HOME ਬਰਤਾਨੀਆ ਦੇ ‘ਲਾਟਰੀ ਵੀਜ਼ਾ’ ਲਈ ਅੱਜ ਖੁੱਲ੍ਹੇਗੀ ਆਖ਼ਰੀ ਬੈਲਟ, ਭਾਰਤੀ ਨੌਜਵਾਨਾਂ ਕੋਲ...

ਬਰਤਾਨੀਆ ਦੇ ‘ਲਾਟਰੀ ਵੀਜ਼ਾ’ ਲਈ ਅੱਜ ਖੁੱਲ੍ਹੇਗੀ ਆਖ਼ਰੀ ਬੈਲਟ, ਭਾਰਤੀ ਨੌਜਵਾਨਾਂ ਕੋਲ ਦੋ ਸਾਲ ਲਈ ਯੂਕੇ ਆ ਕੇ ਕੰਮ ਅਤੇ ਪੜਾਈ ਕਰਨ ਦਾ ਸੁਨਹਿਰੀ ਮੌਕਾ

10
21 ਤੋਂ 23 ਜੁਲਾਈ ਤੱਕ ਮੁਫ਼ਤ ਹੋਵੇਗੀ ਆਨਲਾਈਨ ਐਂਟਰੀ, ਚੁਣੇ ਗਏ ਉਮੀਦਵਾਰਾਂ ਨੂੰ ਮਿਲੇਗਾ ਵੀਜ਼ੇ ਲਈ ਅਰਜ਼ੀ ਦਾ ਸੱਦਾ
ਲੈਸਟਰ(ਇੰਗਲੈਂਡ),,   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ) – ਬਰਤਾਨੀਆ ਵਿੱਚ ਪੜ੍ਹਾਈ, ਰੁਜ਼ਗਾਰ ਅਤੇ ਅੰਤਰਰਾਸ਼ਟਰੀ ਤਜਰਬਾ ਹਾਸਲ ਕਰਨ ਦੇ ਇੱਛੁਕ ਭਾਰਤੀ ਨੌਜਵਾਨਾਂ ਲਈ ਅੱਜ ਤੋਂ ਇੱਕ ਵੱਡਾ ਮੌਕਾ ਖੁੱਲ੍ਹਣ ਜਾ ਰਿਹਾ ਹੈ। ਬਰਤਾਨੀਆ ਸਰਕਾਰ ਵੱਲੋਂ ਇੰਡੀਆ ਯੰਗ ਪ੍ਰੋਫੈਸ਼ਨਲਜ਼ ਸਕੀਮ (India Young Professionals Scheme) ਤਹਿਤ ਸਾਲ 2026 ਦੀ ਦੂਜੀ ਅਤੇ ਆਖ਼ਰੀ ਬੈਲਟ 21 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਆਮ ਬੋਲਚਾਲ ਵਿੱਚ ਇਸ ਨੂੰ “ਲਾਟਰੀ ਵੀਜ਼ਾ” ਕਿਹਾ ਜਾਂਦਾ ਹੈ, ਕਿਉਂਕਿ ਯੋਗ ਉਮੀਦਵਾਰਾਂ ਦੀ ਚੋਣ ਕੰਪਿਊਟਰ ਰਾਹੀਂ ਰੈਂਡਮ ਡਰਾਅ (ਲਾਟਰੀ) ਰਾਹੀਂ ਕੀਤੀ ਜਾਂਦੀ ਹੈ।
ਬਰਤਾਨੀਆ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਬੈਲਟ 21 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਖੁੱਲ੍ਹੇਗੀ ਅਤੇ 23 ਜੁਲਾਈ ਨੂੰ ਦੁਪਹਿਰ 1.30 ਵਜੇ ਬੰਦ ਹੋ ਜਾਵੇਗੀ। ਉਮੀਦਵਾਰ ਇਸ 48 ਘੰਟਿਆਂ ਦੀ ਮਿਆਦ ਦੌਰਾਨ ਕਿਸੇ ਵੀ ਸਮੇਂ ਆਪਣੀ ਐਂਟਰੀ ਜਮ੍ਹਾਂ ਕਰਵਾ ਸਕਦੇ ਹਨ। ਬੈਲਟ ਵਿੱਚ ਹਿੱਸਾ ਲੈਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਇੱਕ ਵਿਅਕਤੀ ਸਿਰਫ਼ ਇੱਕ ਹੀ ਐਂਟਰੀ ਭੇਜ ਸਕੇਗਾ। ਇੱਕ ਤੋਂ ਵੱਧ ਐਂਟਰੀਆਂ ਆਪਣੇ ਆਪ ਰੱਦ ਕਰ ਦਿੱਤੀਆਂ ਜਾਣਗੀਆਂ।
ਇਹ ਸਕੀਮ ਭਾਰਤ ਅਤੇ ਬਰਤਾਨੀਆ ਵਿਚਾਲੇ ਹੋਏ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਸਮਝੌਤੇ ਤਹਿਤ ਚਲਾਈ ਜਾ ਰਹੀ ਹੈ। ਇਸ ਤਹਿਤ 18 ਤੋਂ 30 ਸਾਲ ਦੀ ਉਮਰ ਦੇ ਯੋਗ ਭਾਰਤੀ ਨਾਗਰਿਕਾਂ ਨੂੰ ਬਿਨਾਂ ਪਹਿਲਾਂ ਨੌਕਰੀ ਹਾਸਲ ਕੀਤੇ ਬਰਤਾਨੀਆ ਵਿੱਚ ਦੋ ਸਾਲ ਤੱਕ ਰਹਿਣ, ਨੌਕਰੀ ਕਰਨ, ਪੜ੍ਹਾਈ ਕਰਨ ਅਤੇ ਯਾਤਰਾ ਕਰਨ ਦਾ ਮੌਕਾ ਮਿਲਦਾ ਹੈ। ਹਾਲਾਂਕਿ ਇਸ ਲਈ ਉਮੀਦਵਾਰ ਦਾ ਨਿਰਧਾਰਤ ਵਿਦਿਅਕ ਯੋਗਤਾ ਪੂਰੀ ਕਰਨਾ, ਅੰਗਰੇਜ਼ੀ ਭਾਸ਼ਾ ਦੀ ਸ਼ਰਤ ‘ਤੇ ਖਰਾ ਉਤਰਨਾ ਅਤੇ ਆਪਣੇ ਖ਼ਰਚੇ ਲਈ ਲੋੜੀਂਦੀ ਰਕਮ ਹੋਣਾ ਲਾਜ਼ਮੀ ਹੈ।
ਸਰਕਾਰ ਨੇ ਸਾਲ 2026 ਲਈ ਕੁੱਲ 3,000 ਵੀਜ਼ਾ ਸਥਾਨ ਨਿਰਧਾਰਤ ਕੀਤੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਫਰਵਰੀ ਮਹੀਨੇ ਵਿੱਚ ਹੋਈ ਪਹਿਲੀ ਬੈਲਟ ਰਾਹੀਂ ਭਰੀ ਜਾ ਚੁੱਕੀ ਹੈ, ਜਦਕਿ ਬਾਕੀ ਸਥਾਨ ਹੁਣ ਜੁਲਾਈ ਦੀ ਇਸ ਆਖ਼ਰੀ ਬੈਲਟ ਰਾਹੀਂ ਭਰੇ ਜਾਣਗੇ। ਇਸ ਕਾਰਨ ਇਹ ਉਨ੍ਹਾਂ ਨੌਜਵਾਨਾਂ ਲਈ ਸਾਲ ਦਾ ਆਖ਼ਰੀ ਮੌਕਾ ਹੈ ਜੋ ਪਹਿਲੀ ਬੈਲਟ ਵਿੱਚ ਸਫ਼ਲ ਨਹੀਂ ਹੋ ਸਕੇ ਜਾਂ ਹੁਣ ਪਹਿਲੀ ਵਾਰ ਅਰਜ਼ੀ ਦੇਣਾ ਚਾਹੁੰਦੇ ਹਨ।
ਬੈਲਟ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ ਨੂੰ ਆਪਣਾ ਨਾਮ, ਜਨਮ ਮਿਤੀ, ਪਾਸਪੋਰਟ ਦਾ ਵੇਰਵਾ, ਪਾਸਪੋਰਟ ਦੀ ਸਕੈਨ ਕਾਪੀ, ਮੋਬਾਈਲ ਨੰਬਰ ਅਤੇ ਈ-ਮੇਲ ਪਤਾ ਦਰਜ ਕਰਨਾ ਹੋਵੇਗਾ। ਬੈਲਟ ਬੰਦ ਹੋਣ ਤੋਂ ਲਗਭਗ ਦੋ ਹਫ਼ਤਿਆਂ ਦੇ ਅੰਦਰ ਚੁਣੇ ਅਤੇ ਨਾ-ਚੁਣੇ ਗਏ ਸਾਰੇ ਉਮੀਦਵਾਰਾਂ ਨੂੰ ਈ-ਮੇਲ ਰਾਹੀਂ ਨਤੀਜੇ ਭੇਜੇ ਜਾਣਗੇ। ਜਿਨ੍ਹਾਂ ਦਾ ਨਾਮ ਚੁਣਿਆ ਜਾਵੇਗਾ, ਉਨ੍ਹਾਂ ਨੂੰ 90 ਦਿਨਾਂ ਦੇ ਅੰਦਰ ਵੀਜ਼ੇ ਲਈ ਆਨਲਾਈਨ ਅਰਜ਼ੀ ਦੇਣੀ ਹੋਵੇਗੀ, ਵੀਜ਼ਾ ਫੀਸ ਅਤੇ ਇਮੀਗ੍ਰੇਸ਼ਨ ਹੈਲਥ ਸਰਚਾਰਜ ਅਦਾ ਕਰਨਾ ਹੋਵੇਗਾ ਅਤੇ ਬਾਇਓਮੈਟ੍ਰਿਕ ਕਾਰਵਾਈ ਪੂਰੀ ਕਰਨੀ ਪਵੇਗੀ।
ਇਮੀਗ੍ਰੇਸ਼ਨ ਮਾਹਿਰਾਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ ਬਰਤਾਨੀਆ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਹੀ ਆਪਣੀ ਐਂਟਰੀ ਜਮ੍ਹਾਂ ਕਰਵਾਉਣ ਅਤੇ ਕਿਸੇ ਵੀ ਏਜੰਟ ਜਾਂ ਦਲਾਲ ਦੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਬੈਲਟ ਵਿੱਚ ਦਾਖ਼ਲਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਕਿਸੇ ਨੂੰ ਵੀ ਚੋਣ ਦੀ ਗਾਰੰਟੀ ਦੇਣ ਦਾ ਅਧਿਕਾਰ ਨਹੀਂ। ਚੋਣ ਸਿਰਫ਼ ਰੈਂਡਮ ਡਰਾਅ ਰਾਹੀਂ ਹੀ ਕੀਤੀ ਜਾਂਦੀ ਹੈ, ਇਸ ਲਈ ਕਿਸੇ ਵੀ ਝੂਠੇ ਦਾਅਵੇ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੂਟੇ ਲਗਾ ਕੇ ਮਨਾਇਆ ਗੌਰਵ ਧੀਮਾਨ ਦਾ ਜਨਮਦਿਨ, ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼
Next articleਸੀਨੀਅਰ ਭਾਜਪਾ ਆਗੂ ਸੰਦੀਪ ਸੋਨੂੰ ਭਾਟੀਆ ਨੇ ਮਾਤਾ ਗੁਰਾਂ ਦੇਵੀ ਪਨੇਸਰ ਦੇ ਦਿਹਾਂਤ ‘ਤੇ ਪਰਿਵਾਰ ਨਾਲ ਪ੍ਰਗਟਾਇਆ ਡੂੰਘਾ ਦੁੱਖ