ਨਵੀਂ ਦਿੱਲੀ (ਸਮਾਜ ਵੀਕਲੀ):
ਕਿਸਾਨਾਂ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ‘ਸਾਮਰਾਜਵਾਦ ਵਿਰੋਧੀ ਦਿਵਸ’ ਵਜੋਂ ਮਨਾਇਆ। ਕਈ ਮੋਰਚਿਆਂ ਵਿੱਚ ਇਨਕਲਾਬੀ ਗੀਤਾਂ ਨੇ ਮੁਜ਼ਾਹਰਾਕਾਰੀਆਂ ਨੂੰ ਪ੍ਰੇਰਣਾ ਦਿੱਤੀ। ਬੁਲਾਰਿਆਂ ਨੇ ਭਾਰਤ ਦੇ ਆਜ਼ਾਦੀ ਦੇ ਸੰਗਰਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼, ਬਲਿਦਾਨ, ਸਾਮਰਾਜਵਾਦ ਅਤੇ ਮਨੁੱਖੀ ਲੁੱਟ ਵਿਰੁੱਧ ਸੰਘਰਸ਼ ਨੂੰ ਉਜਾਗਰ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਮੀਡੀਆ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਨਵੇਂ ਤਰੀਕਿਆਂ ਨਾਲ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ਇੱਕ ਟੈਲੀਵਿਜ਼ਨ ਚੈਨਲ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਅੱਯਾਸ਼ਜੀਵੀ’ ਵਜੋਂ ਦਰਸਾਉਣ ਦੀਆਂ ਕੋਸ਼ਿਸ਼ਾਂ ਵਿੱਚ ਕੋਈ ਵੀ ਅਜਿਹਾ ਫੁਟੇਜ ਨਹੀਂ ਦਿਖਾਇਆ ਜਿਸ ਤੋਂ ਸਾਬਿਤ ਹੁੰਦਾ ਹੋਵੇ ਕਿ ਕਿਸਾਨ ਐਸ਼ਪ੍ਰਸਤੀ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ, ‘‘ਮੋਰਚਾ ਕਾਰਪੋਰੇਟ ਮੀਡੀਆ ਤੇ ਭਾਜਪਾ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਜਿਹੇ ਹਮਲਿਆਂ ਨਾਲ ਅੰਦੋਲਨ ਸਿਰਫ਼ ਮਜ਼ਬੂਤ ਹੀ ਹੋਵੇਗਾ। ਭਾਜਪਾ-ਆਰਐੱਸਐੱਸ ਨਾਲ ਜੁੜੀਆਂ ਕਿਸਾਨ ਵਿਰੋਧੀ ਸ਼ਕਤੀਆਂ ਨੇ ਖੁਦ ਵਿਰੋਧ ਕਰ ਰਹੇ ਕਿਸਾਨਾਂ ’ਤੇ ਹੁਣ ਤੱਕ ਕਈ ਤਰ੍ਹਾਂ ਦੇ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਕਿਸਾਨ ਆਗੂ ਜੋਗਿੰਦਰ ਸਿੰਘ ਪਟਿਆਲਾ ਨੇ ਯੂਪੀ ਦੇ ਆਗੂਆਂ ਵੱਲੋਂ ਕਿਸਾਨਾਂ ਨੂੰ ਕਾਰਟੂਨਾਂ ਰਾਹੀਂ ਬਦਨਾਮ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਵੱਲੋਂ ਕਿਸਾਨਾਂ ਨੂੰ ਵਾਲਾਂ ਤੋਂ ਘਸੀਟਣ ਤੇ ‘ਡੀ-ਸਕਰੀਨਿੰਗ’ ਦੀ ਵੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਸਮੇਤ ਕਈ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂ ’ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮਤੇ ਪਾਸ ਕੀਤੇ ਗਏ ਹਨ ਜਿਨ੍ਹਾਂ ਤੋਂ ਮੋਦੀ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਧਿਰਾਂ ਨੇ ਅੱਜ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਕਿਸਾਨੀ ਮੰਗਾਂ ਵੱਲ ਧਿਆਨ ਦੇਣ ਲਈ ਕਿਹਾ ਹੈ ਅਤੇ ਉਮੀਦ ਹੈ ਕਿ ਰਾਸ਼ਟਰਪਤੀ ‘ਸਾਂਝੇ ਵਿਅਕਤੀ’ ਵਜੋਂ ਉਕਤ ਮੰਗਾਂ ਬਾਰੇ ਕਦਮ ਉਠਾਉਣਗੇ।
ਮੋਰਚੇ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦਾ ਅੰਦੋਲਨ ਕਿਸਾਨਾਂ ਦੀ ਸਚਾਈ ’ਤੇ ਆਧਾਰਿਤ ਹੈ ਅਤੇ ਉਹ ਜ਼ਰੂਰ ਜਿੱਤਣਗੇ। ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਵੱਲੋਂ ਯਮੁਨਾ ਐਕਸਪ੍ਰੈੱਸਵੇਅ ਉੱਤੇ ਮਥੁਰਾ ਦੇ ਨੇੜੇ ਇੱਕ ਟੌਲ ਪਲਾਜ਼ਾ ਦੇ ਕਈ ਗੇਟ ਖਾਲੀ ਕਰ ਦਿੱਤੇ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly