ਕੀਵ (ਸਮਾਜ ਵੀਕਲੀ) : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਰੂਸ ਖਿਲਾਫ਼ ਹੀ ਨਹੀਂ ਬਲਕਿ ‘ਯੂਰੋਪ (ਯੂਰੋਪੀ ਯੂਨੀਅਨ) ਦਾ ਬਰਾਬਰ ਦਾ ਮੈਂਬਰ ਬਣਨ ਲਈ ਵੀ ਲੜ ਰਿਹਾ ਹੈ।’’ ਯੂਕਰੇਨੀ ਸਦਰ ਨੇ ਇਹ ਗੱਲ ਅੱਜ ਇਥੇ ਯੂਰਪੀਅਨ ਸੰਸਦ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਆਖੀ। ਮੀਟਿੰਗ ਵਿੱਚ ਸ਼ਾਮਲ ਹੋਣ ਮੌਕੇ ਮੈਂਬਰ ਮੁਲਕਾਂ ਦੇ ਨੁਮਾਇੰਦਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਜ਼ੇਲੈਂਸਕੀ ਦਾ ਸਵਾਗਤ ਕੀਤਾ। ਜ਼ੇਲੈਂਸਕੀ ਨੇ ਯੂਰੋਪੀ ਯੂਨੀਅਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਯੂਰੋਪ ਦਾ ਬਰਾਬਰ ਦਾ ਮੈਂਬਰ ਬਣਨ ਲਈ ਵੀ ਲੜ ਰਹੇ ਹਾਂ।’’
ਸਦਰ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਅੱਜ ਅਸੀਂ ਹਰ ਕਿਸੇ ਨੂੰ ਵਿਖਾ ਰਹੇ ਹਾਂ ਕਿ ਅਸੀਂ ਕੀ ਹਾਂ….ਅਸੀਂ ਸਾਬਤ ਕਰ ਦਿੱਤਾ ਹੈ ਕਿ ਘੱਟੋ ਘੱਟ ਅਸੀਂ ਤੁਹਾਡੇ ਵਰਗੇ ਹੀ ਹਾਂ।’’ ਯੂਕਰੇਨੀ ਸਦਰ ਨੇ ਯੂਰੋਪੀਨ ਯੂਨੀਅਨ ਨੂੰ ਅਪੀਲ ਕੀਤੀ ਕਿ ਉਹ ਸਾਬਤ ਕਰਨ ਕਿ ਰੂਸ ਖਿਲਾਫ਼ ਲੜਾਈ ’ਚ ਉਹ ਯੂਕਰੇਨ ਦੇ ਨਾਲ ਖੜ੍ਹੇ ਹਨ। ਵੀਡੀਓ ਲਿੰਕ ਜ਼ਰੀਏ ਆਪਣੇ ਸੰਬੋਧਨ ਵਿੱਚ ਜ਼ੇਲੈਂਸਕੀ ਨੇ ਕਿਹਾ, ‘‘ਇਹ ਗੱਲ ਪੱਕੀ ਹੈ ਕਿ ਸਾਡੇ ਨਾਲ ਯੂਰੋਪੀਨ ਯੂਨੀਅਨ ਹੋਰ ਮਜ਼ਬੂਤ ਰਹੇਗੀ। ਤੁਹਾਡੇ ਬਿਨਾਂ ਯੂਕਰੇਨ ’ਕੱਲਾ ਪੈ ਜਾਵੇਗਾ। ਸਾਬਤ ਕਰੋ ਕਿ ਤੁਸੀਂ ਸਾਡੇ ਨਾਲ ਹੋ। ਸਾਬਤ ਕਰੋ ਕਿ ਤੁਸੀਂ ਸਾਨੂੰ ਇਕੱਲਿਆਂ ਨੂੰ ਨਹੀਂ ਛੱਡੋਗੇ।’’ ਚੇਤੇ ਰਹੇ ਕਿ ਯੂਕਰੇਨੀ ਸਦਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੀਵ ਅਜਿਹੇ ਮੌਕੇ ਢਿੱਲ ਦੇਣ ਲਈ ਤਿਆਰ ਨਹੀਂ ਹੈ ਜਦੋਂ ਇਕ ਧਿਰ ਦੂਜੀ ਨੂੰ ਰਾਕੇਟ ਤੇ ਹਥਿਆਰਾਂ ਨਾਲ ਨਿਸ਼ਾਨਾ ਬਣਾ ਰਹੀ ਹੋਵੇ।
ਇਸ ਤੋਂ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਨੇ ਰੂਸ ਦੇ ਫੌਜੀ ਹਮਲੇ ਨੂੰ ‘ਸਰਕਾਰ ਵੱਲੋਂ ਹਮਲਾ’ ਕਰਾਰ ਦਿੰਦਿਆਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਹਮਲੇ ਨੂੰ ਇਸੇ ਤਰ੍ਹਾਂ ਪਛਾਣ ਦਿੱਤੀ ਜਾਵੇ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਵੀਡੀਓ ਸੰਬੋਧਨ ਵਿੱਚ ਜ਼ੇਲੈਂਸਕੀ ਨੇ ਕੀਵ ਤੇ ਖਾਰਕੀਵ ਨੂੰ ਰੂਸੀ ਹਮਲੇ ਦਾ ਮੁੱਖ ਨਿਸ਼ਾਨਾ ਦੱਸਦਿਆਂ ਕਿਹਾ ਕਿ ‘ਦਹਿਸ਼ਤਵਾਦ ਦਾ ਮੁੱਖ ਨਿਸ਼ਾਨਾ ਸਾਨੂੰ ਤੇ ਸਾਡੀ ਰੱਖਿਆ ਢਾਲ ਨੂੰ ਤੋੜਨਾ ਹੈ।’’ ਉਧਰ ਜ਼ੇਲੈਂਸਕੀ ਦੇ ਸਲਾਹਕਾਰ ਨੇ ਕਿਹਾ ਕਿ ਪਰਦਾ ਡਿੱਗ ਚੁੱਕਾ ਹੈ ਤੇ ਰੂਸੀ ਫੌਜਾਂ ਵੱਲੋਂ ਖ਼ੌਫ ਤੇ ਬੇਚੈਨੀ ਪੈਦਾ ਕਰਨ ਲਈ ਸ਼ਹਿਰਾਂ ਦੇ ਰਿਹਾਇਸ਼ੀ ਇਲਾਕਿਆਂ ਤੇ ਆਮ ਵਸੋਂ ਵਾਲੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly