- ਖਾਰਕੀਵ ਦੀ ਕੌਮੀ ਮੈਡੀਕਲ ਯੂਨੀਵਰਸਿਟੀ ਵਿੱਚ ਚੌਥੇ ਸਾਲ ਦਾ ਵਿਦਿਆਰਥੀ ਸੀ
- ਭਾਰਤ ਨੇ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨੂੰ ਸੱਦ ਕੇ ਨਾਗਰਿਕਾਂ ਲਈ ‘ਸੁਰੱਖਿਅਤ ਲਾਂਘਾ’ ਮੰਗਿਆ
ਨਵੀਂ ਦਿੱਲੀ (ਸਮਾਜ ਵੀਕਲੀ) ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਅੱਜ ਰੂਸੀ ਫੌਜ ਵੱਲੋਂ ਕੀਤੀ ਗੋਲਾਬਾਰੀ ’ਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਨਵੀਨ ਸ਼ੇਖਰੱਪਾ ਗਿਆਨਗੌਦਰ(20) ਵਜੋਂ ਦੱਸੀ ਗਈ ਹੈ, ਜੋ ਖਾਰਕੀਵ ਦੀ ਕੌਮੀ ਮੈਡੀਕਲ ਯੂਨੀਵਰਸਿਟੀ ’ਚ ਚੌਥੇ ਸਾਲ ਦਾ ਵਿਦਿਆਰਥੀ ਸੀ। ਇਸ ਦੌਰਾਨ ਭਾਰਤ ਦੇ ਵਿਦੇਸ਼ ਸਕੱਤਰ ਨੇ ਅੱਜ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਸੱਦ ਕੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਲਈ ‘ਸੁਰੱਖਿਅਤ ਲਾਂਘੇ’ ਦੀ ਆਪਣੀ ਮੰਗ ਦੁਹਰਾਈ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਡੂੰਘੇ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ।’’ ਕਰਨਾਟਕ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਕਮਿਸ਼ਨਰ ਮਨੋਜ ਰਾਜਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਨਵੀਨ ਸ਼ੇਖਰੱਪਾ ਗਿਆਨਾਗੌਦਰ ਨਾਂ ਦਾ ਵਿਦਿਆਰਥੀ, ਜੋ ਹਾਵੇਰੀ ਜ਼ਿਲ੍ਹੇ ਦੇ ਚਾਲਾਗੇਰੀ ਦਾ ਜੱਦੀ ਵਸਨੀਕ ਸੀ, ਖਾਰਕੀਵ ’ਚ ਗੋਲੀਬਾਰੀ ਦੌਰਾਨ ਮਾਰਿਆ ਗਿਆ।’’
ਇਸ ਦੌਰਾਨ ਇਕ ਖ਼ਬਰ ਚੈਨਲ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਨਵੀਨ ਨਾਲ ਹੋਸਟਲ ਵਿੱਚ ਰਹਿੰਦੇ ਸ੍ਰੀਧਰਨ ਗੋਪਾਲਾਕ੍ਰਿਸ਼ਨਨ ਨੇ ਦੱਸਿਆ ਕਿ ‘ਨਵੀਨ ਦੀ ਯੂਕਰੇਨੀਅਨ ਸਮੇਂ ਅਨੁਸਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਗੋਲੀਆਂ ਲੱਗਣ ਕਰਕੇ ਮੌਤ ਹੋਈ। ਨਵੀਨ ਇਕ ਕਰਿਆਨੇ ਦੀ ਦੁਕਾਨ ਬਾਹਰ ਕਤਾਰ ਵਿੱਚ ਖੜ੍ਹਾ ਸੀ, ਜਦੋਂ ਰੂਸੀ ਫੌਜ ਨੇ ਲੋਕਾਂ ’ਤੇ ਗੋਲੀਆਂ ਚਲਾਈਆਂ। ਸਾਨੂੰ ਉਸ ਦੀ ਮ੍ਰਿਤਕ ਦੇਹ ਬਾਰੇ ਕੁਝ ਨਹੀਂ ਪਤਾ। ਸਾਡੇ ’ਚੋਂ ਕੋਈ ਵੀ ਹਸਪਤਾਲ ਨਹੀਂ ਜਾ ਸਕਿਆ, ਜਿੱਥੇ ਉਸ ਦੀ ਮ੍ਰਿਤਕ ਦੇਹ ਰੱਖੀ ਹੋ ਸਕਦੀ ਹੈ।’’ ਉਧਰ ਖਾਰਕੀਵ ਵਿੱਚ ਵਿਦਿਆਰਥੀ ਕੋਆਰਡੀਨੇਟਰ ਪੂਜਾ ਪ੍ਰਹਾਰਾਜ ਨੇ ਕਿਹਾ ਕਿ ਨਵੀਨ ਖਾਣਾ ਲੈਣ ਲਈ ਬਾਹਰ ਗਿਆ ਸੀ ਤੇ ਉਹ ਗਵਰਨਰ ਹਾਊਸ ਦੇ ਪਿਛਲੇ ਪਾਸੇ ਰਹਿੰਦਾ ਸੀ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਸਕੱਤਰ ਨੇ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਸੱਦ ਕੇ ਖਾਰਕੀਵ ਤੇ ਹੋਰਨਾਂ ਸ਼ਹਿਰਾਂ ਵਿੱਚ ਗੋਲਾਬਾਰੀ ਦੀ ਜ਼ੱਦ ਵਿੱਚ ਆਏ ਭਾਰਤੀ ਨਾਗਰਿਕਾਂ ਨੂੰ ‘ਫੌਰੀ ਸੁਰੱਖਿਅਤ ਲਾਂਘਾ’ ਦੇਣ ਦੀ ਮੰਗ ਦੁਹਰਾਈ ਹੈ।
ਮੰਤਰਾਲੇ ਨੇ ਕਿਹਾ ਕਿ ਰੂਸ ਤੇ ਯੂਕਰੇਨ ਵਿਚਲੇ ਸਾਡੇ ਰਾਜਦੂਤਾਂ ਵੱਲੋਂ ਸਬੰਧਤ ਅਥਾਰਿਟੀਜ਼ ਕੋਲ ਇਹੀ ਮੰਗ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਖਾਰਕੀਵ ਵਿੱਚ ਨਿੱਤ ਵਿਗੜਦੇ ਹਾਲਾਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਸ਼ਹਿਰ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਸਲਾਮਤੀ ਸਰਕਾਰ ਦੀ ਸਿਖਰਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਸਬੰਧੀ ਰੂਸੀ ਤੇ ਯੂਕਰੇਨੀ ਅੰਬੈਸੀਆਂ ’ਤੇ ‘ਦਬਾਅ’ ਪਾ ਰਿਹਾ ਹੈ। ਸੂਤਰ ਨੇ ਕਿਹਾ, ‘‘ਯੂਕਰੇਨੀ ਸਰਹੱਦ ਦੇ ਬਿਲਕੁਲ ਨੇੜੇ ਰੂਸੀ ਸ਼ਹਿਰ ਬੈਲਗੋਰੋਡ ਵਿੱਚ ਭਾਰਤੀ ਟੀਮ ਮੌਜੂਦ ਹੈ, ਪਰ ਖਾਰਕੀਵ ਤੇ ਨੇੇੜਲੇ ਸ਼ਹਿਰਾਂ ਵਿੱਚ ਬਣੇ ਮੁਸ਼ਕਲ ਹਾਲਾਤ ਅੜਿੱਕਾ ਬਣ ਰਹੇ ਹਨ।’’ ਚਾਰ ਕੇਂਦਰੀ ਮੰਤਰੀ ਯੂਕਰੇਨ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੇ ਅਮਲ ਨੂੰ ਤੇਜ਼ ਕਰਨ ਤੇ ਇਸ ਦੀ ਨਿਗਰਾਨੀ ਲਈ ਪਹਿਲਾਂ ਹੀ ਯੂਕਰੇਨ ਦੀਆਂ ਸਰਹੱਦਾਂ ਨਾਲ ਲੱਗਦੇ ਯੂੁਰਪੀ ਮੁਲਕਾਂ ਵਿੱਚ ਪੁੱਜ ਚੁੱਕੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly