ਨਵਾਂਸ਼ਹਿਰm (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਅਤੇ ਆਮ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਦੇ ਲਈ ਦੋਪਹੀਆ ਵਾਹਨਾਂ ਦੇ ਸਾਇਲੰਸਰ ਬਦਲਣ ਅਤੇ ਸਾਇਲੰਸਰ ਨਾਲ ਪਟਾਖੇ ਵਜਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਸਾਇਲੰਸਰ ਬਦਲਣ ਵਾਲੇ ਦੁਕਾਨਦਾਰਾਂ/ਮਕੈਨਿਕਾਂ ਅਤੇ ਸਾਇਲੰਸਰ ਨਾਲ ਪਟਾਖੇ ਵਜਾਉਣ ਵਾਲੇ ਵਾਹਨ ‘ਤੇ ਵੀ ਲਾਗੂ ਹੋਣਗੇ। ਇਨ੍ਹਾਂ ਹੁਕਮਾਂ ਨੂੰ ਸੀਨੀਅਰ ਪੁਲਿਸ ਕਪਤਾਨ, ਸ਼ਹੀਦ ਭਗਤ ਸਿੰਘ ਨਗਰ ਲਾਗੂ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ। ਜਾਰੀ ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਵੱਲੋਂ ਦੋਪਹੀਆ ਵਾਹਨ (ਖਾਸ ਕਰਕੇ ਬੁਲਟ ਮੋਟਰ ਸਾਈਕਲ) ਦੇ ਸਾਇਲੰਸਰ ਬਦਲਵਾ ਕੇ ਸਾਇਲੰਸਰ ਨਾਲ ਪਟਾਖੇ ਵਜਾਏ ਜਾਂਦੇ ਹਨ। ਇਨ੍ਹਾਂ ਪਟਾਖਿਆਂ ਦੀ ਆਵਾਜ਼ ਆਮ ਸੁਣਨ ਦੀ ਸਮਰਥਾ ਤੋਂ ਵੱਧ ਹੋਣ ਕਰਕੇ ਸ਼ੋਰ ਪ੍ਰਦੂਸ਼ਣ ਵਿਚ ਵਾਧਾ ਹੋਣ ਦੇ ਨਾਲ-ਨਾਲ ਆਮ ਲੋਕਾਂ, ਬਜ਼ੁਰਗਾਂ ਅਤੇ ਬੱਚਿਆਂ ਦੇ ਕੰਨਾਂ ਦੀਆਂ ਨਸਾਂ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਪਟਾਖੇ ਦੀ ਆਵਾਜ਼ ਰਾਤ ਸਮੇਂ ਸੌਂ ਰਹੇ ਲੋਕਾਂ ਨੂੰ ਅਚਾਨਕ ਡਰਾ ਦਿੰਦੀ ਹੈ, ਜਿਸ ਕਰਕੇ ਮਾਨਸਿਕ ਤਣਾਅ ਵੱਧਦਾ ਹੈ। ਇਸ ਤੋਂ ਇਲਾਵਾ ਸਾਇਲੰਸਰ ਨਾਲ ਵਜਾਏ ਜਾਂਦੇ ਪਟਾਖੇ ਦੀ ਤਿੱਖੀ ਅਤੇ ਉੱਚੀ ਆਵਾਜ਼ ਕਾਰਨ ਦਿਲ ਦੇ ਮਰੀਜ਼ਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਹ ਹੁਕਮ 27 ਦਸੰਬਰ 2024 ਤੱਕ ਜਾਰੀ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly