- ਸਰਕਾਰ ਨੇ ਰਾਜ ਸਭਾ ’ਚ ਦਿੱਤੀ ਜਾਣਕਾਰੀ
- ਦੇਸ਼ ’ਚ ਮਾਓਵਾਦੀਆਂ ਦਾ ਭੂਗੋਲਿਕ ਆਧਾਰ 46 ਰਾਜਾਂ ਤੱਕ ਸੁੰਗੜਿਆ
ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਕਿਹਾ ਕਿ ਸਾਲ 2018 ਤੋਂ 2020 ਤੱਕ ਤਿੰਨ ਸਾਲਾਂ ਦੇ ਅਰਸੇ ਦੌਰਾਨ 9140 ਵਿਅਕਤੀਆਂ ਨੇ ਬੇਰੁਜ਼ਗਾਰੀ ਕਰਕੇ ਮੌਤ ਨੂੰ ਗ਼ਲ ਲਾ ਲਿਆ ਜਦੋਂਕਿ ਦੀਵਾਲੀਆ ਹੋਣ ਕਰਕੇ 16000 ਤੋਂ ਵੱਧ ਵਿਅਕਤੀ ਖ਼ੁਦਕੁਸ਼ੀਆਂ ਕਰ ਗਏ। ਉਨ੍ਹਾਂ ਸਦਨ ਨੂੰ ਦੱਸਿਆ ਕਿ ਸਾਲ 2020 ਵਿੱਚ 3548 ਵਿਅਕਤੀਆਂ ਜਦੋਂਕਿ 2019 ਤੇ 2018 ਵਿੱਚ ਕ੍ਰਮਵਾਰ 2851 ਤੇ 2741 ਵਿਅਕਤੀਆਂ ਨੇ ਖੁ਼ਦਕੁਸ਼ੀ ਕੀਤੀ। ਉਨ੍ਹਾਂ ਕਿਹਾ ਕਿ ਸੱਤ ਕੇਂਦਰੀ ਪੁਲੀਸ ਸੰਸਥਾਵਾਂ ਨਾਲ ਸਬੰਧਤ 1439 ਪੁਲੀਸ ਮੁਲਾਜ਼ਮਾਂ ਖਿਲਾਫ਼ ਫੌਜਦਾਰੀ ਕੇਸ ਦਰਜ ਹਨ ਜਦੋਂਕਿ 181 ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਆਇਦ ਕੀਤੇ ਗਏ ਹਨ।
ਰਾਏ ਅੱਜ ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦੇ ਲਿਖਤੀ ਜਵਾਬ ਦੇ ਰਹੇ ਸਨ। ਇਕ ਹੋਰ ਸਵਾਲ ਦੇ ਜਵਾਬ ਵਿੱਚ ਰਾਏ ਨੇ ਕਿਹਾ ਕਿ ਸਾਲ 2021 ਵਿੱਚ ਦੇਸ਼ ’ਚ ਮਾਓਵਾਦੀਆਂ ਦਾ ਭੂਗੋਲਿਕ ਅਸਰ ਰਸੂਖ਼ 46 ਜ਼ਿਲ੍ਹਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਕੜੇ ਵਿੱਚ ਤੇਜ਼ੀ ਨਾਲ ਨਿਘਾਰ ਆਇਆ ਹੈ ਕਿਉਂਕਿ ਸਾਲ 2010 ਵਿੱਚ ਦਸ ਰਾਜਾਂ ਦੇ 96 ਜ਼ਿਲ੍ਹਿਆਂ ਵਿੱਚ ਮਾਓਵਾਦੀ ਸਰਗਰਮ ਸਨ। ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਰਾੲੇ ਨੇ ਕਿਹਾ ਕਿ ਮੋਦੀ ਸਰਕਾਰ ਦੀ ਖੱਬੇਪੱਖੀ ਇੰਤਹਾਪਸੰਦੀ (ਐੱਲਡਬਲਿਊਈ) ਨੂੰ ਨੱਥ ਪਾਉਣ ਦੀ ਨੀਤੀ ਕਰਕੇ ਦੇਸ਼ ਵਿੱਚ ਮਾਓਵਾਦੀਆਂ ਦਾ ਭੂਗੋਲਿਕ ਅਸਰ ਤੇਜ਼ੀ ਨਾਲ ਘਟਿਆ ਹੈ। ਉਨ੍ਹਾਂ ਕਿਹਾ ਕਿ ਸਾਲ 2010 ਵਿੱਚ ਨਕਸਲੀ ਮਾਰ ਵਾਲੇ ਜ਼ਿਲ੍ਹਿਆਂ ਦੀ ਜਿਹੜੀ ਗਿਣਤੀ 96 ਸੀ, ਸਾਲ 2021 ਵਿੱਚ ਉਹ ਘੱਟ ਕੇ 46 ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਮਾਓਵਾਦੀ ਹਿੰਸਾ ਦੀਆਂ ਘਟਨਾਵਾਂ ’ਚ 70 ਫੀਸਦ ਕਮੀ ਹੈ ਤੇ ਨਤੀਜੇ ਵਜੋਂ ਮੌਤਾਂ ਦਾ ਅੰਕੜਾ ਵੀ ਘਟਿਆ ਹੈ।
ਸਾਲ 2019 ਵਿੱਚ ਮਾਓਵਾਦੀ ਹਿੰਸਾ ’ਚ 1005 ਮੌਤਾਂ ਹੋਈਆਂ ਸਨ ਜਦੋਂਕਿ 2021 ਵਿੱਚ ਇਹ ਅੰਕੜਾ ਘੱਟ ਕੇ 147 ਰਹਿ ਗਿਆ। ਕਸ਼ਮੀਰੀ ਪੰਡਿਤਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 1980ਵਿਆਂ ਦੇ ਅਖੀਰ ਤੇ 1990ਵਿਆਂ ਦੀ ਸ਼ੁਰੂਆਤ ਵਿੱਚ 610 ਦੇ ਕਰੀਬ ਕਸ਼ਮੀਰੀ ਪੰਡਿਤਾਂ ਨੂੰ ਅਤਿਵਾਦ ਦੇ ਉਭਾਰ ਕਰਕੇ ਜੰੰਮੂ ਤੇ ਕਸ਼ਮੀਰ ’ਚ ਆਪਣੀਆਂ ਜਾਇਦਾਦਾਂ ਛੱਡ ਕੇ ਜਾਣਾ ਪਿਆ। ਪ੍ਰਧਾਨ ਮੰਤਰੀ ਵਿਕਾਸ ਪੈਕੇਜ-2015 ਤਹਿਤ ਕਸ਼ਮੀਰੀ ਪਰਵਾਸੀਆਂ ਲਈ ਸੂਬਾ ਸਰਕਾਰ ’ਚ 3000 ਦੇ ਕਰੀਬ ਨੌਕਰੀਆਂ ਸਿਰਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਸਰਕਾਰ ਨੇ ਪੀਐੱਮਡੀਪੀ-2015 ਸਕੀਮ ਤਹਿਤ 1739 ਪਰਵਾਸੀਆਂ ਤੇ ਵਧੀਕ 1098 ਪਰਵਾਸੀਆਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਸਰਕਾਰ ਵੱਲੋਂ ਮੁਹੱਈਆ ਕੀਤੀ ਜਾਣਕਾਰੀ ਮੁਤਾਬਕ ਪਿਛਲੇ ਪੰਜ ਸਾਲਾਂ ’ਚ 610 ਅਰਜ਼ੀਕਾਰਾਂ (ਪਰਵਾਸੀਆਂ) ਦੀ ਜ਼ਮੀਨ ਬਹਾਲ ਕੀਤੀ ਗਈ ਹੈ।
ਇਕ ਹੋਰ ਸਵਾਲ ਦੇ ਲਿਖਤੀ ਜਵਾਬ ਵਿੱਚ ਰਾਏ ਨੇ ਕਿਹਾ ਕਿ ਸੱਤ ਕੇਂਦਰੀ ਪੁਲੀਸ ਸੰਸਥਾਵਾਂ ਨਾਲ ਸਬੰਧਤ 1439 ਪੁਲੀਸ ਮੁਲਾਜ਼ਮਾਂ ਖਿਲਾਫ਼ ਅਪਰਾਧਿਕ ਕੇਸ ਦਰਜ ਜਦੋਂਕਿ 181 ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਆਇਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਜਾਂ ਫਿਰ ਅਪਰਾਧਿਕ ਕੇਸ ਦਰਜ ਹੈ, ਉਨ੍ਹਾਂ ਵਿਚੋਂ 481 ਬੀਐੱਸਐੱਫ, 401 ਸੀਆਰਪੀਐੱਫ, 325 ਸਸ਼ਤਰ ਸੀਮਾ ਬਲ ਤੇ 273 ਕੇਂਦਰੀ ਸਨਅਤੀ ਸੁਰੱਖਿਆ ਫੋਰਸ ਨਾਲ ਸਬੰਧਤ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly