ਉਧੇੜ ਬੁਣ..…(ਮਿੰਨੀ ਕਹਾਣੀ)

ਮਨਜੀਤ ਕੌਰ ਧੀਮਾਨ,           
   (ਸਮਾਜ ਵੀਕਲੀ)- ਮਾਂ, ਇਹ ਕੀ ਕਰਦੀ ਰਹਿੰਦੀ ਏਂ? ਸਵੈਟਰ ਬੁਣ ਲੈਂਦੀ ਏਂ ਤੇ ਫ਼ੇਰ ਆਪੇ ਉਧੇੜ ਦਿੰਦੀ ਏਂ। ਐਵੇਂ ਸਮਾਂ ਖ਼ਰਾਬ ਕਰਦੀ ਰਹਿੰਦੀ ਏਂ।ਪੇਕੀਂ ਆਈ ਧੀ ਰਾਣੋ ਨੇ ਮਾਂ ਦੇ ਕੋਲ਼ ਬੈਠਦਿਆਂ ਕਿਹਾ।
              ਧੀਏ! ਸਮਾਂ ਹੀ ਤਾਂ ਨਹੀਂ ਕਟਦਾ ਮੇਰਾ। ਇਸੇ ਲਈ ਸਵੈਟਰ ਬੁਣਦੀ ਹਾਂ। ਕਦੇ ਸਮਾਂ ਹੁੰਦਾ ਸੀ ਕਿ ਮੇਰੇ ਬੁਣੇ ਸਵੈਟਰ ਬੜੇ ਖ਼ਾਸ ਮੰਨੇ ਜਾਂਦੇ ਸਨ। ਪਰ ਅੱਜਕਲ੍ਹ ਕੋਈ ਪਾਉਂਦਾ ਹੀ ਨਹੀਂ, ਇਹਨਾਂ ਨੂੰ।ਨੱਕ,ਮੂੰਹ ਚੜ੍ਹਾਉਂਦੇ ਹਨ, ਦੇਖ ਕੇ।ਇਸ ਲਈ ਆਪੇ ਮੁੜ ਉਧੇੜ ਦਿੰਦੀ ਹਾਂ।ਪਰ ‘ਕੱਲਿਆਂ ਦਿਲ ਨਹੀਂ ਲੂਗਦਾ ਤਾਂ ਫ਼ੇਰ ਬੁਣਨ ਬਹਿ ਜਾਂਦੀ ਹਾਂ। ਮਾਂ ਨੇ ਭਿਜੀਆਂ ਅੱਖਾਂ ਚੁੰਨੀ ਦੇ ਲੜ੍ਹ ਨਾਲ਼ ਪੂੰਝਦਿਆਂ ਕਿਹਾ।
           ਮਾਂ ਔਰਤ ਦੀ ਜ਼ਿੰਦਗੀ ਇਸੇ ਉਧੇੜ ਬੁਣ ਵਿੱਚ ਨਿਕਲ਼ ਜਾਂਦੀ ਹੈ। ਬਹੁਤ ਸਾਰੇ ਵਿਚਾਰ ਵੀ ਉਹ ਮਨ ਵਿੱਚ ਬੁਣਦੀ ਰਹਿੰਦੀ ਹੈ ਪਰ ਸਮੇਂ ਦੇ ਨਾਲ਼ ਆਪੇ ਹੀ ਉਧੇੜ ਦਿੰਦੀ ਹੈ। ਕਿਸੇ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕਰਦੀ। ਰਾਣੋ ਨੇ ਨਿਰਾਸ਼ ਆਵਾਜ਼ ਵਿੱਚ ਕਿਹਾ।
             ਹਾਂ ਧੀਏ! ਕਿਉਂਕਿ ਔਰਤ ਆਪਣੇ ਵਿਚਾਰਾਂ ਦਾ ਸਵੈਟਰ ਕਦੇ ਕਿਸੇ ਨੂੰ ਜ਼ੋਰ ਨਾਲ ਨਹੀਂ ਪਵਾਉਂਦੀ। ਉਹ ਆਪਣੀ ਕਲਾ ਦਾ ਜਾਂ ਆਪਣੀ ਮਿਹਨਤ ਦਾ ਕੋਈ ਫਲ ਜਾਂ ਕੋਈ ਮੁੱਲ ਨਹੀਂ ਮੰਗਦੀ। ਉਹ ਸਭ ਕੁਝ ਹੋ ਕੇ ਵੀ ਅਣਹੋਈ ਰਹਿੰਦੀ ਹੈ। ਉਹ ਆਪਣੀ ਅਹਿਮੀਅਤ ਆਪਣੇ ਵਜ਼ੂਦ ਨੂੰ ਸਾਬਿਤ ਨਹੀਂ ਕਰਦੀ। ਮਾਂ ਨੇ ਵੀ ਉਦਾਸ ਜਿਹੇ ਲਹਿਜ਼ੇ ਵਿੱਚ ਕਿਹਾ।
                ਲਿਆ ਮਾਂ, ਇਹ ਸਵੈਟਰ ਮੈਨੂੰ ਦੇ। ਮੈਂ ਪਾਵਾਂਗੀ ਇਸ ਨੂੰ। ਹੁਣ ਮੈਂ ਇਸ ਨੂੰ ਉੱਧੜਣ ਨਹੀਂ ਦੇਵਾਂਗੀ। ਰਾਣੋ ਨੇ ਉੱਠਦਿਆਂ ਕਿਹਾ।
             ਪਰ ਧੀਏ! ਇਸਨੂੰ ਕੋਈ ਪਸੰਦ ਨਹੀਂ ਕਰੇਗਾ। ਤੂੰ ਛੱਡ ਪਰਾਂ। ਮਾਂ ਨੇ ਹੈਰਾਨ ਹੁੰਦਿਆਂ ਕਿਹਾ।
              ਨਹੀਂ ਮਾਂ…. ਤੂੰ ਵੇਖੀਂ। ਇਹਨੂੰ ਸਭ ਪਸੰਦ ਕਰਨਗੇ। ਮੈਂ ਇਹਨੂੰ ਸੋਹਣੇ-ਸੋਹਣੇ ਫੀਤੇ ਤੇ ਬਟਨ ਲਗਾਵਾਂਗੀ। ਫ਼ੇਰ ਵੇਖੀਂ, ਇਹਨੂੰ ਸਾਰੇ ਪਸੰਦ ਕਰਨਗੇ। ਕਹਿੰਦੇ ਹੋਏ ਰਾਣੋ ਦੇ ਚਿਹਰੇ ਤੇ ਇੱਕ ਨਵੀਂ ਚਮਕ ਆ ਗਈ।
 
ਮਨਜੀਤ ਕੌਰ ਧੀਮਾਨ, 
ਸ਼ੇਰਪੁਰ, ਲੁਧਿਆਣਾ।     
 ਸੰ:9464633059
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleਰੋਟੀ, ਕੱਪੜਾ ਓਰ ਮਕਾਨ
Next articleਬੁੱਧ ਚਿੰਤਨ / ਪੜ੍ਹ ਗੁਰਨਾਮ ਕੁਰੇ ਕਾਟ, ਯਾਰ ਦਾ ਆਇਆ!