਤਮ

 

  • 16 ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਹਲਕਿਆਂ ’ਚ ਉਮੀਦਵਾਰਾਂ ਨੇ ਪੂਰੀ ਵਾਹ ਲਾਈ
  • ਭਾਜਪਾ ਵੱਲੋਂ ਕਰਹਲ ਦੇ ਸਾਰੇ ਚੋਣ ਬੂਥਾਂ ’ਤੇ ਨੀਮ ਫੌਜੀ ਬਲ ਤਾਇਨਾਤ ਕਰਨ ਦੀ ਮੰਗ

ਲਖਨਊ (ਸਮਾਜ ਵੀਕਲੀ):  ਯੂਪੀ ਅਸੈਂਬਲੀ ਚੋਣਾਂ ਦੇ ਤੀਜੇ ਗੇੜ ਲਈ ਅੱਜ ਚੋਣ ਪ੍ਰਚਾਰ ਖ਼ਤਮ ਹੋ ਗਿਆ। ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ 16 ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਅੱਜ ਆਖਰੀ ਹੱਲੇ ਵਜੋਂ ਕੋਸ਼ਿਸ਼ਾਂ ਕੀਤੀਆਂ। ਭਾਜਪਾ ਨੇ ਕਰਹਲ ਅਸੈਂਬਲੀ ਹਲਕੇ, ਜਿੱਥੋਂ ਸਪਾ ਮੁਖੀ ਅਖਿਲੇਸ਼ ਯਾਦਵ ਉਮੀਦਵਾਰ ਹਨ, ਦੇ ਸਾਰੇ ਚੋਣ ਬੂਥਾਂ ’ਤੇ ਨੀਮ ਫੌਜੀ ਬਲ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਉਧਰ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਅੱਜ ਆਪਣੇ ਪੁੱਤ ਲਈ ਵੋਟਾਂ ਮੰਗੀਆਂ।

ਤੀਜੇ ਗੇੜ ਵਿੱਚ 627 ਉਮੀਦਵਾਰ ਚੋਣ ਮੈਦਾਨ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 2.15 ਕਰੋੜ ਤੋਂ ਵੱਧ ਵੋਟਰ ਕਰਨਗੇ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿੱਚ ਹਾਥਰਸ, ਫਿਰੋਜ਼ਾਬਾਦ, ਇਟਾਹ, ਕਾਸਗੰਜ, ਮੈਨਪੁਰੀ, ਫਰੁਖ਼ਾਬਾਦ, ਕਨੌਜ, ਇਟਾਵਾ, ਔਰੱਈਆ, ਕਾਨਪੁਰ ਦੇਹਾਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ, ਹਮੀਰਪੁਰ ਤੇ ਮਾਹੋਬਾ ਸ਼ਾਮਲ ਹਨ। ਤੀਜੇ ਗੇੜ ਵਿੱਚ ਕਰਹਲ ਅਸੈਂਬਲੀ ਹਲਕੇ ਲਈ ਵੀ ਵੋਟਾਂ ਪੈਣਗੀਆਂ, ਜਿੱਥੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦਾ ਮੁਕਾਬਲਾ ਕੇਂਦਰੀ ਮੰਤਰੀ ਐੱਸ.ਪੀ.ਸਿੰਘ ਬਘੇਲ ਨਾਲ ਹੈ। ਤੀਜੇ ਗੇੜ ਦੀ ਵੋਟਿੰਗ ਅਖਿਲੇਸ਼ ਯਾਦਵ ਦੇ ਚਾਚਾ ਸ਼ਿਵਪਾਲ ਯਾਦਵ ਦੇ ਸਿਆਸੀ ਭਵਿੱਖ ਦਾ ਵੀ ਫੈਸਲਾ ਕਰੇਗੀ, ਜੋ ਕਿ ਆਪਣੀ ਰਵਾਇਤੀ ਜਸਵੰਤਨਗਰ ਸੀਟ ਤੋਂ ਉਮੀਦਵਾਰ ਹਨ।

ਤੀਜੇ ਗੇੜ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਨਪੁਰ, ਕਾਲਪੀ, ਜਾਲੌਨ ਤੇ ਹਮੀਰਪੁਰ ਵਿੱਚ ‘ਘਰ ਘਰ’ ਜਾ ਕੇ ਚੋਣ ਪ੍ਰਚਾਰ ਕੀਤਾ ਜਦੋਂਕਿ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਜਾਲੌਨ ਤੇ ਔਰੱਈਆ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਕਰਹਲ ਵਿੱਚ ਆਪਣੇ ਪੁੱਤਰ ਅਖਿਲੇਸ਼ ਯਾਦਵ ਲਈ ਵੋਟਾਂ ਮੰਗੀਆਂ। ਇਸ ਦੌਰਾਨ ਭਾਜਪਾ ਨੇ ਚੋਣ ਕਮਿਸ਼ਨ ਤੱਕ ਪਹੁੰਚ ਕਰਦਿਆਂ ਕਰਹਲ ਦੇ ਸਾਰੇ ਬੂਥਾਂ ’ਤੇ ਨੀਮ ਫੌਜੀ ਬਲ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ। ਤੀਜੇ ਗੇੜ ਵਿੱਚ ਜਿਹੜੇ ਹੋਰ ਪ੍ਰਮੁੱਖ ਚਿਹਰੇ ਚੋਣ ਮੈਦਾਨ ਵਿੱਚ ਹਨ, ਉਨ੍ਹਾਂ ਵਿੱਚ ਭਾਜਪਾ ਦੇ ਸਤੀਸ਼ ਮਹਾਨਾ ਤੇ ਰਾਮਵੀਰ ਉਪਾਧਿਆਏ, ਕਾਂਗਰਸ ਦੇ ਲੁਇਸ ਖੁਰਸ਼ੀਦ, ਸਾਬਕਾ ਆਈਪੀਐੱਸ ਅਧਿਕਾਰੀ ਅਸੀਮ ਅਰੁਣ ਤੇ ਯੋਗੀ ਸਰਕਾਰ ’ਚ ਮੰਤਰੀ ਰਹੇ ਰਾਮਨਰੇਸ਼ ਅਗਨੀਹੋਤਰੀ ਸ਼ਾਮਲ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 59 ਵਿਚੋਂ 49 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਜਦੋਂਕਿ ਸਪਾ ਨੂੰ 9 ਸੀਟਾਂ ਨਾਲ ਸਬਰ ਕਰਨਾ ਪਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian scientist develops tech for repair of turbine blades, aerospace components
Next articleਪਰਿਵਾਰ ਵਿਹੂਣੇ ਕੀ ਜਾਣਨ ਪਰਿਵਾਰ ਵਾਲਿਆਂ ਦਾ ਦਰਦ: ਅਖਿਲੇਸ਼ ਯਾਦਵ