ਲਵੀਵ (ਸਮਾਜ ਵੀਕਲੀ): ਰੂਸੀ ਫ਼ੌਜ ਵੱਲੋਂ ਅੱਜ ਯੂਕਰੇਨ ਦੇ ਦੋ ਸ਼ਹਿਰਾਂ ਵਿਚ ਆਰਜ਼ੀ ਤੌਰ ’ਤੇ ਐਲਾਨੀ ਗੋਲੀਬੰਦੀ ਮੁੜ ਨਾਕਾਮ ਹੋ ਗਈ। ਮਾਰਿਉਪੋਲ ਸ਼ਹਿਰ ਦੇ ਪ੍ਰਸ਼ਾਸਨ ਨੇ ਕਿਹਾ ਕਿ ਅੱਜ ਗੋਲੀਬੰਦੀ ਫਿਰ ਸਿਰੇ ਨਹੀਂ ਚੜ੍ਹ ਸਕੀ ਤੇ ਲੋਕ ਬਿਨਾਂ ਬਿਜਲੀ ਅਤੇ ਪਾਣੀ ਤੋਂ ਘਿਰੇ ਹੋਏ ਹਨ, ਸਖ਼ਤ ਠੰਢ ਦੀ ਮਾਰ ਵੀ ਝੱਲ ਰਹੇ ਹਨ। ਅੱਜ ਵੀ ਗੋਲੀਬਾਰੀ ਲਈ ਦੋਵਾਂ ਧਿਰਾਂ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸਿਆ ਹੈ। ਰੂਸ ਪੱਖੀ ਵੱਖਵਾਦੀ ਖੇਤਰਾਂ ਦੇ ਆਗੂਆਂ ਨੇ ਦੱਸਿਆ ਕਿ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਗੋਲੀਬੰਦੀ ਬਾਰੇ ਸਹਿਮਤੀ ਬਣੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਗੋਲੀਬੰਦੀ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਸੀ। ਗੋਲੀਬੰਦੀ ਤੋੜਨ ਲਈ ਰੂਸ ਤੇ ਯੂਕਰੇਨ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦੋਨੇਤਸਕ ਖੇਤਰ ਦੇ ਫ਼ੌਜੀ ਪ੍ਰਸ਼ਾਸਨ ਨੇ ਕਿਹਾ ਸੀ ਕਿ ਮਾਰਿਉਪੋਲ ਤੇ ਵੋਲਨੋਵਾਖਾ ਸ਼ਹਿਰਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਇਲਾਕਿਆਂ ਵੱਲ ਜਾਣ ਦੇਣ ਲਈ ਐਤਵਾਰ ਨੂੰ ਗੋਲੀਬੰਦੀ ਰਹੇਗੀ। ਪਰ ਇਹ ਕਿੰਨਾ ਚਿਰ ਲਾਗੂ ਰਹੇਗੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਦੁਪਹਿਰੇ 12 ਵਜੇ ਲੋਕਾਂ ਨੂੰ ਕੱਢਣਾ ਆਰੰਭਿਆ ਜਾਵੇਗਾ ਤੇ ਗੋਲੀਬੰਦੀ ਰਾਤ 9 ਵਜੇ ਤੱਕ ਲਾਗੂ ਰਹੇਗੀ। ਸ਼ਨਿਚਰਵਾਰ ਰਾਤ ਤੱਕ ਰੂਸੀ ਫ਼ੌਜ ਨੇ ਮਾਰਿਉਪੋਲ ’ਤੇ ਬੰਬਾਰੀ ਤੇਜ਼ ਕਰ ਦਿੱਤੀ ਸੀ। ਯੂਕਰੇਨ ਨੇ ਕਿਹਾ ਕਿ ਰੂਸੀ ਫ਼ੌਜ ਨੇ ਚਰਨੀਹੀਵ ਜੋ ਕਿ ਕੀਵ ਦੇ ਉੱਤਰ ਵਿਚ ਹੈ, ਦੇ ਰਿਹਾਇਸ਼ੀ ਖੇਤਰਾਂ ਉਤੇ ਬੰਬ ਸੁੱਟੇ ਹਨ। ਰੂਸ ਵੱਲੋਂ ਕੀਵ ਨੇੜਲੇ ਕਸਬਿਆਂ ਤੇ ਪਿੰਡਾਂ ਉਤੇ ਬੰਬਾਰੀ ਕੀਤੀ ਜਾ ਰਹੀ ਹੈ। ਯੂਕਰੇਨੀ ਫ਼ੌਜ ਨੇ ਕੀਵ ਦੁਆਲੇ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਸੜਕਾਂ ਬਲੌਕ ਕਰ ਰਹੇ ਹਨ ਤੇ ਮੋਰਚੇ ਪੁੱਟ ਰਹੇ ਹਨ। ਐਤਵਾਰ ਨੂੰ ਗੋਲੀਬੰਦੀ ਦੇ ਸਮਝੌਤੇ ਦੇ ਨਾਲ-ਨਾਲ ਰੂਸ ਤੇ ਯੂਕਰੇਨ ਦਰਮਿਆਨ ਤੀਜੇ ਗੇੜ ਦੀ ਗੱਲਬਾਤ ਲਈ ਵੀ ਸਹਿਮਤੀ ਬਣੀ ਸੀ। ਯੂਕਰੇਨੀ ਵਫ਼ਦ ਦੇ ਮੈਂਬਰ ਮੁਤਾਬਕ ਰੂਸ ਤੇ ਯੂਕਰੇਨ ਦਰਮਿਆਨ ਗੱਲਬਾਤ ਸੋਮਵਾਰ ਨੂੰ ਹੋਣ ਬਾਰੇ ਸਹਿਮਤੀ ਬਣੀ ਹੈ।
ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਦਰਮਿਆਨ ਗੱਲਬਾਤ ਬੇਲਾਰੂਸ ਵਿਚ ਹੋਈ ਸੀ ਤੇ ਇਸ ਮੌਕੇ ਗੋਲੀਬੰਦੀ ਲਈ ਸਹਿਮਤੀ ਬਣੀ ਸੀ। ਜੰਗ ਵਿਚੋਂ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਸੁਰੱਖਿਅਤ ਲਾਂਘਾ ਦੇਣ ਖਾਤਰ ਦੋਵਾਂ ਮੁਲਕਾਂ ਦਾ ਇਹ ਸਮਝੌਤਾ ਹੋਇਆ ਸੀ। ਦੱਸਣਯੋਗ ਹੈ ਕਿ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਦਵਾਈਆਂ ਖ਼ਤਮ ਹੋ ਰਹੀਆਂ ਹਨ, ਹਜ਼ਾਰਾਂ ਲੋਕ ਭੋਜਨ ਤੇ ਪਾਣੀ ਦੀ ਕਮੀ ਝੱਲ ਰਹੇ ਹਨ, ਫੱਟੜ ਹੋਏ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਤੋਂ ਪਹਿਲਾਂ ਮਾਰਿਉਪੋਲ ਦੇ ਮੇਅਰ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਹਿਰ ਦੇ ਬਾਹਰ ਹਜ਼ਾਰਾਂ ਲੋਕ ਇੱਥੋਂ ਨਿਕਲਣ ਲਈ ਇਕੱਠੇ ਹੋਏ ਸਨ ਪਰ ਗੋਲੀਬਾਰੀ ਸ਼ੁਰੂ ਹੋ ਗਈ ਤੇ ਰਵਾਨਗੀ ਰੋਕਣੀ ਪਈ। ਉਨ੍ਹਾਂ ਕਿਹਾ ਕਿ ਮਗਰੋਂ ਹਮਲੇ ਹੋਰ ਵੀ ਤੇਜ਼ ਹੋ ਗਏ।
ਮੇਅਰ ਨੇ ਕਿਹਾ ਕਿ ਸ਼ਹਿਰ ਬੁਰੀ ਤਰ੍ਹਾਂ ਜੰਗ ਵਿਚ ਘਿਰਿਆ ਹੋਇਆ ਹੈ। ਰਿਹਾਇਸ਼ੀ ਇਲਾਕਿਆਂ ਉਤੇ ਬੰਬ ਤੇ ਰਾਕੇਟ ਡਿੱਗ ਰਹੇ ਹਨ। ਅੱਜ ਮਾਰਿਉਪੋਲ ਤੋਂ ਲੋਕਾਂ ਨੂੰ ਜ਼ਪੋਰੀਜ਼ਜ਼ੀਆ ਵੱਲ ਕੱਢਿਆ ਜਾਣਾ ਸੀ ਕਿ ਜੋ ਕਿ ਉੱਥੋਂ 227 ਕਿਲੋਮੀਟਰ ਦੂਰ ਹੈ। ਰੂਸ ਨੇ ਦੱਖਣ ਵੱਲ ਕਾਫ਼ੀ ਖੇਤਰ ਕਬਜ਼ੇ ਹੇਠ ਲੈ ਲਿਆ ਹੈ। ਉਹ ਯੂਕਰੇਨ ਦਾ ਸੰਪਰਕ ਆਵਰੋਵ ਸਮੁੰਦਰੀ ਖੇਤਰ ਨਾਲੋਂ ਕੱਟਣਾ ਚਾਹੁੰਦੇ ਹਨ। ਮਾਰਿਉਪੋਲ ’ਤੇ ਕਬਜ਼ਾ ਕਰ ਕੇ ਰੂਸ ਕਰੀਮੀਆ ਤੱਕ ਜ਼ਮੀਨੀ ਲਾਂਘਾ ਬਣਾਉਣ ਵਿਚ ਸਫ਼ਲ ਹੋ ਜਾਵੇਗਾ। ਕਰੀਮੀਆ ਨੂੰ 2014 ਵਿਚ ਰੂਸ ਨੇ ਮੁਲਕ ’ਚ ਰਲਾ ਲਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly