(ਸਮਾਜ ਵੀਕਲੀ) ਅੱਸੂ ਮਹੀਨੇ ਦਾ ਪਿਛਲਾ ਪੱਖ ਸੀ; ਭਾਦੋਂ ਮਹੀਨੇ ਦੀ ਗਰਮੀ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ । ਏਸ ਮਹੀਨੇ ਲੋਕਾਂ ਨੇ ਭੋਰਾ ਸੁਖ ਦਾ ਸਾਹ ਲਿਆ ਸੀ।
ਆਥਣ ਦਾ ਵੇਲਾ ਔਰਤਾਂ ਘਰਾਂ ਵਿੱਚ ਦਾਲ ਪਾਣੀ ਦਾ ਆਹਰ ਕਰਦੀਆਂ ਪਈਆਂ ਸਨ ਕਿ ਗੁਰਦੁਆਰੇ ਦੇ ਸਪੀਕਰ ‘ਤੇ ਗਿਆਨੀ ਨੇ ਦੋ ਤਿੰਨ ਵਾਰ ਟਕ-ਟਕ ਕਰਕੇ ਮਾਇਕ ਚੈੱਕ ਕੀਤਾ ਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਹਿਕੇ ਅਵਾਜ਼ ਦੇਣੀ ਸ਼ੁਰੂ ਕੀਤੀ। ਚੁੱਲ੍ਹੇ ਵਿੱਚ ਪਾਥੀ ਭੰਨ ਕੇ ਲਾਉਂਦੀ ਸੀਬੋ ਹੱਥ ਜ਼ੋੜ ਕੇ ਮੱਥੇ ਨੂੰ ਲਾਉਂਦਿਆਂ ਚਿੰਤਾ ਜਤਾਉਂਦੇ ਕਿਹਾ, ” ਵਾਖਰੂ ਬਾਬਾ ਕੋਈ ਚੰਗਾ ਹੋਕਾ ਹੀ ਹੋਵੇ।”
ਬਾਬੇ ਨੇ ਅਵਾਜ਼ ਦਿੰਦਿਆਂ ਕਿਹਾ, ”ਭਾਈ ਗਿੰਦਰ ਸਿੰਘ ਪੁੱਤਰ ਰੁਲਦੂ ਦੀ ਧਰਮ ਪਤਨੀ ਨਬੀਬ ਕੌਰ ਅਕਾਲ ਚਲਾਣਾ ਕਰ ਗਏ ਹਨ ਜਿੰਨ੍ਹਾਂ ਦਾ ਅੰਤਮ ਸੰਸਕਾਰ ਨਹਿਰ ਵਾਲੇ ਸ਼ਮਸ਼ਾਨ ਘਾਟ ਵਿਖੇ ਦਸ ਵੀਹ ਮਿੰਟਾਂ ਤੱਕ ਕੀਤਾ ਜਾਵੇਗਾ ਅੰਤਮ ਸਸਕਾਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ।”
ਬਾਬੇ ਦੀ ਅਵਾਜ਼ ਪੂਰੀ ਹੁੰਦਿਆਂ ਸੀਬੋ ਦੇ ਹੱਥੋਂ ਪਾਣੀ ਦਾ ਪਤੀਲਾ ਛੁੱਟ ਗਿਆ ਤੇ ਪਾਣੀ ਡੁੱਲ੍ਹਣ ਨਾਲ ਦੂਰ ਤੱਕ ਚਿੱਕੜ ਹੋ ਗਿਆ, ਹੋਕਾ ਸੁਣਦਿਆਂ ਹੀ ਉਹਦੀ ਗੁਆਂਢਣ ਛਿੰਦਰ ਵੀ ਆ ਗਈ, “ਕੁੜੇ ਸੀਬੋ ਆਹ ਤਾਂ ਰੱਬ ਨੇ ਜਵਾਂ ਕਹਿਰ ਹੀ ਢਾਹ ਦਿੱਤਾ ਵਿਚਾਰੇ ਗਿੰਦਰ ‘ਤੇ।” ਸੀਬੋ ਤੋਂ ਭਰੇ ਗੱਚ ਨਾਲ ਸ਼ਿੰਦਰ ਦੇ ਕਹਿਰ ਵਾਲੀ ਗੱਲ ਦਾ ਜਵਾਬ ਵੀ ਨਾ ਦਿੱਤਾ ਗਿਆ ਤੇ ਉਹ ਚੁੰਨ੍ਹੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਕਿੰਨ੍ਹਾ ਚਿਰ ਚੁੱਪ ਰਹਿਣ ਪਿੱਛੋਂ ਬੋਲੀ, “ਏਡੀ ਜੱਗੋਂ ਤੇਰ੍ਹਵੀਂ ਤਾਂ ਵੈਰੀ ਦੁਸ਼ਮਣ ਨਾਲ ਵੀ ਨਾ ਹੋਵੇ, ਪਹਿਲਾ ਬੂਹਾ ਬੱਝਿਆ ਰੱਬ ਨੇ ਉਹ ਨਾ ਰਹਿਣ ਦਿੱਤੀ, ਤੇ ਹੁਣ ਆਹ ਦੂਜੀ ਵਾਰ….ਮਾਰ ਕੋਈ ਇਲਾਜ ਵੱਲੋਂ ਘਾਟ ਰਹਿਣ ਦਿੱਤੀ ਐ ਭਲਾਂ ਗਿੰਦਰ ਨੇ ਹੱਥ ਜ਼ੋੜ ਜ਼ੋੜ ਕੇ ਲੋਕਾਂ ਤੋਂ ਦਸ ਦਸ ਰੁਪਈਏ ਕੱਠੇ ਕਰਕੇ ਵੀ ਲਾ ਦਿੱਤੇ।” ਸ਼ਿੰਦਰ ਨੇ ਸੀਬੋ ਦੀ ਗੱਲ ਪੂਰੀ ਹੁੰਦਿਆਂ ਹੀ ਕਿਹਾ।
“ਸੁਣਿਆ ਕੀ ਛੋਟਾ ਨਿਆਣਾ ਹੋਣ ਵਾਲਾ ਸੀ, ਨੀ ਆਹੋ ਡੁੱਬੜੀ ਨੇ ਉਹਦੀ ਜਾਨ ਦੀ ਖਾਤਰ ਆਵਦੀ ਜਾਨ ਦੇ ਦਿੱਤੀ।”
ਦੋਹਾਂ ਨੂੰ ਗੱਲਾਂ ਕਰਦਿਆਂ ਸੁਣ , ਨਾਲਦੇ ਘਰੋਂ ਬੇਬੇ ਕਰਤਾਰੋ ਨੇ ਉਨ੍ਹਾਂ ਨੂੰ ਅਵਾਜ ਦਿੰਦਿਆਂ ਕਿਹਾ, ਕੁੜੇ ਸੀਬੋ ਆਜੋਂ, ਕਹਿੰਦੇ ਸਿੱਧਾ ਸਿਵੀਆਂ ‘ਚ ਹੀ ਲਿਜਾਣਗੇ ਅੱਗੇ ਨ੍ਹੇਰਾ ਹੁੰਦਾ ਜਾਂਦਾ ਏ।” ਬਾਹਰਲਾ ਬੂਹਾ ਭੇੜ ਕੇ ਉਹ ਦੋਵੇ ਵੀ ਉਹਦੇ ਮਗਰੇ ਹੀ ਤੁਰ ਪਈਆਂ, ਰਾਹ ਜਾਂਦਿਆਂ ਪੰਜ ਦਸ ਹੋਰ ਬੰਦੇ ਬੁੜੀਆਂ ਉਨ੍ਹਾਂ ਦੇ ਨਾਲ ਰਲ ਗਏ।
ਸ਼ਮਸ਼ਾਨ ਘਾਟ ਵੜਦਿਆਂ ਹੀ ਦਸ-ਵੀਹ ਬੰਦੇ ਬੁੜੀਆਂ ਪਹਿਲਾਂ ਤੋਂ ਹੀ ਅਰਥੀ ਨੂੰ ਉਡੀਕ ਰਹੇ ਸੀ।”ਕੁੜੇ ਵੇਖ ਲੈ ਨਾ ਉਹ ਵੇਲਾ, ਨਾ ਆਹ ਵੇਲਾ ,ਏਸ ਵੇਲੇ ਤਾਂ ਚਿੜੀਆਂ ਜਨੌਰ ਵੀ ਆਵਦੇ ਘਰਾਂ ਨੂੰ ਆ ਜਾਂਦੇ ਆ ਤੇ ਇਹ ਚੰਦਰੀ ਜਹਾਨੋਂ ਜਾ ਰਹੀ ਹੈ।” ਇਹ ਕਹਿੰਦਿਆਂ ਬੇਬੇ ਕਰਤਾਰੋ ਆਵਦਾ ਚਿੱਤ ਭੈੜਾ ਕਰ ਆਈ। ਬਣੀਆਂ ਦੇ ਨਬੇੜੇ ਬੇਬੇ ਨਹੀਂ , ਦੁਨੀਆਂ ਤੋਂ ਜਾਣ ਨੂੰ ਕੀਹਦਾ ਜੀ ਕਰਦਾ ਏ।” ਛਿੰਦਰ ਆਪਣੀ ਗੱਲ ਕਰਕੇ ਹੀ ਹਟੀ ਸੀ ਕਿ ਇੱਕ ਵੱਡੀ ਸਾਰੀ ਚਿੱਟੀ ਵੈਨ ਜੀਹਦੇ ਵਿੱਚ ਗਿੰਦਰ ਦੇ ਘਰਵਾਲੀ ਦੀ ਅਰਥੀ ਦੇ ਨਾਲ ਗਿੰਦਰ ਆਪ ਭੁੱਬਾਂ ਮਾਰਦਾ ਉਤਰਿਆ , ਉਏ ਰੱਬਾ ਮੈਂ ਕਿਹੜੇ ਸੁੱਤੇ ਸਾਧ ਜਗਾਏ ਆ, ਜਿਹੜਾ ਹੱਥ ਧੋ ਕੇ ਮੇਰੇ ਮਗਰ ਪਿਆਂ ਤੂੰ ।” ਦੋ ਤਿੰਨ ਬੰਦਿਆਂ ਨੇ ਉਹਨੂੰ ਸੰਭਾਲਿਆ ਅਤੇ ਕੁਝ ਨੇ ਅਰਥੀ ਨੂੰ ਫੜ੍ਹ ਕੇ ਥੜ੍ਹੀ ਉੱਤੇ ਮੂੰਹ ਦਿਖਾਉਣ ਲਈ ਰੱਖ ਦਿੱਤਾ ।
ਭਲਿਓ ਹੁਣ ਮੂੰਹ ਵਿਖਾਉਣ ਦਾ ਵੇਲਾ ਕਿੱਥੇ ਆ ਤੁਸੀਂ ਚਿਖਾ ਵਿੱਚ ਰੱਖੋ, ਕੁਵੇਲਾ ਤਾਂ ਅੱਗੇ ਬਹੁਤ ਹੋਇਆ ਪਿਆ ਐ।” ਵਿਚੋਂ ਹੀ ਕਿਸੇ ਸਿਆਣੇ ਨੇ ਆਖਿਆ।ਅਰਥੀ ਨੂੰ ਚਿਖਾ ਵਾਸਤੇ ਚੱਕਣ ਹੀ ਲੱਗੇ ਸੀ ਕਿ ਪੇਕਿਆਂ ਦੇ ਦੋ ਤਿੰਨ ਬੰਦੇ ਬੁੜੀਆਂ ਜਿੰਨ੍ਹਾਂ ਵਿੱਚ ਉਹਦਾ ਭਰਾ ਤੇ ਭਰਜ਼ਾਈ ਸੀ ਮਾਂ ਪਿਉ ਤਾਂ ਪਹਿਲਾਂ ਹੀ ਅੱਲ੍ਹਾ ਨੂੰ ਪਿਆਰੇ ਹੋ ਗਏ ਸੀ , ਭਰਾ ਨੇ ਭੈਣ ਦੀ ਅਰਥੀ ਉੱਤੇ ਡਿੱਗ ਡਿੱਗ ਜਾਵੇ, ਆਖਰ ਤਾਂ ਵੀ ਨਾਲ ਦਾ ਜੰਮਿਆਂ ਸੀ।
ਅਰਥੀ ਨੂੰ ਚਿਖਾ ਵਿਚ ਚਿਣ ਕੇ ਜਦੋਂ ਅੱਗ ਦੇਣ ਦੀ ਵਾਰੀ ਆਈ ਤਾਂ ਕਹਿੰਦੇ ਸਰ ਤਾਂ ਹੈਨੀ ਜਦੋਂ ਕੁਝ ਸਿਆਣੇ ਬੰਦਿਆਂ ਨੇ ਪੁੱਛਿਆਂ ਤਾਂ ਮੁੰਡੇ ਕਹਿਣ ਲੱਗੇ ਵੀ ਸਰ ਤਾਂ ਮਿਲਿਆ ਨਹੀਂ ਅਸੀਂ ਤਾਂ ਦੂਜੇ ਦੋਵੇਂ ਸ਼ਮਸ਼ਾਨ ਘਾਟਾਂ ‘ਚ ਵੀ ਪੁੱਛ ਆਏ ਹਾਂ, ਉਹ ਕਹਿੰਦੇ ਸਾਡੇ ਕੋਲ ਵੀ ਦੋ-ਦੋ ਪੂਲੀਆਂ ਹੀ ਆ, ਆਸੇ ਪਾਸੇ ਵੀ ਬਹੁਤ ਭਾਲ ਲਿਆ ਪਰ ਕਿਤੋਂ ਨੀ ਮਿਲਿਆ।
ਇਹ ਗੱਲਾਂ ਦੇ ਚੱਲਦਿਆਂ ਦੋ ਮੁੰਡੇ ਨਾਲ ਦੇ ਖੇਤ ਵਿੱਚੋਂ ਚੱਕ ਕੇ ਲਿਆਂਦੀ ਗੱਠਾਂ ਦੀ ਪਰਾਲੀ ਨਾਲ ਚਿਤਾ ਨੂੰ ਅੱਗ ਦੇਣ ਹੀ ਲੱਗੇ ਸੀ ਕਿ ਘੁੱਦਾ ਜੀਹਨੂੰ ਸਾਰੇ ਕਮਲਾ ਕਹਿੰਦੇ ਸੀ ਦੋ ਮੁੱਠਾਂ ਸਰ ਆਪਣੇ ਹੱਥ ਵਿੱਚ ਫੜ੍ਹੀ ਆਉਂਦਾ ਦਿਸ ਪਿਆ। ਉਹਨੇ ਆੳਂਦਿਆਂ ਹੀ ਗਿੰਦਰ ਨੂੰ ਸਰ ਫੜ੍ਹਦਿਆਂ ਕਿਹਾ , “ਲੈ ਬਾਈ ਸਰ ਮੈਂ ਆਵਦੇ ਕੋਠੇ ਦੀ ਛੱਤ ‘ਚੋਂ ਕਢ ਕੇ ਲਿਆਇਆ ਹਾਂ।” ਘੁੱਦੇ ਦੇ ਇਨ੍ਹਾਂ ਬੋਲਾਂ ਨਾਲ ਗਿੰਦਰ ਸਮੇਤ ਕੋਲ ਖੜ੍ਹੇ ਲੋਕਾਂ ਦੀ ਧਾਹ ਨਿਕਲ ਗਈ।
ਸਤਨਾਮ ਸ਼ਦੀਦ
99142-98580
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly