ਮਾਸਕੋ (ਸਮਾਜ ਵੀਕਲੀ): ਯੂਕਰੇਨ ਵਿੱਚ ਫੌਜੀ ਕਾਰਵਾਈ ਦੇ ਸੱਤਵੇਂ ਦਿਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਵੱਲੋਂ ਅਸਿੱਧੇ ਰੂਪ ਵਿੱਚ ਦਿੱਤੀ ਪਰਮਾਣੂ ਹਮਲੇ ਦੀ ਚੇਤਾਵਨੀ ਦਰਮਿਆਨ ਸੰਯੁਕਤ ਰਾਸ਼ਟਰ ਦੀ 193ਵੇਂ ਮੈਂਬਰੀ ਜਨਰਲ ਅਸੈਂਬਲੀ ਨੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਖਿਲਾਫ਼ ਪੇਸ਼ ਮਤੇ ਨੂੰ ਪਾਸ ਕਰ ਦਿੱਤਾ ਹੈ। ਯੂਕਰੇਨ ’ਚੋਂ ਰੂਸੀ ਫੌਜਾਂ ਹਟਾਉਣ ਲਈ ਪੇਸ਼ ਮਤੇ ਦੇ ਹੱਕ ਵਿੱਚ 141 ਵੋਟ ਪੲੇ ਜਦੋਂਕਿ ਪੰਜ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਭਾਰਤ ਸਣੇ 35 ਮੈਂਬਰ ਮੁਲਕ ਵੋਟਿੰਗ ਮੌਕੇ ਗੈਰਹਾਜ਼ਰ ਰਹੇ। ਮਤਾ ਪਾਸ ਹੋਣ ਮੌਕੇ ਜਨਰਲ ਅਸੈਂਬਲੀ ’ਚ ਤਾੜੀਆਂ ਨਾਲ ਇਸ ਦਾ ਸਵਾਗਤ ਕੀਤਾ ਗਿਆ। ਉਧਰ ਯੂਕਰੇਨ ਨੇ ਰੂਸੀ ਹਮਲੇ ਵਿੱਚ 2000 ਆਮ ਨਾਗਰਿਕਾਂ ਦੇ ਮਾਰੇ ਜਾਣ ਅਤੇ ਟਰਾਂਸਪੋਰਟ, ਹਸਪਤਾਲ, ਸਕੂਲਾਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਵੱਡਾ ਨੁਕਸਾਨ ਪੁੱਜਣ ਦਾ ਦਾਅਵਾ ਕੀਤਾ ਹੈ।
ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪਿਛਲੇ 6 ਦਿਨਾਂ ਦੌਰਾਨ ਲਗਪਗ 6000 ਰੂਸੀ ਫੌਜੀ ਮਾਰੇ ਗਏ ਹਨ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਬੰਦਰਗਾਹੀ ਸ਼ਹਿਰ ਖੇਰਸਾਨ ’ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਯੂਰੋਪੀ ਯੂਨੀਅਨ ਨੇ ਜੰਗ ਦੇ ਝੰਬੇ ਯੂਕਰੇਨ ਦੇ ਪੁਨਰ ਨਿਰਮਾਣ ਲਈ 100 ਅਰਬ ਯੂਰੋ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰੂਸ ਦੇ ਕਬਜ਼ੇ ਵਾਲੇ ਕਰੈਮਲਿਨ ਨੇ ਭਗੌੜੇ ਯੂਕਰੇਨੀ ਰਾਸ਼ਟਰਪਤੀ ਵਿਕਟਰ ਯਾਕੋਂਵਿਚ ਨੂੰ ਯੂਕਰੇਨ ਦਾ ਨਵਾਂ ਰਾਸ਼ਟਰਪਤੀ ਐਲਾਨੇ ਜਾਣ ਲਈ ਪੇਸ਼ਬੰਦੀਆਂ ਆਰੰਭ ਦਿੱਤੀਆਂ ਹਨ। ਯਾਕੋਂਵਿਚ ਮੌਜੂਦਾ ਸਮੇਂ ਮਿੰਸਕ (ਬੇਲਾਰੂਸ) ਵਿੱਚ ਹੈ। ਯੂਐੱਨ ਆਮ ਸਭਾ ਵਿੱਚ ਕਿਸੇ ਵੀ ਮਤੇ ਨੂੰ ਦੋ-ਤਿਹਾਈ ਬਹੁਮੱਤ ਮਿਲਣ ਮਗਰੋਂ ਹੀ ਪ੍ਰਵਾਨ ਕੀਤਾ ਜਾਂਦਾ ਹੈ। ਮਤੇ ਵਿੱਚ ਪਰਮਾਣੂ ਬਲਾਂ ਨੂੰ ਤਿਆਰ ਬਰ ਤਿਆਰ ਰੱਖਣ ਅਤੇ ਯੂਕਰੇਨ ਖਿਲਾਫ਼ ‘ਗੈਰਕਾਨੂੰਨੀ ਬਲ’ ਦੀ ਵਰਤੋਂ ਲਈ ਬੇਲਾਰੂਸ ਦੀ ਸ਼ਮੂਲੀਅਤ ਦੀ ਨਿਖੇਧੀ ਕੀਤੀ ਗਈ। ਮਤੇ ਵਿੱਚ ਕੌਮਾਂਤਰੀ ਪੇਸ਼ਬੰਦੀਆਂ ਦਾ ਵੀ ਸੱਦਾ ਦਿੱਤਾ ਗਿਆ। ਮਤੇ ਵਿੱਚ ਅਪੀਲ ਕੀਤੀ ਗਈ ਕਿ ਰੂਸ ਤੇ ਯੂਕਰੇਨ ਵਿਚਾਲੇ ਜਾਰੀ ਟਕਰਾਅ ਨੂੰ ਸਿਆਸੀ ਸੰਵਾਦ, ਵਿਚੋਲਗੀ ਤੇ ਹੋਰਨਾਂ ਸਾਂਤੀਪੂਰਨ ਢੰਗ ਤਰੀਕਿਆਂ ਨਾਲ ਹੱਲ ਕੀਤਾ ਜਾਵੇ। ਵਰਨਣਯੋਗ ਹੈ ਕਿ ਯੂਐੱਨ ਆਮ ਸਭਾ ਵਿੱਚ ਪੇਸ਼ ਮਤਾ ਪਿਛਲੇ ਸ਼ੁੱਕਰਵਾਰ ਨੂੰ 15 ਮੈਂਬਰੀ ਸਲਾਮਤੀ ਕੌਂਸਲ ਵਿੱਚ ਪੇਸ਼ ਮਤੇ ਨਾਲ ਮਿਲਦਾ ਜੁਲਦਾ ਹੈ, ਜਿਸ ਨੂੰ ਰੂਸ ਨੇ ਉਦੋਂ ਵੀਟੋ ਕਰ ਦਿੱਤਾ ਸੀ। ਮਤੇ ਦੇ ਹੱਕ ਵਿੱਚ 11 ਵੋਟਾਂ ਪਈਆਂ ਸਨ ਤੇ ਤਿੰਨ ਮੈਂਬਰ ਗੈਰਹਾਜ਼ਰ ਰਹੇ ਸਨ।
ਰੂਸੀ ਵਿਦੇਸ਼ ਮੰਤਰੀ ਲੈਵਰੋਵ ਨੇ ਕਿਹਾ ਕਿ ਤੀਜੀ ਆਲਮੀ ਜੰਗ ਹੋਈ ਤਾਂ ਇਸ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਹੋਵੇਗੀ ਤੇ ਜੰਗ ਵਧੇਰੇ ਵਿਨਾਸ਼ਕਾਰੀ ਤੇ ਤਬਾਹਕੁਨ ਹੋਵੇਗੀ। ਲੈਵਰੋਵ ਨੇ ਯੂਕਰੇਨ ਉੱਤੇ ਕੀਤੇ ਹਮਲੇ ਨੂੰ ਵਿਸ਼ੇਸ਼ ਫੌਜੀ ਅਪਰੇਸ਼ਨ ਦੱਸਦਿਆਂ ਕਿਹਾ ਕਿ ਜੇਕਰ ਕੀਵ ਨੇ ਪ੍ਰਮਾਣੂ ਹਥਿਆਰ ਹਾਸਲ ਕੀਤੇ ਤਾਂ ਉਸ ਨੂੰ ‘ਅਸਲ ਖ਼ਤਰੇ’ ਨਾਲ ਦੋ-ਚਾਰ ਹੋਣਾ ਪਏਗਾ। ਉਧਰ ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਯੂਕਰੇਨ ਦੀ ਢਾਈ ਲੱਖ ਦੀ ਆਬਾਦੀ ਵਾਲੇ ਸਾਹਿਲੀ ਸ਼ਹਿਰ ਖੇਰਸਾਨ ’ਤੇ ਕਬਜ਼ਾ ਕਰ ਲਿਆ ਹੈ। ਖੇਰਸਾਨ ਰਣਨੀਤਕ ਤੌਰ ’ਤੇ ਬਹੁਤ ਅਹਿਮ ਇਲਾਕਾ ਹੈ, ਜਿੱਥੇ ਨਾਈਪਰ ਨਦੀ ਕਾਲੇ ਸਾਗਰ ਵਿੱਚ ਡਿੱਗਦੀ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਸਲਾਹਕਾਰ ਓਲੈਕਸੀ ਅਰੈਸਟੋਵਿਚ ਨੇ ਹਾਲਾਂਕਿ ਰੂਸ ਦੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ‘ਸ਼ਹਿਰ ਅਜੇ ਵੀ ਸਾਡੇ ਹੱਥਾਂ ਵਿੱਚ ਹੈ ਤੇ ਅਸੀਂ ਮੁਕਾਬਲਾ ਦੇਵਾਂਗੇ’। ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿੱਚ ਹਮਲੇ ਅੱਜ ਵੀ ਬਾਦਸਤੂਰ ਜਾਰੀ ਰਹੇ। ਰੂਸੀ ਪੈਰਾਟਰੁੱਪਰਾਂ ਦੇ ਸ਼ਹਿਰ ਵਿੱਚ ਪੁੱਜਣ ਨਾਲ ਖਾਰਕੀਵ ਦੀਆਂ ਸੜਕਾਂ ’ਤੇ ਦੋਵਾਂ ਧਿਰਾਂ ’ਚ ਟਕਰਾਅ ਵਧ ਗਿਆ। ਰੂਸ ਨੇ ਖੇਤਰੀ ਪੁਲੀਸ ਤੇ ਇੰਟੈਲੀਜੈਂਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ।
ਹਮਲੇ ਵਿੱਚ ਚਾਰ ਵਿਅਕਤੀ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੀ ਸਰਕਾਰੀ ਹੰਗਾਮੀ ਸੇਵਾ ਨੇ ਰੂਸੀ ਹਮਲੇ ਵਿੱਚ ਕੁਝ ਰਿਹਾਇਸ਼ੀ ਇਮਾਰਤਾਂ ਨੁਕਸਾਨੇ ਜਾਣ ਦਾ ਵੀ ਦਾਅਦਾ ਕੀਤਾ। ਹਮਲੇ ਕਰਕੇ ਪੰਜ ਮੰਜ਼ਿਲਾ ਪੁਲੀਸ ਇਮਾਰਤ ਦੀ ਛੱਤ ਉੱਡ ਗਈ। ਇਸ ਤੋਂਂ ਪਹਿਲਾਂ ਰੂਸੀ ਫੌਜ ਨੇ ਲੰਘੇ ਦਿਨ ਖਾਰਕੀਵ ਵਿੱਚ ਕੇਂਦਰੀ ਚੌਕ ਅਤੇ ਰਾਜਧਾਨੀ ਕੀਵ ਵਿੱਚ ਟੀਵੀ ਟਾਵਰ ਨੂੰ ਨਿਸ਼ਾਨਾ ਬਣਾਇਆ ਸੀ। ਰੂਸੀ ਹਮਲੇ ਮਗਰੋੋਂ ਹੁਣ ਤੱਕ 8.74 ਲੱਖ ਲੋਕ ਯੂਕਰੇਨ ਤੋਂ ਭੱਜ ਗਏ ਹਨ ਤੇ ਯੂਐੱਨ ਦੀ ਰਫਿਊਜੀ ੲੇਜੰਸੀ ਨੇ ਚੇਤਾਵਨੀ ਦਿੱਤੀ ਕਿ ਜਲਦੀ ਹੀ ਇਹ ਅੰਕੜਾ 10 ਲੱਖ ਨੂੰ ਟੱਪ ਜਾਵੇਗਾ। ਜਿਹੜੇ ਲੋਕ ਯੂਕਰੇਨ ’ਚ ਮੌਜੂਦ ਹਨ, ਉਨ੍ਹਾਂ ਨੇ ਬੰਕਰਾਂ ਜਾਂ ਜ਼ਮੀਨਦੋਜ਼ ਮੈਟਰੋ ਸਟੇਸ਼ਨਾਂ ’ਤੇ ਸ਼ਰਨ ਲਈ ਹੋਈ ਹੈ। ਰੂਸ-ਯੂਕਰੇਨ ਜੰਗ ਦੇ ਸੱਤਵੇਂ ਦਿਨ ਭਾਵੇਂ ਦੋਵਾਂ ਮੁਲਕਾਂ ਨੇ ਫੌਜਾਂ ਦੇ ਜਾਨੀਂ ਨੁਕਸਾਨ ਸਬੰਧੀ ਕੋਈ ਅੰਕੜਾ ਜਾਰੀ ਨਹੀਂ ਕੀਤਾ, ਪਰ ਯੂਕਰੇਨ ਦੀ ਸਰਕਾਰੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਦੋ ਹਜ਼ਾਰ ਤੋਂ ਵੱਧ ਸਿਵਲੀਅਨਾਂ ਦੀ ਜਾਨ ਜਾਂਦੀ ਰਹੀ ਹੈ, ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ।
‘ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਦਫ਼ਤਰ ਨੇ 136 ਆਮ ਨਾਗਰਿਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ, ਪਰ ਨਾਲ ਹੀ ਇਹ ਵੀ ਮੰਨਿਆ ਕਿ ਅਸਲ ਅੰਕੜਾ ਕਿਤੇ ਵੱਧ ਹੈ। ਖਾਰਕੀਵ ਦੇ ਕੇਂਦਰੀ ਚੌਕ ’ਤੇ ਹਮਲੇ ਨੂੰ ‘ਜੰਗੀ ਅਪਰਾਧ’ ਦੱਸਣ ਤੋਂ ਇਕ ਦਿਨ ਮਗਰੋਂ ਯੂਕਰੇਨੀ ਸਦਰ ਜ਼ੇਲੈਂਸਕੀ ਨੇ ਬੁੱਧਵਾਰ ਨੂੰ ਰੂਸ ਵੱਲੋਂ ਬਾਬੀ ਯਾਰ ’ਤੇ ਕੀਤੇ ਹਮਲੇ ਮਗਰੋਂ ਫ਼ਿਕਰ ਜ਼ਾਹਿਰ ਕੀਤਾ ਹੈ ਕਿ ਸੇਂਟ ਸੋਫੀਆ ਗਿਰਜਾਘਰ ਜਿਹੀਆਂ ਇਤਿਹਾਸਕ ਤੇ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜ਼ੇਲੈਂਸਕੀ ਨੇ ਫੇਸਬੁੱਕ ’ਤੇ ਪਾਈ ਆਪਣੀ ਤਕਰੀਰ ’ਚ ਕਿਹਾ, ‘‘ਰੂਸੀ ਫੌਜਾਂ ਕੋਲ ਸਾਡੇ ਇਤਿਹਾਸ, ਸਾਡੇ ਮੁਲਕ ਤੇ ਸਾਨੂੰ ਸਾਰਿਆਂ ਨੂੰ ਮਿਟਾਉਣ ਦੇ ਹੁਕਮ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly