ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਭਾਰਤ ਨੇ ਅੱਜ ਕਿਹਾ ਕਿ ਉਹ ਯੂਕਰੇਨ ਵਿੱਚ ਲਗਾਤਾਰ ਵਿਗੜਦੇ ਹਾਲਾਤ ਤੋਂ ਬੇਹੱਦ ਫ਼ਿਕਰਮੰਦ ਹੈ। ਭਾਰਤ ਨੇ ਹਿੰਸਾ ਦੇ ਫੌਰੀ ਖਾਤਮੇ ਦੇ ਆਪਣੇ ਸੱਦੇ ਨੂੰ ਦੁਹਰਾਉਂਦਿਆਂ ਦੋਵਾਂ ਮੁਲਕਾਂ (ਰੂਸ ਤੇ ਯੂਕਰੇਨ) ਦਰਮਿਆਨ ਦੁਸ਼ਮਣੀ ਖ਼ਤਮ ਕੀਤੇ ਜਾਣ ਦੀ ਗੱਲ ਵੀ ਆਖੀ। ਭਾਰਤ ਨੇ ਕਿਹਾ ਕਿ ਵਖਰੇਵਿਆਂ ਨੂੰ ਇਮਾਨਦਾਰ, ਸੰਜੀਦਾ ਤੇ ਟਿਕਾਊ ਸੰਵਾਦ ਜ਼ਰੀਏ ਹੀ ਖ਼ਤਮ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ.ਤ੍ਰਿਮੂਰਤੀ ਨੇ ਯੂਕਰੇਨ ਨੂੰ ਲੈ ਕੇ ਸੱਦੇ ਯੂਐੱਨ ਆਮ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੈਂਬਰ ਮੁਲਕਾਂ ਨੂੰ ਦੱਸਿਆ ਕਿ ਨਵੀਂ ਦਿੱਲੀ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਉਥੋਂ ਵਾਪਸ ਲਿਆਉਣ ਲਈ ਹਰ ਸੰਭਵ ਤੇ ਜ਼ਰੂਰੀ ਕਦਮ ਚੁੱਕੇਗਾ।
ਭਾਰਤੀ ਨੁਮਾਇੰਦੇ ਨੇ ਕਿਹਾ, ‘‘ਯੂਕਰੇਨ ਦੇ ਨਿੱਤ ਵਿਗੜਦੇ ਹਾਲਾਤ ਤੋਂ ਭਾਰਤ ਵੱਡਾ ਫ਼ਿਕਰਮੰਦ ਹੈ। ਅਸੀਂ ਫੌਰੀ ਹਿੰਸਾ ਤੇ ਦੁਸ਼ਮਣੀ ਖ਼ਤਮ ਕੀਤੇ ਜਾਣ ਦੀ ਆਪਣੀ ਮੰਗ ਦੁਹਰਾਉਂਦੇ ਹਾਂ।’’ ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਦਾ ਇਹ ਮੰਨਣਾ ਹੈ ਕਿ ਕੂਟਨੀਤੀ ਦੇ ਰਾਹ ਪੈਣ ਤੋਂ ਛੁੱਟ ਹੋਰ ਕੋਈ ਬਦਲ ਨਹੀਂ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਤੇ ਯੁੂਕਰੇਨ ਦੀ ਲੀਡਰਸ਼ਿਪ ਨਾਲ ਕੀਤੀ ਗੱਲਬਾਤ ਦੇ ਹਵਾਲੇ ਨਾਲ ਤ੍ਰਿਮੂਰਤੀ ਨੇ ਕਿਹਾ, ‘‘ਅਸੀਂ ਆਪਣੀ ਇਸ ਦ੍ਰਿੜ ਧਾਰਨਾ ਨੂੰ ਦੁਹਰਾਉਂਦੇ ਹਾਂ ਕਿ ਸਾਰੇ ਵਖਰੇਵੇਂ ਇਮਾਨਦਾਰ, ਸੰਜੀਦਾ ਤੇ ਟਿਕਾਊ ਸੰਵਾਦ ਨਾਲ ਹੀ ਹੱਲ ਕੀਤੇ ਜਾ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਸਰਹੱਦੀ ਲਾਂਘਿਆਂ ’ਤੇ ਬਣੇ ਗੁੰਝਲਦਾਰ ਤੇ ਬੇਯਕੀਨੀ ਵਾਲੇ ਮਾਹੌਲ ਕਰਕੇ ਲੋਕਾਂ ਦੀ ਆਮਦੋਰਫ਼ਤ ’ਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ, ‘ਲੋਕ ਹਿੱਤ ਵਿੱਚ ਇਸ ਮੁੱਦੇ ਨੂੰ ਫੌਰੀ ਮੁਖਾਤਿਬ ਹੋਣ ਦੀ ਲੋੜ ਹੈ।’’ ਨੇ ਕਿਹਾ, ‘‘ਅਸੀਂ ਆਪਣੇ ਗੁਆਂਢੀਆਂ ਤੇ ਵਿਕਾਸਸ਼ੀਲ ਮੁਲਕਾਂ, ਜਿਨ੍ਹਾਂ ਦੇ ਲੋਕ ਯੂਕਰੇਨ ਵਿੱਚ ਫਸੇ ਹੋਏ ਹਨ ਤੇ ਸਹਿਯੋਗ ਮੰਗ ਸਕਦੇ ਹਨ, ਦੀ ਮਦਦ ਲਈ ਤਿਆਰ ਹਾਂ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly