ਵਾਸ਼ਿੰਗਟਨ (ਸਮਾਜ ਵੀਕਲੀ): ਵਾਈਟ ਹਾਊਸ ਨੇ ਕਿਹਾ ਹੈ ਕਿ ਰੂਸ ਜੇ ਯੂਕਰੇਨ ਉਤੇ ਹਮਲਾ ਨਾ ਕਰੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ‘ਸਿਧਾਂਤਕ ਰੂਪ ਵਿਚ’ ਬੈਠਕ ਕਰਨ ਨੂੰ ਤਿਆਰ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਵਿਚੋਲਗੀ ਨਾਲ ਇਹ ਸਥਿਤੀ ਬਣੀ ਹੈ। ਅਮਰੀਕਾ ਨੇ ਲਗਾਤਾਰ ਚਿਤਾਵਨੀ ਦਿੱਤੀ ਹੈ ਕਿ ਰੂਸ ਕਦੇ ਵੀ ਯੂਕਰੇਨ ਉਤੇ ਹਮਲਾ ਕਰ ਸਕਦਾ ਹੈ ਤੇ ਨਾਲ ਹੀ ਰੂਸ ਦੇ ਅਜਿਹਾ ਕਰਨ ’ਤੇ ਉਸ ਉਤੇ ਸਖ਼ਤ ਪਾਬੰਦੀਆਂ ਲਾਉਣ ਦੀ ਚਿਤਾਵਨੀ ਵੀ ਦਿੱਤੀ ਹੈ। ਦੂਜੇ ਪਾਸੇ ਰੂਸ ਨੇ ਯੂਕਰੇਨ ਉਤੇ ਹਮਲਾ ਕਰਨ ਦੇ ਅਮਰੀਕੀ ਦਾਅਵਿਆਂ ਨੂੰ ਖਾਰਜ ਕੀਤਾ ਹੈ।
ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ, ‘ਰਾਸ਼ਟਰਪਤੀ ਨੇ ਲਗਾਤਾਰ ਸਪੱਸ਼ਟ ਕੀਤਾ ਹੈ ਕਿ ਅਸੀਂ ਹਮਲਾ ਸ਼ੁਰੂ ਹੋਣ ਦੇ ਪਲ ਤੱਕ ਕੂਟਨੀਤਕ ਹੱਲ ਤਲਾਸ਼ਣ ਲਈ ਵਚਨਬੱਧ ਹਾਂ।’ ਸਾਕੀ ਨੇ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਵੀ ਵੀਰਵਾਰ ਨੂੰ ਯੂਰੋਪ ਵਿਚ ਮੁਲਾਕਾਤ ਕਰਨਗੇ, ਬਸ਼ਰਤੇ ਰੂਸ ਫ਼ੌਜੀ ਕਾਰਵਾਈ ਵੱਲ ਨਾ ਵਧੇ। ਸਾਕੀ ਨੇ ਕਿਹਾ ਕਿ ਅਮਰੀਕਾ ਕੂਟਨੀਤੀ ਦੇ ਰਾਹ ਉਤੇ ਚੱਲਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਬਾਇਡਨ ਨੇ ਮੈਕਰੌਂ ਨਾਲ ਐਤਵਾਰ ਗੱਲ ਕੀਤੀ ਸੀ ਤੇ ਦੋਵਾਂ ਆਗੂਆਂ ਨੇ ਯੂਕਰੇਨ ਦੀਆਂ ਸਰਹੱਦਾਂ ਉਤੇ ਰੂਸ ਦੇ ਸੈਨਿਕਾਂ ਦੀ ਤਾਇਨਾਤੀ ਦੇ ਜਵਾਬ ਵਿਚ ਕੂਟਨੀਤਕ ਤੇ ਹੋਰ ਯਤਨਾਂ ਉਤੇ ਚਰਚਾ ਕੀਤੀ।
ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਬਾਇਡਨ ਤੇ ਪੂਤਿਨ ਨਾਲ ਗੱਲ ਕਰ ਕੇ ਸਿਖ਼ਰ ਸੰਮੇਲਨ ਦੀ ਤਜਵੀਜ਼ ਰੱਖੀ ਹੈ। ਦੋਵਾਂ ਨੇ ਇਹ ਸੱਦਾ ਕਬੂਲ ਲਿਆ ਹੈ। ਇਸ ਬਾਰੇ ਹੁਣ ਅਗਲੀ ਰਣਨੀਤੀ ਅਮਰੀਕਾ ਤੇ ਰੂਸ ਦੇ ਵਿਦੇਸ਼ ਮੰਤਰੀਆਂ ਦਰਮਿਆਨ 24 ਨੂੰ ਹੋਣ ਵਾਲੀ ਮੁਲਾਕਾਤ ਵਿਚ ਬਣਾਈ ਜਾਵੇਗੀ।
ਪੂਤਿਨ ਨੇ ਕਰੈਮਲਿਨ ਸਕਿਉਰਿਟੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦੀ
ਰੂਸ ਤੇ ਯੂਕਰੇਨ ਦਰਮਿਆਨ ਜੰਗ ਛਿੜਨ ਦੇ ਆਸਾਰ ਵਧਦੇ ਜਾ ਰਹੇ ਹਨ। ਰੂਸ ਵਲੋਂ ਯੂਕਰੇਨ ਖ਼ਿਲਾਫ਼ ਜੰਗ ਛੇੜੀ ਜਾਵੇਗੀ ਕਿ ਨਹੀਂ, ਇਸ ਬਾਰੇ ਫੈਸਲਾ ਅੱਜ ਦੇਰ ਰਾਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲੈਣਗੇ। ਉਨ੍ਹਾਂ ਕਰੈਮਲਿਨ ਸਕਿਉਰਿਟੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ ਜਿਸ ਵਿਚ ਪੂਰਬੀ ਯੂਕਰੇਨ ਵਿਚ ਵਿਦਰੋੋਹੀਆਂ ਦੇ ਕਬਜ਼ੇ ਵਾਲੇ ਲੁਹਾਂਸਕ ਤੇ ਡੋਨੇਸਟਕ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਬਾਰੇ ਫੈਸਲਾ ਕੀਤਾ ਜਾਵੇਗਾ ਪਰ ਪੂਤਿਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਤਣਾਅ ਘੱਟ ਕਰਨ ਲਈ ਸ਼ਾਂਤੀ ਯੋਜਨਾ ਬਹਾਲ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਇਹ ਵੀ ਪਤਾ ਲੱਗਾ ਹੈ ਕਿ ਰਾਸ਼ਟਰਪਤੀ ਪੂਤਿਨ ਰੂਸ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਰੂਸ ਨੇ ਅੱਜ ਦਾਅਵਾ ਕੀਤਾ ਸੀ ਕਿ ਉਸ ਦੀ ਸਰਹੱਦ ਵਿਚ ਦਾਖਲ ਹੋ ਕੇ ਨੁਕਸਾਨ ਪਹੁੰਚਾਉਣ ਵਾਲੇ ਯੂਕਰੇਨ ਦੇ ਪੰਜ ਫੌਜੀਆਂ ਨੂੰ ਮਾਰ ਦਿੱਤਾ ਗਿਆ ਹੈ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ-ਯੂਕਰੇਨ ਸਰਹੱਦ ’ਤੇ ਗੋਲੀਬਾਰੀ ਵਿਚ ਯੂਕਰੇਨੀ ਨਾਗਰਿਕ ਦੀ ਮੌਤ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly