(ਸਮਾਜ ਵੀਕਲੀ)
ਆਓ ! ਪੰਛੀਆਂ ਤੇ ਜੀਵਾਂ ਨੂੰ ਪਾਣੀ ਪਿਲਾ ਦਈਏ ,
ਗਰਮੀ ਤੇ ਲੂਹ ਤੋਂ ਇਹਨਾਂ ਨੂੰ ਬਚਾ ਲਈਏ।
ਗਰਮੀ ਨੇ ਹੈ ਕਹਿਰ ਵਰਤਾਇਆ ,
ਸਭ ਪਾਸੇ ਹਾਹਾਕਾਰ ਮਚਾਇਆ।
ਛੱਪੜ – ਟੋਭੇ ਸੁੱਕਣ ਲੱਗੇ ,
ਇੰਜ ਜਾਪੇ ਸਾਹ ਮੁੱਕਣ ਲੱਗੇ।
ਤੱਪਦਾ ਸੂਰਜ ਤੇ ਗਰਮ ਹਵਾਵਾਂ ,
ਘੱਟ ਗਈਆਂ ਹੁਣ ਠੰਢੀਆਂ ਛਾਵਾਂ।
ਅਸਮਾਨੋਂ ਅੱਗ ਦੀਆਂ ਲਪਟਾਂ ਆਵਣ ,
ਪੰਛੀ – ਜੀਵ ਕਿੱਧਰ ਨੂੰ ਜਾਵਣ ?
ਸੁੱਕ ਗਈਆਂ ਖੱਡਾਂ ਤੇ ਨਾਲ਼ੇ ,
ਜਿੰਦਗੀ ਲਟਕੀ ਅੱਧ ਵਿਚਕਾਲ਼ੇ।
ਇੱਧਰ – ਉੱਧਰ ਆਸ ਲਗਾਵੇ ,
ਕੋਈ ‘ ਰੱਬੀ – ਰੂਹ ‘ ਪਾਣੀ ਤਾਂ ਪਿਲ਼ਾਵੇ।
ਗਰਮੀ ਤੋਂ ਬਚਾ ਲਓ , ਇਹ ਨੇ ਕੁਦਰਤ ਦੇ ਹੀਰੇ ,
ਤਪਸ਼ ਨੇ ਜ਼ਿੰਦਗੀ ਕੀਤੀ ਲੀਰੇ – ਲੀਰੇ।
ਬਚਾ ਲਏ ‘ ਰੱਬੀ – ਦਰਵੇਸ਼ ‘ ਕੋਈ ਆ ਕੇ ,
ਜੀਵਨ ਬਚਾ ਲਏ ਹੁਣ ਪਾਣੀ ਪਿਲ਼ਾ ਕੇ।
ਮੁੱਕਦੇ ਜਾਂਦੇ ਸਾਹਾਂ ਨੂੰ ‘ ਧਰਮਾਣੀ ‘ ,
ਪਿਲ਼ਾ ਦੇਵੇ ਕੋਈ ਦੋ ਘੁੱਟ ਪਾਣੀ।
‘ ਧਰਮਾਣੀ ‘ ਇਹ ਹੈ ਵੱਡਾ ਪਰਉਪਕਾਰ ,
ਦੋ ਘੁੱਟ ਪਾਣੀ ਪਿਲ਼ਾ ਦਿਓ , ਮਚੀ ਹਾਹਾਕਾਰ,
ਮਚੀ ਹਾਹਾਕਾਰ।
‘ ਦੋ ਘੁੱਟ ਪਾਣੀ ‘ ਲਈ ਅੱਗੇ ਆਵੋ ,
ਆਪਣਾ ‘ ਇਨਸਾਨੀਅਤ – ਧਰਮ ‘ ਨਿਭਾਵੋ।
ਆਪਣੀ ਨੇਕ ਕਮਾਈ ਵਿੱਚੋਂ ,
ਦੋ – ਚਾਰ ਸਕੋਰੇ ਲਗਾ ਕੇ
ਜੀਵਾਂ – ਪੰਛੀਆਂ ਨੂੰ ਪਾਣੀ ਪਿਲਾਵੋ ,
ਪੰਛੀ – ਪਰਿੰਦਿਆਂ ਨੂੰ ਪਾਣੀ ਪਿਲਾਵੋ।
ਸਟੇਟ ਐਵਾਰਡੀ , ਦੋ ਵਾਰ ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ , ਪ੍ਰਧਾਨ ਆਸਰਾ ਫਾਊਂਡੇਸ਼ਨ ਸ੍ਰੀ ਅਨੰਦਪੁਰ ਸਾਹਿਬ
ਮਾਸਟਰ ਸੰਜੀਵ ਧਰਮਾਣੀ 9478561356



