ਚੰਡੀਗੜ੍ਹ/ਮਾਨਸਾ/ਬਠਿੰਡਾ (ਸਮਾਜ ਵੀਕਲੀ): ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਭਲਕੇ ਤਿੰਨ ਜਨਵਰੀ ਨੂੰ ਹੋਣ ਵਾਲੀ ਮੀਟਿੰਗ ਇੱਕ ਵਾਰ ਫਿਰ ਮੁਲਤਵੀ ਹੋ ਗਈ ਹੈ। ਹੁਣ ਮੀਟਿੰਗ ਦੀ ਅਗਲੀ ਤਾਰੀਕ 7 ਜਨਵਰੀ ਤੈਅ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋ ਵਾਰ ਮੀਟਿੰਗ ਮੁਲਤਵੀ ਹੋ ਚੁੱਕੀ ਹੈ। ਕਿਸਾਨ ਜਥੇਬੰਦੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੀਟਿੰਗ ਲਈ ਕੀਤੀ ਜਾ ਰਹੀ ਟਾਲਮਟੋਲ ਦੀ ਨਿਖੇਧੀ ਕੀਤੀ ਹੈ।
ਦੂਜੇ ਪਾਸੇ ਕਿਸਾਨਾਂ ਵੱਲੋਂ 15 ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅਤੇ ਐੱਸਡੀਐੱਮ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਵਿਰੁੱਧ ਵੱਖ-ਵੱਖ ਜ਼ਿਲ੍ਹਿਆਂ ਦੇ 239 ਪਿੰਡਾਂ ਵਿੱਚ ਅਰਥੀ ਫੂਕ ਮੂਜ਼ਾਹਰੇ ਵੀ ਕੀਤੇ ਗਏ।
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ 5 ਜਨਵਰੀ ਦੀ ਪੰਜਾਬ ਫੇਰੀ ਤੋਂ ਅਗਲੇ ਦਿਨ ਚੋਣ ਜ਼ਾਬਤਾ ਲਾਇਆ ਜਾ ਸਕਦਾ ਹੈ। ਕਿਸਾਨਾਂ ਨੇ ਖ਼ਦਸ਼ਾ ਪ੍ਰਗਟਾਇਆ ਸਰਕਾਰ ਚੋਣ ਜ਼ਾਬਤੇ ਦੇ ਮੱਦੇਨਜ਼ਰ ਕਿਸਾਨੀ ਮੰਗਾਂ ਲਈ ਮੀਟਿੰਗ ਕਰਨ ਤੋਂ ਕਤਰਾ ਰਹੀ ਹੈ।
ਯੂਨੀਅਨ ਦੇ ਸੂਬਾਈ ਸਕੱਤਰ ਸ਼ਿੰਗਾਰਾ ਸਿੰਘ ਮਾਨ, ਬਸੰਤ ਸਿੰਘ ਕੋਠਾਗੁਰੂ ਅਤੇ ਪਰਮਜੀਤ ਕੌਰ ਕੋਟੜਾ ਨੇ ਵੀ ਸਰਕਾਰੀ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਸਾਨਾਂ ਨੂੰ ਮੰਨੀਆਂ ਹੋਈਆਂ ਮੰਗਾਂ ਸਰਕਾਰ ਤੋਂ ਲਾਗੂ ਕਰਵਾਉਣ ਲਈ ਵੱਡੀ ਗਿਣਤੀ ’ਚ ਸੰਘਰਸ਼ ਦੇ ਮੈਦਾਨਾਂ ਵਿੱਚ ਆਉਣ ਦੀ ਅਪੀਲ ਕੀਤੀ। ਉਨ੍ਹਾਂ ਚੰਨੀ ਸਰਕਾਰ ਵੱਲੋਂ 100 ਦਿਨਾਂ ’ਚ 100 ਵਾਅਦੇ ਲਾਗੂ ਕਰਨ ਦੇ ਪ੍ਰਚਾਰ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੇ ਖ਼ਰਾਬੇ ਦੇ ਮੁਆਵਜ਼ੇ ਦੀਆਂ ਲਿਸਟਾਂ ਹਾਲੇ ਤਕ ਜਾਰੀ ਨਹੀਂ ਕੀਤੀਆਂ ਅਤੇ ਖ਼ਰਾਬੇ ਦਾ ਮੁਆਵਜ਼ਾ ਪੰਜ ਏਕੜ ਤੱਕ ਸੀਮਤ ਕਰ ਦਿੱਤਾ ਹੈ। ਉਨ੍ਹਾਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵੇ ਨੂੰ ਵੀ ਖੋਖਲਾ ਦੱਸਿਆ ਅਤੇ ਪੰਜਾਬ ਵਿੱਚ ਰੇਤਾ, ਬੱਜਰੀ ਸਸਤਾ ਨਾ ਹੋਣ ਦੀ ਗੱਲ ਕਹੀ।
ਜੇ ਸਰਕਾਰ ਟਾਲ-ਮਟੋਲ ਕਰ ਸਕਦੀ ਹੈ ਤਾਂ ਜਥੇਬੰਦੀ ਨੂੰ ਸੰਘਰਸ਼ ਕਰਨੇ ਆਉਂਦੇ ਹਨ: ਕੋਕਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸਰਕਾਰ ਦੀ ਇਸ ਟਾਲ-ਮਟੋਲ ਵਾਲੀ ਕਿਸਾਨ ਵਿਰੋਧੀ ਨੀਤੀ ਖ਼ਿਲਾਫ਼ ਉਨ੍ਹਾਂ 15 ਜ਼ਿਲ੍ਹਿਆਂ ਵਿੱਚ ਲਾਏ ਜਾ ਰਹੇ ਧਰਨੇ ਅਣਮਿੱਥੇ ਸਮੇਂ ਲਈ ਵਧਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਦੀ ਖੋਟੀ ਨੀਅਤ ਸਾਫ਼ ਵਿਖਾਈ ਦੇਣ ਲੱਗੀ ਹੈ ਪਰ ਉਹ ਸਰਕਾਰ ਨੂੰ ਭੱਜਣ ਨਹੀਂ ਦੇਣਗੇ। ਜੇ ਸਰਕਾਰ ਚੋਣ ਜ਼ਾਬਤੇ ਲਈ ਸਮਾਂ ਲੰਘਾਉਣ ਲੱਗੀ ਹੈ ਤਾਂ ਜਥੇਬੰਦੀ ਨੂੰ ਵੀ ਸਰਕਾਰ ਘੇਰਨ ਲਈ ਸੰਘਰਸ਼ ਕਰਨੇ ਆਉਂਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly