ਦੋ ਟੋਟੇ ਦੇਸ਼

ਸੁਖਚੈਨ ਸਿੰਘ ਚੰਦ ਨਵਾਂ
(ਸਮਾਜ ਵੀਕਲੀ)
ਡਾਹਢਾ ਅਸਾਂ ਮੁੱਲ ਤਾਰਿਆ,
ਸਾਡੇ ਫਿਰ ਹੈ ਆਜ਼ਾਦੀ ਹਿੱਸੇ ਆਈ।
ਦੋ ਟੋਟੇ ਦੇਸ਼ ਹੋ ਗਿਆ,
ਗਏ ਵਿੱਛੜ ਭਾਈਆਂ ਦੇ ਕੋਲੋਂ ਭਾਈ।
ਚੰਗੇ ਭਲੇ ਘੁੱਗ ਵੱਸਦੇ,
ਖੌਰੇ ਕੀਹਨੇ ਖੜ੍ਹਾ ਕਰਤਾ ਪੁਆੜਾ।
ਉਹ ਸੰਨ ਸੰਤਾਲੀ ਚੰਦਰੀ,
ਚਾਰੇ ਪਾਸੇ ਜਦੋ ਹੋ ਗਿਆ ਉਜਾੜਾ।
ਤੇਲ ਪਾ ਕੇ ਨਫ਼ਰਤ ਦਾ,
ਐਸੀ ਤੀਲੀ ਕਿਸੇ ਵੈਰੀ ਨੇ ਲਗਾਈ।
ਡਾਹਢਾ ਅਸਾਂ ਮੁੱਲ ਤਾਰਿਆ
ਕੱਠੇ ਜਿਹੜੇ ਰਹੇ ਖੇਡਦੇ,
ਇੱਕ ਦੂਜੇ ਦੇ ਲਹੂ ਦੇ ਹੋਏ ਪਿਆਸੇ।
ਸਦੀਆਂ ਦੀ ਸਾਂਝ ਭੁੱਲਗੇ,
ਹੱਥੀਂ ਫੜੇ ਤਲਵਾਰਾਂ ਤੇ ਗੰਡਾਸੇ।
ਇੱਜਤਾਂ ਮਿੱਟੀ ‘ਚ ਰੁੱਲੀਆਂ,
ਧੀਆਂ ਭੈਣਾਂ ਰਹੀਆਂ ਪਾਉਂਦੀਆਂ ਦੁਹਾਈ।
ਡਾਹਢਾ ਅਸਾਂ ਮੁੱਲ ਤਾਰਿਆ
ਲੀਡਰਾਂ ਦੀ ਫੋਕੀ ਟੌਹਰ ਨੇ,
ਚਾਰੇ ਪਾਸੇ ਬੜੀ ਕੀਤੀ ਬਰਬਾਦੀ।
ਜਖ਼ਮ ਹੁਣ ਤੱਕ ਰਿਸਦੇ,
ਜਿਹਨੂੰ ਕਹਿਣ ਲੋਕੀਂ ਮਿਲਗੀ ਆਜ਼ਾਦੀ।
ਖਾਨਦਾਨ ਮੁੱਕੇ ਜਿੰਨ੍ਹਾ ਦੇ,
ਉਹਨਾਂ ਭਾਣੇ ਰੁੱਸ ਗਈ ਸੀ ਖੁਦਾਈ।
ਡਾਹਢਾ ਅਸਾਂ ਮੁੱਲ ਤਾਰਿਆ
ਵੱਡੇ ਵੱਡੇ ਯੋਧੇ ਸੂਰਮੇ,
ਦੇਸ਼ ਕੌਮ ਲਈ ਦੇ ਗਏ ਕੁਰਬਾਨੀਆਂ।
ਜਦੋ ਤੱਕ ਰਹੂ ਦੁਨੀਆਂ,
ਕਾਇਮ ਜੱਗ ਉੱਤੇ ਰਹਿਣੀਆਂ ਨਿਸ਼ਾਨੀਆਂ।
“ਸੁੱਖ” ਹੈ ਸਲਾਮ ਕਰਦਾ,
ਰੋਮ – ਰੋਮ ਸਦਾ ਲਈ ਹੈ ਕਰਜਾਈ।
ਡਾਹਢਾ ਅਸਾਂ ਮੁੱਲ ਤਾਰਿਆ
ਸੁਖਚੈਨ ਸਿੰਘ ਚੰਦ ਨਵਾਂ 
9914973876

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦ ਵੀ ਲਿਖਿਆ 
Next articleਅੰਤਰਰਾਸ਼ਟਰੀ ਮਹਾਂਸੰਮੇਲਨ ‘ਚ ਹਾਂਗਕਾਂਗ, ਥਾਈਲੈਂਡ ਤੇ ਦੁਬਈ ਦੇ ਨੁਮਾਇੰਦਿਆਂ ਵੀ ਕੀਤੀ ਸ਼ਮੂਲੀਅਤ: ਡਾ: ਸੰਜੀਵ ਗੋਇਲ