ਯੂਕਰੇਨ: ਰਾਸ਼ਟਰਪਤੀ ਵੱਲੋਂ ਦੇਸ਼ ’ਚ ਐਮਰਜੈਂਸੀ ਲਾਗੂ

 

  • ਪੂਰਬੀ ਯੂਕਰੇਨ ਵਿੱਚ ਗੋਲਾਬਾਰੀ ’ਚ ਇਕ ਜਵਾਨ ਹਲਾਕ, 6 ਹੋਰ ਜ਼ਖ਼ਮੀ
  • ਵਿਦੇਸ਼ ਮੰਤਰਾਲੇ, ਸੰਸਦ ਅਤੇ ਹੋਰ ਅਦਾਰਿਆਂ ਦੀਆਂ ਵੈੱਬਸਾਈਟਾਂ ਠੱਪ

ਕੀਵ (ਸਮਾਜ ਵੀਕਲੀ):  ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੁਲਕ ’ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਲਕ ’ਚ ਐਮਰਜੈਂਸੀ ਵੀਰਵਾਰ ਤੋਂ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਚੋਟੀ ਦੇ ਸੁਰੱਖਿਆ ਅਧਿਕਾਰੀ ਓਲੈਕਸੀ ਡੈਨੀਲੋਵ ਨੇ ਕਿਹਾ ਸੀ ਕਿ ਦੋਨੇਤਸਕ ਅਤੇ ਲੁਹਾਂਸਕ ਨੂੰ ਛੱਡ ਕੇ ਪੂਰੇ ਮੁਲਕ ’ਚ ਐਮਰਜੈਂਸੀ ਲਗਾਈ ਜਾਵੇਗੀ। ਇਨ੍ਹਾਂ ਦੋਵੇਂ ਸੂਬਿਆਂ ’ਚ 2014 ਤੋਂ ਐਮਰਜੈਂਸੀ ਲਾਗੂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ 30 ਦਿਨਾਂ ਤੱਕ ਲਾਗੂ ਰਹੇਗੀ ਅਤੇ ਇਸ ਨੂੰ 30 ਹੋਰ ਦਿਨਾਂ ਲਈ ਵਧਾਇਆ ਜਾ ਸਕਦਾ ਹੈ। ਰੂਸੀ ਸਮਰਥਕ ਵੱਖਵਾਦੀਆਂ ਨੇ ਦੋਨੇਤਸਕ ਅਤੇ ਲੁਹਾਂਸਕ ’ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਰੂਸ ਨੇ ਪਿਛਲੇ ਦਿਨੀਂ ਦੋਹਾਂ ਨੂੰ ਆਜ਼ਾਦ ਮੁਲਕ ਵਜੋਂ ਮਾਨਤਾ ਦੇ ਦਿੱਤੀ ਸੀ।

ਡੈਨੀਲੋਵ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਪਰਮਾਣੂ ਹਥਿਆਰ ਵਿਕਸਤ ਕਰਨ ਬਾਰੇ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਹੈ ਜਿਸ ਨੂੰ ਵਲਾਦੀਮੀਰ ਪੂਤਿਨ ਨੇ ਰੂਸ ਲਈ ਰਣਨੀਤਕ ਤੌਰ ’ਤੇ ਖ਼ਤਰਾ ਐਲਾਨਿਆ ਹੈ। ਉਧਰ ਯੂਕਰੇਨ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਰੂਸੀ ਸਮਰਥਕ ਵੱਖਵਾਦੀਆਂ ਵੱਲੋਂ ਪੂਰਬੀ ਯੂਕਰੇਨ ’ਚ ਕੀਤੀ ਗਈ ਗੋਲਾਬਾਰੀ ’ਚ ਇਕ ਜਵਾਨ ਹਲਾਕ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਫ਼ੌਜ ਨੇ ਆਪਣੇ ਫੇਸਬੁੱਕ ਪੇਜ ’ਤੇ ਕਿਹਾ ਕਿ ਬੀਤੇ 24 ਘੰਟਿਆਂ ’ਚ ਗੋਲਾਬਾਰੀ ਦੀਆਂ 96 ਘਟਨਾਵਾਂ ਵਾਪਰੀਆਂ ਹਨ ਜਦਕਿ ਇਕ ਦਿਨ ਪਹਿਲਾਂ 84 ਵਾਰ ਗੋਲਾਬਾਰੀ ਹੋਈ ਸੀ।

ਉਸ ਨੇ ਦਾਅਵਾ ਕੀਤਾ ਕਿ ਵੱਖਵਾਦੀ ਤਾਕਤਾਂ ਨੇ ਭਾਰੀ ਤੋਪਾਂ, ਮੋਰਟਾਰ ਅਤੇ ਗਰੈਡ ਰਾਕੇਟ ਪ੍ਰਣਾਲੀਆਂ ਦੀ ਵਰਤੋਂ ਕੀਤੀ ਹੈ। ਯੂਕਰੇਨ ਨੇ ਰੂਸ ’ਤੇ ਹਿੰਸਾ ਭੜਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪੂਰਬੀ ਯੂਕਰੇਨ ਨੂੰ ਰਸਮੀ ਤੌਰ ’ਤੇ ਮਾਨਤਾ ਦੇਣ ਦੇ ਬਹਾਨੇ ਉਨ੍ਹਾਂ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਹੈ ਅਤੇ ਖ਼ਿੱਤੇ ’ਚ ਉਹ ਆਪਣੀ ਫ਼ੌਜ ਭੇਜਣਾ ਚਾਹੁੰਦਾ ਹੈ। ਇਸ ਦੌਰਾਨ ਯੂਕਰੇਨ ਦੀ ਸੰਸਦ ਨੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਕੋਲ ਰੱਖਣ ਸਬੰਧੀ ਬਿੱਲ ਨੂੰ ਅੱਜ ਵੋਟਾਂ ਪਾ ਕੇ ਪ੍ਰਵਾਨਗੀ ਦੇ ਦਿੱਤੀ। ਬਿੱਲ ’ਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਨਾਗਰਿਕਾਂ ਨੂੰ ਦਰਪੇਸ਼ ਖ਼ਤਰਿਆਂ ਨੂੰ ਦੇਖਦਿਆਂ ਇਹ ਕਾਨੂੰਨ ਮੁਲਕ ਅਤੇ ਸਮਾਜ ਦੇ ਹਿੱਤ ’ਚ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਵੱਲੋਂ ਯੂਕਰੇਨ ਖ਼ਿਲਾਫ਼ ਵਿਸ਼ੇਸ਼ ਫ਼ੌਜੀ ਅਪਰੇਸ਼ਨ ਸ਼ੁਰੂ: ਜੇ ਹੋਰ ਮੁਲਕਾਂ ਨੇ ਟੰਗ ਅੜਾਈ ਤਾਂ ਨਾਨੀ ਚੇਤੇ ਕਰਵਾ ਦਿਆਂਗੇ: ਪੁਤਿਨ
Next articleਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੀ ਹੜਤਾਲ ਖਤਮ