ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਧੋਵਾਲ ਵਿਖੇ ਮਿਤੀ 31 ਜਨਵਰੀ 2025 ਨੂੰ ਕਾਫਲਾ ਸਿਰਲੇਖ ਅਧੀਨ ਸਲਾਨਾ ਇਨਾਮ ਵੰਡ ਸਮਾਗਮ ਸਮਾਗਮ ਕਰਵਾਇਆ ਗਿਆ ,ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਪੜ੍ਹਾਈ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਸਵੇਰੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤੇ ਗਏ ।ਇਸ ਸਮਾਗਮ ਵਿੱਚ ਸਰਦਾਰ ਪਰਮਜੀਤ ਸਿੰਘ ਮਾਨ ਸਾਬਕਾ ਸਰਪੰਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ, ਇਸ ਮੌਕੇ ਸ੍ਰੀਮਤੀ ਮਨਪ੍ਰੀਤ ਕੌਰ ਚੇਅਰ ਪਰਸਨ ਐਸਐਮਸੀ ਕਮੇਟੀ ,ਗ੍ਰਾਮ ਪੰਚਾਇਤ ਉਧੋਵਾਲ ਦੇ ਸਰਪੰਚ ਸ੍ਰੀ ਪ੍ਰੇਮ ਲਾਲ ਅਤੇ ਸਾਰੇ ਪੰਚਾਇਤ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ।ਇਸ ਸਮਾਗਮ ਵਿੱਚ ਸ. ਤਾਰਾ ਸਿੰਘ ਮਾਨ, ਸ੍ਰੀ ਗੁਲਸ਼ਨ ਕੁਮਾਰ ਬਠਲਾ , ਸ੍ਰੀ ਦਨੇਸ਼ ਕੁਮਾਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ । ਇਸ ਯਾਦਗਾਰੀ ਮੌਕੇ ਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ।ਲੋਕਾਂ ਦੇ ਇਸ ਇਕੱਠ ਮੂਹਰੇ ਸਕੂਲ ਦੀ ਖੁੱਲੀ ਗਰਾਊਂਡ ਵਿੱਚ ਲਗਾਇਆ ਗਿਆ ਵੱਡਾ ਸ਼ਮਿਆਨਾ ਵੀ ਛੋਟਾ ਜਾਪ ਰਿਹਾ ਸੀ । ਸਕੂਲ ਮੁਖੀ ਸ੍ਰੀ ਅਮਰਜੀਤ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ।ਸਭ ਤੋਂ ਪਹਿਲਾਂ ਮੁੱਖ ਮਹਿਮਾਨ ਸ. ਪਰਮਜੀਤ ਸਿੰਘ ਮਾਨ ਨੇ ਸ਼ਮਾਂ ਰੌਸ਼ਨ ਕਰਕੇ ਸੱਭਿਆਚਾਰਕ ਪ੍ਰੋਗਰਾਮ ਦਾ ਆਰੰਭ ਕੀਤਾ ,ਜਿਸ ਦਾ ਆਗਾਜ਼ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਗਾ ਕੇ ਕੀਤਾ ਗਿਆ ।ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਗੀਤਾਂ ਗੁਰਮੁਖੀ ,ਤਿੰਨ ਰੰਗ ਨਹੀਂ ਲੱਭਣੇ ,ਧੀਆਂ, ਸਾਡਾ ਕੰਮ ਖੁਸ਼ ਰਹਿਣਾ ਹੈ, ਬਦਲੀ ਦੁਨੀਆਂ, ਫੁਲਕਾਰੀ ਆਦਿ ਨੇ ਖੂਬ ਰੰਗ ਬੰਨਿਆ ।ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਮਿਆਰੀ ਸੱਭਿਆਚਾਰਕ ਪ੍ਰੋਗਰਾਮ ਦੀ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾ ਨੇ ਤਾੜੀਆਂ ਮਾਰ ਕੇ ਖੂਬ ਤਾਰੀਫ ਕੀਤੀ । ਸਕੂਲ ਇੰਚਾਰਜ ਸ੍ਰੀ ਅਮਰਜੀਤ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹਦਿਆਂ ਦੱਸਿਆ ਕਿ ਹਰ ਵਾਰ ਦੀ ਤਰਾਂ ਜਿੱਥੇ ਸਕੂਲ ਦੇ ਸਲਾਨਾ ਨਤੀਜੇ ਸ਼ਾਨਦਾਰ ਰਹੇ, ਉਥੇ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਅਤੇ ਖੇਡਾਂ ਵਿੱਚ ਵੀ ਵਿਦਿਆਰਥੀਆਂ ਨੇ ਖੂਬ ਮੱਲਾਂ ਮਾਰੀਆਂ । ਸਕੂਲ ਦੇ ਦੋ ਵਿਦਿਆਰਥੀ ਮੈਰੀਟੋਰੀਅਸ ਸਕੂਲ ਜਲੰਧਰ ਵਿਖੇ ਉਚੇਰੀ ਵਿਦਿਆ ਦੀ ਪੜ੍ਹਾਈ ਲਈ ਚੁਣੇਗਏ, ਇਸੇ ਤਰ੍ਹਾਂ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਤੇ ਮੈਥ ਮੇਲੇ ਆਦਿ ਵਿੱਚ ਸਕੂਲ ਦੀ ਕਾਰਗੁਜ਼ਾਰੀ ਬੜੀ ਵਧੀਆ ਰਹੀ ।ਖੇਡਾਂ ਦੇ ਖੇਤਰ ਵਿੱਚ ਹਰ ਸਾਲ ਦੀ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਵਿੱਚ ਪੂਰੇ ਜ਼ਿਲੇ ਵਿੱਚ ਸਰਦਾਰੀ ਕਾਇਮ ਰਹੀ । ਕਬੱਡੀ ਲੜਕਿਆਂ ਦੀਆਂ ਦੋ ਟੀਮਾਂ ਜਿਲ੍ਹੇ ਵਿੱਚੋਂ ਉਪਜੇਤੂ ਰਹੀਆਂ । ਕਬੱਡੀ ਸਰਕਲ ਸਟਾਈਲ ਦੀ ਟੀਮ ਜੋਨ ਵਿੱਚੋਂ ਪਹਿਲੇ ਨੰਬਰ ਤੇ ਰਹੀ ।ਸਕੂਲ ਦੀ ਵਾਲੀਬਾਲ ਲੜਕਿਆਂ ਦੀ ਟੀਮ ਜਿਲ੍ਹੇ ਵਿੱਚੋਂ ਪਹਿਲੇ ਨੰਬਰ ਤੇ ਰਹੀ । ਕਬੱਡੀ ਵਿੱਚ ਛੇ ਅਤੇ ਵਾਲੀਬਾਲ ਵਿੱਚ ਤਿੰਨ ਸਕੂਲ ਦੇ ਕੁੱਲ ਨੌਂ ਖਿਡਾਰੀ ਜਿਲਾ ਜਲੰਧਰ ਦੀ ਟੀਮ ਵੱਲੋਂ ਸਟੇਟ ਪੱਧਰ ਤੇ ਖੇਡੇ । ਇਸੇ ਤਰ੍ਹਾਂ ਬੈਡਮਿੰਟਨ ਲੜਕਿਆਂ ਦੀ ਟੀਮ ਜੋਨ ਵਿੱਚੋਂ ਪਹਿਲੇ ਸਥਾਨ ਤੇ ਰਹੀ ਅਤੇ ਬੈਡਮਿੰਟਨ ਲੜਕੀਆਂ ਦੀਆਂ ਦੋ ਟੀਮਾਂ ਜੋਨ ਵਿੱਚੋਂ ਦੂਸਰੇ ਸਥਾਨ ਤੇ ਰਹੀਆਂ । ਵਾਲੀਬਾਲ ਲੜਕਿਆਂ ਦੀਆਂ ਦੋ ਟੀਮਾਂ ਜੋਨ ਵਿੱਚੋਂ ਦੂਸਰੇ ਸਥਾਨ ਤੇ ਰਹੀਆਂ । ਸਕੂਲ ਮੁਖੀ ਨੇ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਮਿਹਨਤੀ ਸਟਾਫ ਸਿਰ ਬੰਨਿਆ I ਉਹਨਾਂ ਕਿਹਾ ਕਿ ਇਹ ਸਭ ਕੁਝ ਅਧਿਆਪਕਾਂ ਦੀ ਮਿਹਨਤ ਅਤੇ ਟੀਮ ਵਰਕ ਦਾ ਨਤੀਜਾ ਹੈ ।ਉਨਾ ਭਵਿੱਖ ਵਿੱਚ ਇਸ ਤੋਂ ਵੀ ਬਿਹਤਰ ਕਰਨ ਦਾ ਵਾਅਦਾ ਕੀਤਾ ।ਮੁੱਖ ਮਹਿਮਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਿੱਥੇ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਹੋਰ ਸਖਤ ਮਿਹਨਤ ਕਰਨ ਅਤੇ ਜ਼ਿੰਦਗੀ ਵਿੱਚ ਵਧੀਆ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ । ਉਪਰੰਤ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸ. ਪਰਮਜੀਤ ਸਿੰਘ ਮਾਨ ਵੱਲੋਂ ਆਪਣੇ ਸਾਥੀਆਂ ਸਮੇਤ ਇਨਾਮ ਤਕਸੀਮ ਕੀਤੇ ਗਏ ਇਸ ਮੌਕੇ ਤੇ ਸਕੂਲ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸ਼ਖਸੀਅਤਾਂ ਨੂੰ ਵੀ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਸ੍ਰੀ ਓਮ ਪ੍ਰਕਾਸ਼ ਬਠਲਾ ਯੂਐਸਏ ਜੀ ਦੇ ਬੇਟੇ ਸੰਜੀਵ ਕੁਮਾਰ ਬਠਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਨਾਂ ਵਲੋਂ ਸ੍ਰੀ ਗੁਲਸ਼ਨ ਕੁਮਾਰ ਬਠਲਾ ਜੀ ਦੀ ਪ੍ਰੇਰਨਾ ਸਦਕਾ ਸਕੂਲ ਵਿੱਚ 400 ਫੁੱਟ ਡੂੰਘੇ ਪਾਣੀ ਦੇ ਬੋਰ ਸਮੇਤ ਮੋਟਰ ਅਤੇ ਵਾਟਰ ਕੂਲਰ ਦੀ ਸੇਵਾ ਕਰਵਾਈ ਗਈ ਸੀ । ਉਹਨਾ ਕਿਹਾ ਕਿ ਜਲ ਦੀ ਸੇਵਾ ਸੰਭਾਲ ਕਰਨਾ ਸਭ ਤੋਂ ਉੱਤਮ ਦਾਨ ਹੈ ।ਇਸੇ ਤਰ੍ਹਾਂ ਨਗਰ ਨਿਵਾਸੀ ਸ. ਸੁੱਚਾ ਸਿੰਘ ਮਾਨ ਜਿਨਾਂ ਨੇ ਕਿ ਇਸ ਸਮਾਗਮ ਵਾਲੇ ਦਿਨ ਚਾਹ ਅਤੇ ਪਕੌੜਿਆਂ ਦੀ ਸੇਵਾ ਵਾਸਤੇ 21000 ਰੁਪਏ ਦਾਨ ਵਜੋਂ ਦਿੱਤੇ, ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਐਸ ਐਮਸੀ ਕਮੇਟੀ ਅਤੇ ਸਕੂਲ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਹੋਰ ਸ਼ਖਸੀਅਤਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਉਧੋਵਾਲ ਨਗਰ ਦੇ ਮਸ਼ਹੂਰ ਕਬੱਡੀ ਖਿਡਾਰੀ ਮੋਨੂ ਉਧੋਵਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਸ੍ਰੀ ਜੋਜਫ ਗਿੱਲ ਸਾਬਕਾ ਸਰਪੰਚ ਜਿਹਨਾ ਨੇ ਸਟੇਜ ਦੀ ਮੁੜ ਉਸਾਰੀ ਕਰਵਾਈ, ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ । ਸ. ਤਾਰਾ ਸਿੰਘ ਮਾਨ ਰਿਟਾਇਰਡ ਅਧਿਆਪਕ ਵੱਲੋਂ ਸਕੂਲ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ, ਜਿੱਥੇ ਕਿ ਬਹੁਤ ਹੀ ਉੱਚ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਅਧਿਆਪਕ ਹਨ ,ਅਤੇ ਮਹਿੰਗੇ ੫ਰਾਈਵੇਟ ਸਕੂਲਾਂ ਵਿੱਚ ਆਪਣੀਆਂ ਜੇਬਾਂ ਖਾਲੀ ਨਾ ਕਰਵਾਉਣ । ਇਸ ਮੌਕੇ ਉਹਨਾਂ ਖੁਸ਼ ਹੋ ਕੇ ਪੰਜ ਹਜਾਰ ਰੁਪਏ ਖਿਡਾਰੀਆਂ ਦੀਆਂ ਖੇਡ ਕਿੱਟਾਂ ਲਈ ਦੇਣ ਦਾ ਐਲਾਨ ਕੀਤਾ । ਸ. ਸਤਨਾਮ ਸਿੰਘ ਮਾਨ ਜੂਨੀਅਰ ਸਹਾਇਕ ਦੇ ਤਾਈ ਜੀ ਸਰਦਾਰਨੀ ਜਗਦੀਸ਼ ਕੌਰ ਮਾਨ ਪਤਨੀ ਸਵਰਗੀ ਸ. ਚੈਨ ਸਿੰਘ ਮਾਨ ਜੀ ਵੱਲੋਂ ਸਕੂਲ ਵਾਸਤੇ 11ਹਜ਼ਾਰ ਦੀ ਰਾਸ਼ੀ ਭੇਂਟ ਕੀਤੀ, ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ । ਯਾਦ ਰਹੇ ਕਿ ਉਹਨਾਂ ਵੱਲੋਂ ਪਿਛਲੇ ਸਾਲ ਵੀ ਸਕੂਲ ਦੇ ਸਮੂਹ ਵਿਦਿਆਰਥੀਆਂ ਲਈ ਤਕਰੀਬਨ ਇੱਕ ਲੱਖ ਰੁਪਏ ਦੇ ਬੂਟ ਦਾਨ ਕੀਤੇ ਗਏ ਸਨ ।ਸ੍ਰੀਮਤੀ ਕਾਜਲ ਪਤਨੀ ਸ. ਗੁਰਪ੍ਰੀਤ ਸਿੰਘ ਵੱਲੋਂ ਸਟੇਜ ਉੱਪਰ ਪੇਸ਼ਕਾਰੀ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਗਿਫਟ ਦਿੱਤੇ ਗਏ, ਦਾ ਵੀ ਸਨਮਾਨ ਕੀਤਾ ਗਿਆ । ਸ.ਬਲਵਿੰਦਰ ਸਿੰਘ ਸਾਬਕਾ ਸਰਪੰਚ ਵੱਲੋਂ 5100 ਰੁਪਏ, ਸ.ਲਖਬੀਰ ਸਿੰਘ ਮਾਨ ਵੱਲੋਂ 5100 ਰੁਪਏ, ਸ੍ਰੀ ਪ੍ਰੇਮ ਲਾਲ ਸਰਪੰਚ ਵੱਲੋਂ5100 ਰੁਪਏ ਸਕੂਲ ਦੇ ਵਿਕਾਸ ਵਾਸਤੇ ਦਿੱਤੇ ਗਏ ।ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਵੱਲੋਂ ਇਸ ਸਮਾਗਮ ਵਾਸਤੇ ਆਪਣੀ ਵਿੱਤ ਮੁਤਾਬਕ ਦਾਨ ਦਿੱਤਾ ਗਿਆ ।ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਅਮਰਜੀਤ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਸ. ਪਰਮਜੀਤ ਸਿੰਘ ਮਾਨ ਦਾ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਲੜਕੀਆਂ ਦੁਆਰਾ ਪੇਸ਼ ਕੀਤੇ ਗਿੱਧੇ ਨਾਲ ਹੋਈ । ਸਟੇਜ ਸਕੱਤਰ ਦੀ ਭੂਮਿਕਾ ਸ. ਸਤਨਾਮ ਸਿੰਘ ਮੈਥ ਮਾਸਟਰ ਨੇ ਬਾਖੂਬੀ ਨਿਭਾਈ ।ਇਸ ਸਮਾਗਮ ਦੀ ਸਫਲਤਾ ਵਿੱਚ ਸਕੂਲ ਇੰਚਾਰਜ ਸ੍ਰੀ ਅਮਰਜੀਤ ਜੀ ਦੀ ਯੋਗ ਅਗਵਾਈ ਤੋਂ ਇਲਾਵਾ ਸ. ਸਤਨਾਮ ਸਿੰਘ ਮੈਥ ਮਾਸਟਰ, ਸ. ਸਤਨਾਮ ਸਿੰਘ ਮਾਨ ਜੂਨੀਅਰ ਸਹਾਇਕ, ਸ੍ਰੀ ਅਨਿਲ ਕੁਮਾਰ ਹਿੰਦੀ ਮਾਸਟਰ ,ਸ੍ਰੀ ਸੁਦੇਸ਼ ਸਿੰਘ , ਸ੍ਰੀ ਰਘਬੀਰ ਸਿੰਘ ,ਸ਼੍ਰੀਮਤੀ ਕੰਵਲਜੀਤ ਕੌਰ ਲੈਕਚਰਾਰ ਮੈਥ, ਸ੍ਰੀਮਤੀ ਕਮਲਜੀਤ ਕੌਰ ਸਾਇੰਸ ਅਧਿਆਪਕਾ, ਸ੍ਰੀਮਤੀ ਜਸਪ੍ਰੀਤ ਕੌਰ ਕੰਪਿਊਟਰ ਅਧਿਆਪਕਾ, ਸ੍ਰੀਮਤੀ ਹਨੀਸ਼ ਰਾਣੀ ਅੰਗਰੇਜੀ ਅਧਿਆਪਕਾ ,ਸ਼੍ਰੀਮਤੀ ਰਜਿੰਦਰ ਕੌਰ ਪੰਜਾਬੀ ਅਧਿਆਪਕਾ, ਸ੍ਰੀਮਤੀ ਚੰਦਰ ਕਾਂਤਾ, ਸ੍ਰੀਮਤੀ ਅਨੀਤਾ ਸ੍ਰੀ ਖੁਸ਼ਕਰਨ ਵਰਮਾ ਅਤੇ ਸਮੂਹ ਸਟਾਫ ਅਤੇ ਸਮੁੱਚੇ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨਾਂ ਨੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਅਣਥੱਕ ਮਿਹਨਤ ਕੀਤੀ ।ਇਸ ਤਰ੍ਹਾਂ ਇਹ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj