ਬੇਕਿਰਕੇ ਸਮੇਂ

ਕੇਵਲ ਸਿੰਘ ਰੱਤੜਾ

ਸਮਾਜ ਵੀਕਲੀ  ਯੂ ਕੇ

ਬੇਕਿਰਕੇ ਜਹੇ ਸਮਿਆਂ ਅੰਦਰ, ਚੱਲਦੇ ਰੁੱਕਦੇ ਸਾਹਾਂ ਦੀ
ਕਿਹੜੇ ਸ਼ਬਦੀਂ ਲਿਖਾਂ ਕਹਾਣੀ, ਰੋਸ ‘ਚ ਭੱਜੀਆਂ ਬਾਹਾਂ ਦੀ।

ਮੇਰੇ ਪਿੰਡ ਦੇ ਬੋਹੜ ਤੇ ਪਿਲਕਣ, ਗੁਰੂ ਸ਼ਰਧਾ ਲਈ ਕਤਲ ਹੋਏ
ਡਾਹਢੇ ਪੀਰ ਦੇ ਕਹਿਰ ਡਰੋਂ, ਝੰਗ ਬਚ ਗਈ ਹੈ ਦਰਗਾਹਾਂ ਦੀ।

ਦੇਵੀ ਮੰਨ ਪਹਾੜੀਂ ਚੜ੍ਹਦੇ, ਮੰਨਤ ਮੰਗਦੇ ਸ਼ੁਅਰੱਤ ਦੀ
ਕੁਰਸੀ ਘੜੇ ਕਹਾਣੀ ਕੰਜਕਾਂ, ‘ਤੇ ਹੀ ਜਬਰ ਜਿਨਾਹਾਂ ਦੀ।

ਅਰਥ ਡੂੰਘੇਰੇ ਚੁੱਪ ਦੇ ਹੁੰਦੇ ਕਿਸੇ ਦੇ ਤੌਰ ‘ਭੁਲੌਣ ਲਈ
ਭਾਵੁਕ ਲੋਕੀਂ ਕੀ ਸਮਝਣਗੇ, ਸ਼ਾਤਰ ਚਾਲ ਨਿਗਾਹਾਂ ਦੀ।

ਦਿਸਦੇ ਨਹੀਂ ਪਰ ਸੂਹੀਆ ਤੰਤਰ, ਰਾਹੀਂ ਜੇਬਾਂ ਤੀਕ ਗਏ
ਦਿਲੋ ਦਿਮਾਗ ਵੀ ਬੋਲੀ ਬੋਲਣ, ਉਹਨਾਂ ਕੁਬੇਰੀ ਸ਼ਾਹਾਂ ਦੀ।

ਰਿਸ਼ਵਤ ਦੇ ਕੇ ਧੰਦਾ ਕਰਦਾ, ਲੁਕਿਆ ਫਿਰੇ ਅਮੀਰਜ਼ਾਦਾ
ਸ਼ੇਅਰਾਂ ਵਿੱਚ ਤੁਲਦੀ ਦੌਲਤ, ਪਰ ਲੱਗੀ ਫ਼ਿਕਰ ਪਨਾਹਾਂ ਦੀ।

ਚੋਰ ਅਦਾਲਤੋਂ ਬੱਚ ਜਾਂਦੇ, ਅਪੀਲ ਦਲੀਲ ਵਕੀਲਾਂ ਨਾਲ
ਖ਼ਲਕਤ ਦੇ ਤਖਤੇ ਵਿੱਚ ਅੜਦੀ ਗਰਦਨ ਬੇਪਰਵਾਹਾਂ ਦੀ।

ਪੌਣੀ ਸਦੀ ਅਜ਼ਾਦ ਹੋਇਆਂ ਨੂੰ, ਫਿਰ ਵੀ ਮਨੋਂ ਗੁਲਾਮ ਰਹੇ
ਪਹਿਨਣ, ਖਾਣ, ਦਿਖਾਵੇ ਤੱਕ ਹੀ ਸੋਚ ਹੈ ਖਾਹਮਖਾਹਾਂ ਦੀ।

ਵਕਤ ਬੀਤਿਆ ਗੌਰੀ ਤੁਰਕ, ਚੰਗੇਜ ਸਿਕੰਦਰ ਗੋਰੇ ਦਾ
ਵੰਡੀ ਜਨਤਾ ਕਿੰਝ ਥਾਹ ਪਾਊ ਖੁਦ ਮੁਕਤੀ ਦੇ ਰਾਹਾਂ ਦੀ।

ਸੱਚ ਸੰਜਮ ਤੇ ਸਮਝ ਦੇ ਬਾਝੋਂ ‘ਰੱਤੜਾ’ ਪਾਰ ਉਤਾਰ ਨਹੀਂ ਹੋਣਾ
ਕੁੱਝ ਛੱਡਣ, ਕੁੱਝ ਮੰਨਣ ਬਿਨ ਕੀ ਕਦਰ ਹੈ ਕੂੜ ਸਲਾਹਾਂ ਦੀ।

ਕੇਵਲ ਸਿੰਘ ਰੱਤੜਾ
08283830599

Previous articleਸੂਬਾ ਪੱਧਰੀ ‘ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸਿਰ ਚੜ੍ਹ ਕੇ ਬੋਲਿਆ ਪ੍ਰਭ ਆਸਰਾ ਦੇ ਬੱਚਿਆਂ ਦਾ ਜਾਦੂ
Next articleਪੁਆਧੀ ਸੱਥ ਵੱਲੋਂ ਰੋਮੀ ਘੜਾਮਾਂ ਨੂੰ ਦਿੱਤਾ ਗਿਆ ਰਘਵੀਰ ਸਿੰਘ ਬੈਦਵਾਣ ਐਵਾਰਡ