ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਵਿੱਚ ਬਤੌਰ ਗਣਿਤ ਅਧਿਆਪਕਾ ਵੱਜੋਂ 31 ਸਾਲ 4 ਮਹੀਨੇ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਤੋਂ ਬਾਅਦ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ (ਲੜਕੀਆਂ) ਤੋਂ ਸੇਵਾ ਮੁਕਤ ਹੋ ਰਹੇ ਮੈਡਮ ਕਮਲਜੀਤ ਕੌਰ ਦਾ ਜਨਮ 5 ਮਾਰਚ 1965 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੁਧਾਰ ਰਾਜਪੂਤਾਂ ਵਿਖੇ ਪਿਤਾ ਹਜ਼ੂਰ ਅਤੇ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ। ਸ਼ੁਰੂ ਤੋਂ ਹੀ ਤੀਖਣ ਬੁੱਧੀ ਦੀ ਮਾਲਕ ਕਮਲਜੀਤ ਕੌਰ ਨੇ ਗਣਿਤ ਵਿਸੇ ਨਾਲ਼ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ ਤੋਂ ਗਰੇਜੂਏਸ਼ਨ ਕੀਤੀ। ਲੋਪੋਂ ਕਾਲਜ ਫਰੀਦਕੋਟ ਤੋਂ ਬੀ.ਐਡ ਕਰਨ ਤੋਂ ਬਾਅਦ 13-11-1991 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਸੁਧਾਰ ਰਾਜਪੂਤਾਂ ਤੋਂ ਬਤੌਰ ਅਧਿਆਪਕਾ ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ। ਸੰਨ 1993 ਵਿੱਚ ਆਪ ਦਾ ਵਿਆਹ ਬੈਂਕ ਮੈਨੇਜਰ ਹਰਦਿਆਲ ਸਿੰਘ ਪਿੰਡ ਲੋਦੀਵਾਲ(ਸੁਲਤਾਨਪੁਰ ਲੋਧੀ) ਨਾਲ਼ ਹੋਇਆ।
1996 ਵਿੱਚ ਸਿੱਖਿਆ ਵਿਭਾਗ ਵੱਲੋਂ ਆਪ ਦੀਆਂ ਸੇਵਾਵਾਂ ਨੂੰ ਦੇਖਦਿਆਂ ਬਤੌਰ ਗਣਿਤ ਅਧਿਆਪਕਾ ਪ੍ਰਮੋਟ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ (ਲੜਕੀਆਂ) ਵਿਖੇ ਤਾਇਨਾਤ ਕੀਤਾ। ਆਪ ਦੇ ਘਰ ਇੱਕ ਪੁੱਤਰ ਅਤੇ ਪੁੱਤਰੀ ਨੇ ਜਨਮ ਲਿਆ। ਪਰਿਵਾਰਕ ਅਤੇ ਵਿਭਾਗ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਆਪਣੇ ਪਤੀ ਨਾਲ ਮਿਲ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦਿਵਾਈ। ਬੇਟਾ ਜੋਬਨਜੀਤ ਸਿੰਘ ਥਿੰਦ ਐਮ.ਡੀ ਡਾਕਟਰ ਅਤੇ ਬੇਟੀ ਰਵਨੀਤ ਕੌਰ ਨੇ ਦੰਦਾਂ ਦੀ ਡਾਕਟਰ ਵਜ਼ੋਂ ਸਿੱਖਿਆ ਪ੍ਰਾਪਤ ਕੀਤੀ। ਸਿੱਖਿਆ ਵਿਭਾਗ ਅੰਦਰ ਜਾ ਮੈਡਮ ਕਮਲਜੀਤ ਕੌਰ ਵੱਲੋਂ ਪਾਈਆਂ ਨਿਵੇਕਲੀਆਂ ਪੈੜਾਂ ਨੂੰ ਯਾਦ ਕਰਦਿਆਂ ਸੇਵਾ ਮੁਕਤੀ ਤੇ ਸਕੂਲ ਸਟਾਫ, ਅਧਿਆਪਕ ਜਥੇਬੰਦੀਆਂ ਅਤੇ ਸਾਕ ਸਬੰਧੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly