ਦੋ ਵਿਅਕਤੀ ਗ੍ਰਿਫ਼ਤਾਰ, ਮਿਸ਼ਰਾ ਦਾ ਪੁੱਤਰ ਤਲਬ

ਲਖੀਮਪੁਰ ਖੀਰੀ (ਸਮਾਜ ਵੀਕਲੀ):  ਇਥੇ 3 ਅਕਤੂਬਰ ਨੂੰ ਵਾਪਰੀ ਘਟਨਾ ਦੇ ਸਬੰਧ ’ਚ ਪੁਲੀਸ ਨੇ ਦੋ ਵਿਅਕਤੀਆਂ ਲਵਕੁਸ਼ ਅਤੇ ਆਸ਼ੀਸ਼ ਪਾਂਡੇ ਨੂੰ ਪੁੱਛ-ਪੜਤਾਲ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਉਸ ਥਾਰ ਜੀਪ ’ਚ ਸਵਾਰ ਸਨ ਜਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪਿੱਛੋਂ ਦੀ ਦਰੜ ਦਿੱਤਾ ਸੀ। ਇਸ ਦੇ ਨਾਲ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਪੁੱਛ-ਗਿੱਛ ਲਈ ਭਲਕੇ ਸਵੇਰੇ 10 ਵਜੇ ਕ੍ਰਾਈਮ ਬ੍ਰਾਂਚ ਦੇ ਦਫ਼ਤਰ ’ਚ ਤਲਬ ਕੀਤਾ ਹੈ ਅਤੇ ਇਸ ਸਬੰਧ ’ਚ ਉਸ ਦੇ ਘਰ ਬਾਹਰ ਨੋਟਿਸ ਚਿਪਕਾਇਆ ਗਿਆ ਹੈ।

ਯੋਗੀ ਸਰਕਾਰ ਨੇ ਇਸ ਤੋਂ ਪਹਿਲਾਂ ਬੁੱਧਵਾਰ ਦੇਰ ਰਾਤ ਨੋਟੀਫਿਕੇਸ਼ਨ ਜਾਰੀ ਕਰਕੇ ਲਖੀਮਪੁਰ ਖੀਰੀ ਘਟਨਾ ਦੀ ਜਾਂਚ ਲਈ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਪ੍ਰਦੀਪ ਕੁਮਾਰ ਸ੍ਰੀਵਾਸਤਵ ਦੀ ਅਗਵਾਈ ਹੇਠ ਇਕ ਮੈਂਬਰੀ ਕਮਿਸ਼ਨ ਬਣਾਇਆ ਹੈ। ਕਮਿਸ਼ਨ ਨੂੰ ਮਾਮਲੇ ਦੀ ਜਾਂਚ ਲਈ ਦੋ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਸਰਕਾਰ ਉਸ ਦੇ ਕਾਰਜਕਾਲ ਦੇ ਸਮੇਂ ’ਚ ਬਦਲਾਅ ਵੀ ਕਰ ਸਕਦੀ ਹੈ। ਉਧਰ ਆਈਜੀ ਲਕਸ਼ਮੀ ਸਿੰਘ ਨੇ ਕਿਹਾ ਕਿ ਜੇਕਰ ਆਸ਼ੀਸ਼ ਮਿਸ਼ਰਾ ਨੇ ਸੰਮਨਾਂ ਦੀ ਤਾਮੀਲ ਨਾ ਕੀਤੀ ਤਾਂ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ।

ਇਸ ਦੌਰਾਨ ਏਡੀਜੀਪੀ (ਲਖਨਊ ਜ਼ੋਨ) ਐੱਸ ਐੱਨ ਸੁਬੋਧ ਨੇ ਪੁਲੀਸ ਲਾਈਨਜ਼ ਦਾ ਦੌਰਾ ਕੀਤਾ ਜਿਥੇ ਦੋਵੇਂ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਸੀ। ਐੱਸਯੂਵੀ ’ਚੋਂ ਕਾਰਤੂਸਾਂ ਦੇ ਦੋ ਖੋਲ ਮਿਲੇ ਹਨ ਅਤੇ ਫੋਰੈਂਸਿਕ ਟੀਮ ਉਨ੍ਹਾਂ ਦੀ ਪੜਤਾਲ ਕਰ ਰਹੀ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਡੀਆਈਜੀ (ਹੈੱਡਕੁਆਰਟਰ) ਉਪੇਂਦਰ ਅਗਰਵਾਲ ਦੀ ਅਗਵਾਈ ਹੇਠ 9 ਮੈਂਬਰੀ ਜਾਂਚ ਟੀਮ ਬਣਾਈ ਹੈ ਜੋ ਮੰਤਰੀ ਦੇ ਪੁੱਤਰ ਅਤੇ ਹੋਰਾਂ ਖ਼ਿਲਾਫ਼ ਦਰਜ ਐੱਫਆਈਆਰ ਦੀ ਜਾਂਚ ਕਰੇਗੀ। ਪੁਲੀਸ ਮੁਤਾਬਕ ਤਿੰਨ ਮੁਲਜ਼ਮ ਥਾਂ ’ਤੇ ਹੀ ਮਾਰੇ ਗਏ ਸਨ ਜਦਕਿ ਬਾਕੀ ਦੇ ਚਾਰ ’ਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਤਰਾਖੰਡ ਨੂੰ ਨਵੀਂ ਉਚਾਈ ’ਤੇ ਲੈ ਜਾਵੇਗਾ ਦੋਹਰਾ ਵਿਕਾਸ: ਮੋਦੀ
Next articleਅੰਬਾਲਾ: ਭਾਜਪਾ ਆਗੂ ਦੀ ਗੱਡੀ ਨੇ ਮਾਰੀ ਕਿਸਾਨ ਨੂੰ ਟੱਕਰ; ਇਕ ਜ਼ਖ਼ਮੀ