- ਮ੍ਰਿਤਕਾਂ ਵਿੱਚ ਇੱਕ ਮਹਿਲਾ ਅਧਿਆਪਕ ਵੀ ਸ਼ਾਮਲ
- ਸਿਆਸੀ ਪਾਰਟੀਆਂ ਵੱਲੋਂ ਘਟਨਾ ਦੀ ਨਿੰਦਾ
ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ’ਚ ਆਮ ਨਾਗਰਿਕਾਂ ’ਤੇ ਵੱਧ ਰਹੇ ਹਮਲਿਆਂ ਵਿਚਾਲੇ ਸ੍ਰੀਨਗਰ ਦੇ ਈਦਗਾਹ ਇਲਾਕੇ ’ਚ ਅੱਜ ਅਤਿਵਾਦੀਆਂ ਨੇ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਨ੍ਹਾਂ ’ਚ ਇੱਕ ਮਹਿਲਾ ਮੁੱਖ ਅਧਿਆਪਕ ਵੀ ਸ਼ਾਮਲ ਹੈ। ਪਿਛਲੇ ਪੰਜ ਦਿਨ ਅੰਦਰ ਕਸ਼ਮੀਰ ਘਾਟੀ ’ਚ ਸੱਤ ਆਮ ਨਾਗਰਿਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ’ਚ ਚਾਰ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸਨ। ਇਸ ਘਟਨਾ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸਵਾ 11 ਵਜੇ ਦੇ ਕਰੀਬ ਅਤਿਵਾਦੀਆਂ ਨੇ ਸ੍ਰੀਨਗਰ ਜ਼ਿਲ੍ਹੇ ਦੇ ਸੰਗਮ ਈਦਗਾਹ ਇਲਾਕੇ ’ਚ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ’ਚ ਇੱਕ ਮਹਿਲਾ ਵੀ ਹੈ। ਮ੍ਰਿਤਕਾਂ ਦੀ ਪਛਾਣ ਸ਼ਹਿਰ ਦੇ ਅਲੂਚੀ ਬਾਗ ਦੀ ਰਹਿਣ ਵਾਲੀ ਸੁਪਿੰਦਰ ਕੌਰ ਤੇ ਜੰਮੂ ਦੇ ਰਹਿਣ ਵਾਲੇ ਦੀਪਕ ਚੰਦ ਵਜੋਂ ਹੋਈ ਹੈ। ਇਹ ਦੋਵੇਂ ਸੰਗਮ ਇਲਾਕੇ ’ਚ ਸਰਕਾਰ ਸਕੂਲ (ਲੜਕਿਆਂ) ’ਚ ਅਧਿਆਪਕ ਸਨ। ਇਨ੍ਹਾਂ ਦੋ ਅਧਿਆਪਕਾਂ ਦੀ ਹੱਤਿਆ ਮਗਰੋਂ ਕਸ਼ਮੀਰ ’ਚ ਪੰਜ ਦਿਨ ਅੰਦਰ ਮਾਰੇ ਗਏ ਆਮ ਲੋਕਾਂ ਦੀ ਗਿਣਤੀ ਸੱਤ ਹੋ ਗਈ ਹੈ, ਜਿਨ੍ਹਾਂ ’ਚੋਂ ਛੇ ਹੱਤਿਆਵਾਂ ਸ਼ਹਿਰ ’ਚ ਹੋਈਆਂ ਹਨ। ਜੰਮੂ ਕਸ਼ਮੀਰ ਪੁਲੀਸ ਦੇ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਆਮ ਨਾਗਰਿਕਾਂ ਤੇ ਖਾਸ ਕਰਕੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਦਾ ਮਕਸਦ ਕਸ਼ਮੀਰ ’ਚ ਡਰ ਦਾ ਮਾਹੌਲ ਪੈਦਾ ਕਰਨਾ ਤੇ ਫਿਰਕੂ ਮਾਹੌਲ ਨੂੰ ਖਰਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਕਈ ਸੁਰਾਗ ਮਿਲੇ ਹਨ ਤੇ ਜਲਦੀ ਹੀ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਸੇ ਵਿਚਾਲੇ ਸਿਆਸੀ ਪਾਰਟੀਆਂ ਨੇ ਅਧਿਆਪਕਾਂ ਦੀ ਹੱਤਿਆ ਦੀ ਨਿੰਦਾ ਕੀਤੀ ਹੈ। ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਟਵੀਟ ਕੀਤਾ, ‘ਸ੍ਰੀਨਗਰ ਤੋਂ ਮੁੜ ਸੁੰਨ ਕਰ ਦੇਣ ਵਾਲੀ ਖ਼ਬਰ ਆ ਰਹੀ ਹੈ। ਅਤਿਵਾਦੀਆਂ ਦੀ ਇਸ ਅਣਮਨੁੱਖੀ ਹਰਕਤ ਦੀ ਸਿਰਫ਼ ਨਿੰਦਾ ਕਰਨਾ ਹੀ ਕਾਫੀ ਨਹੀਂ ਹੈ। ਮੈਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਦੁਆ ਕਰਦਾ ਹਾਂ।’ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, ‘ਕਸ਼ਮੀਰ ’ਚ ਹਾਲਾਤ ਖਰਾਬ ਹੁੰਦੇ ਦੇਖਣਾ ਬਹੁਤ ਬੁਰਾ ਹੈ ਜਿੱਥੇ ਹੁਣ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਨਵਾਂ ਕਸ਼ਮੀਰ ਦਾ ਦਾਅਵਾ ਕੀਤਾ ਸੀ ਪਰ ਅਸਲ ’ਚ ਇਸ ਨੂੰ ਨਰਕ ’ਚ ਬਦਲ ਦਿੱਤਾ ਹੈ। ਕੇਂਦਰ ਸਰਕਾਰ ਦੀ ਮਨਸ਼ਾ ਕਸ਼ਮੀਰ ਨੂੰ ਸਿਰਫ਼ ਸਿਆਸੀ ਹਿੱਤ ਲਈ ਵਰਤਣਾ ਹੈ।’ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਨੇ ਕਿਹਾ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਅਤਿਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। ਜੰਮੂ ਕਸ਼ਮੀਰ ਭਾਜਪਾ ਦੇ ਬੁਲਾਰੇ ਅਲਤਾਫ ਠਾਕੁਰ ਨੇ ਇਸ ਹੱਤਿਆ ਦੀ ਨਿੰਦਾ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਹੱਤਿਆ ਕਰਨਾ ਅਣਮਨੁੱਖੀ ਕਾਰਾ ਹੈ।
ਇਸੇ ਦੌਰਾਨ ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਅੱਜ ਦੋ ਅਧਿਆਪਕਾਂ ਨੂੰ ਕਤਲ ਕੀਤੇ ਜਾਣ ਦੀ ਘਟਨਾ ਦੀ ਨਿੰਦਾ ਕਰਦਿਆ ਸਿੱਖ ਭਾਈਚਾਰੇ ਨਾਲ ਸਬੰਧਤ ਸਰਕਾਰੀ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਉਸ ਸਮੇਂ ਤੱਕ ਕੰਮ ਦਾ ਬਾਈਕਾਟ ਕਰਨ ਜਦੋਂ ਤੱਕ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ। ਉੱਧਰ ਜੰਮੂ ਤੇ ਕਸ਼ਮੀਰ ਅਪਨੀ ਪਾਰਟੀ ਦੇ ਮੁਖੀ ਅਲਤਾਫ਼ ਬੁਖਾਰੀ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜਾਂ ਤਾਂ ਖੁਫੀਆ ਪ੍ਰਬੰਧ ਜ਼ਮੀਨੀ ਪੱਧਰ ’ਤੇ ਨਾਕਾਮ ਹੋ ਚੁੱਕਾ ਹੈ ਜਾਂ ਫਿਰ ਅਤਿਵਾਦੀ ਜ਼ਿਆਦਾ ਚੁਸਤ ਤੇ ਜਥੇਬੰਦਕ ਹੋ ਚੁੱਕੇ ਹਨ।
ਇਸੇ ਦੌਰਾਨ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਰਕਾਰ ਲੱਭ ਲਵੇਗੀ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਸ਼ਾਂਤੀਪੂਰਨ ਤੇ ਖੁਸ਼ਹਾਲ ਮਾਹੌਲ ਨੂੰ ਖਰਾਬ ਕਰਨ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਉੱਧਰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਇਹ ਹਮਲੇ ਅਤਿਵਾਦੀਆਂ ਦੇ ਖੋਖਲੇ ਵਿਸ਼ਵਾਸਾਂ ਨੂੰ ਹੀ ਸਾਹਮਣੇ ਨਹੀਂ ਲਿਆਂਦੇ ਬਲਕਿ ਵਾਦੀ ’ਚ ਮਾਹੌਲ ਠੀਕ ਹੋਣ ਕਾਰਨ ਸਰਹੱਦ ਪਾਰ ਬੈਠੇ ਉਨ੍ਹਾਂ ਦੇ ਆਕਾਵਾਂ ਦੀ ਬੁਖਲਾਹਟ ਨੂੰ ਵੀ ਸਾਹਮਣੇ ਲਿਆਂਦੇ ਹਨ। ਇਸੇ ਦੌਰਾਨ ਵੱਖ ਵੱਖ ਜਥੇਬੰਦੀਆਂ ਨੇ ਇਸ ਘਟਨਾ ਦੇ ਖ਼ਿਲਾਫ਼ ਕਈ ਥਾਈਂ ਰੋਸ ਮੁਜ਼ਾਹਰੇ ਕੀਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly