ਭਵਾਨੀਗੜ੍ਹ, (ਸਮਾਜ ਵੀਕਲੀ): ਇਥੋਂ ਨੇੜਲੇ ਪਿੰਡ ਕਾਕੜਾ ਵਿਖੇ ਸਟੇਡੀਅਮ ਦਾ ਉਦਘਾਟਨ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲੀਸ ਵੱਲੋਂ ਧੂਹ ਕੇ ਗੱਡੀਆਂ ਵਿੱਚ ਸੁੱਟਿਆ ਗਿਆ। ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਲਈ ਕੈਬਨਿਟ ਮੰਤਰੀ ਸਿੰਗਲਾ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਇਸੇ ਦੌਰਾਨ ਉਨ੍ਹਾਂ ਦਾ ਸਾਥੀ ਕਈ ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਬੈਠਾ ਹੈ। ਅਧਿਆਪਕਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਸ ਸਮੇਂ ਤੱਕ ਉਹ ਕੈਬਨਿਟ ਮੰਤਰੀ ਸਿੰਗਲਾ ਦੇ ਹਲਕੇ ਵਿੱਚ ਹਰ ਇਕ ਪ੍ਰੋਗਰਾਮ ’ਤੇ ਪ੍ਰਦਰਸ਼ਨ ਕਰਨਗੇ, ਜਿਸ ਦੀ ਲੜੀ ਵਜੋਂ ਭਵਾਨੀਗੜ੍ਹ ਇਲਾਕੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਥਾਵਾਂ ਤੇ ਸਿੰਗਲਾ ਦਾ ਵਿਰੋਧ ਕੀਤਾ ਗਿਆ।
ਅਧਿਆਪਕ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਅੱਜ ਪਿੰਡ ਕਾਕੜਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਗੁਰਮੇਲ ਸਿੰਘ ਬਰਗਾੜੀ, ਸੁਖਜੀਤ ਸਿੰਘ ਬੀਰ ਖੁਰਦ, ਗੁਰਪ੍ਰੀਤ ਸਿੰਘ ਗਾਜੀਪੁਰ, ਲੇਖ ਸਿੰਘ ਗੁਰੁਹਰਸਹਾਏ,ਅਮਨ ਕੌਰ ਬਠਿੰਡਾ ਅਤੇ ਕੰਵਲਜੀਤ ਕੌਰ ਬਠਿੰਡਾ ਨੂੰ ਪੁਲੀਸ ਨੇ ਧੂਹਕੇ ਧੂਹ ਕੇ ਗੱਡੀ ਵਿੱਚ ਸੁੱਟਿਆ ਗਿਆ। ਭਵਾਨੀਗੜ੍ਹ ਥਾਣੇ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਇਹਤਿਆਤ ਵੱਜੋਂ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਸਬੰਧੀ ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਹੈਸੀਅਤ ਅਨੁਸਾਰ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਨੌਕਰੀਆਂ ਦਿੱਤੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly