ਨਵੀਂ ਦਿੱਲੀ (ਸਮਾਜ ਵੀਕਲੀ): ਮਾਈਕਰੋਬਲੌਗਿੰਗ ਸਾਈਟ ਟਵਿੱਟਰ ਨੇ ਅੱਜ ਅਮਰੀਕੀ ਕਾਪੀਰਾਈਟ ਦੀ ਕਥਿਤ ਉਲੰਘਣਾ ਲਈ ਭਾਰਤ ਦੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਖਾਤੇ ਨੂੰ ਇਕ ਘੰਟੇ ਲਈ ਆਰਜ਼ੀ ਤੌਰ ’ਤੇ ਬਲਾਕ ਕਰ ਦਿੱਤਾ। ਕੇਂਦਰੀ ਮੰਤਰੀ ਨੇ ਟਵਿੱਟਰ ਦੀ ਇਸ ਕਾਰਵਾਈ ਨੂੰ ਪੱਖਪਾਤੀ ਤੇ ਆਈਟੀ ਨੇਮਾਂ ਦੀ ਸਰਾਸਰ ਉਲੰਘਣਾ ਕਰਾਰ ਦਿੱਤਾ ਹੈ। ਪ੍ਰਸਾਦ ਨੇ ਇਕ ਹੋਰ ਮੀਡੀਆ ਪਲੈਟਫਾਰਮ ‘ਕੂ’ ਉੱਤੇ ਲੜੀਵਾਰ ਪੋਸਟਾਂ ਰਾਹੀਂ ਟਵਿੱਟਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਟਵਿੱਟਰ ਦੀ ਇਹ ਕਾਰਵਾਈ ਸੂਚਨਾ ਤਕਨਾਲੋਜੀ (ਆਈਟੀ) ਨਾਲ ਜੁੜੇ ਨੇਮਾਂ ਦੀ ਭਾਰੀ ਉਲੰਘਣਾ ਹੈ ਕਿਉਂਕਿ ਮਾਈਕਰੋਬਲੌਗਿੰਗ ਸਾਈਟ ਨੇ ਉਨ੍ਹਾਂ ਦਾ ਖਾਤਾ ਆਰਜ਼ੀ ਤੌਰ ’ਤੇ ਬੰਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਅਗਾਊਂ ਨੋਟਿਸ ਨਹੀਂ ਦਿੱਤਾ।
ਪ੍ਰਸਾਦ ਦਾ ਟਵਿੱਟਰ ਖਾਤਾ ਹਾਲਾਂਕਿ ਚਿਤਾਵਨੀ ਮਗਰੋਂ ਬਹਾਲ (ਅਨਬਲਾਕ) ਕਰ ਦਿੱਤਾ ਗਿਆ। ਟਵਿੱਟਰ ਨੂੰ ਲੰਮੇ ਹੱਥੀਂ ਲੈਂਦਿਆਂ ਪ੍ਰਸਾਦ ਨੇ ਕਿਹਾ, ‘‘ਸਪਸ਼ਟ ਸੀ ਕਿ ਟਵਿੱਟਰ ਦੀ ਮਨਮਾਨੀ, ਅਸਹਿਣਸ਼ੀਲਤਾ ਨੂੰ ਲੈ ਕੇ ਮੈਂ ਜੋ ਟਿੱਪਣੀਆਂ ਕੀਤੀਆਂ ਤੇ ਖਾਸ ਕਰਕੇ ਟੀਵੀ ਚੈਨਲਾਂ ਨੂੰ ਦਿੱਤੀ ਇੰਟਰਵਿਊ ਦੇ ਜਿਹੜੇ ਹਿੱਸੇ ਸਾਂਝੇ ਕੀਤੇ ਗਏ, ਉਸ ਦੇ ਜ਼ਬਰਦਸਤ ਅਸਰ ਨਾਲ ਸਪਸ਼ਟ ਤੌਰ ’ਤੇ ਇਹ ਮਾਈਕਰੋਬਲੌਗਿੰਗ ਸਾਈਟ ਦੀ ਬੁਖਲਾਹਟ ਹੈ।’ ਪ੍ਰਸਾਦ ਨੇ ਕਿਹਾ, ‘‘ਦੋਸਤੋ! ਅੱਜ ਅਵੱਲੀ ਗੱਲ ਹੋਈ। ਟਵਿੱਟਰ ਨੇ ਇਕ ਘੰਟੇ ਦੇ ਕਰੀਬ ਮੇਰੇ ਖਾਤੇ ਨੂੰ ਬਲਾਕ ਕਰੀ ਰੱਖਿਆ ਕਥਿਤ ਇਸ ਆਧਾਰ ’ਤੇ ਕਿ ਅਮਰੀਕਾ ਦੇ ਡਿਜੀਟਲ ਮਿਲੇਨੀਅਮ ਕਾਪੀਰਾਈਟ ਐਕਟ ਦੀ ਉਲੰਘਣਾ ਹੋਈ ਹੈ ਤੇ ਮਗਰੋਂ ਉਨ੍ਹਾਂ ਮੈਨੂੰ ਖਾਤੇ ਤੱਕ ਰਸਾਈ ਦੀ ਇਜਾਜ਼ਤ ਦੇ ਦਿੱਤੀ।’’
ਦੱਸਣਾ ਬਣਦਾ ਹੈ ਕਿ ਆਈਟੀ ਮੰਤਰੀ ਦਾ ਟਵਿੱਟਰ ਖਾਤਾ ਅਜਿਹੇ ਮੌਕੇ ਬਲਾਕ ਕੀਤਾ ਗਿਆ ਹੈ ਜਦੋਂ ਭਾਰਤ ਵਿੱਚ ਨਵੇਂ ਸੋਸ਼ਲ ਮੀਡੀਆ ਨੇਮਾਂ ਨੂੰ ਲੈ ਕੇ ਅਮਰੀਕੀ ਡਿਜੀਟਲ ਜਾਇੰਟ ਤੇ ਭਾਰਤ ਸਰਕਾਰ ਦਰਮਿਆਨ ਤਲਖੀ ਸਿਖਰ ’ਤੇ ਹੈ। ਸਰਕਾਰ ਨੇ ਮੁਲਕ ਦੇ ਨਵੇਂ ਆਈਟੀ ਨੇਮਾਂ ਦੀ ਜਾਣਬੁੱਝ ਕੇ ਹੁਕਮ ਅਦੂਲੀ ਕਰਨ ਤੇ ਪਾਲਣਾ ’ਚ ਨਾਕਾਮ ਰਹਿਣ ਬਦਲੇ ਟਵਿੱਟਰ ਨੂੰ ਰੱਜ ਕੇ ਭੰਡਿਆ ਸੀ। ਟਵਿੱਟਰ ਦੇ ਇਸ ਜ਼ਿੱਦੀ ਰਵੱਈਏ ਕਰਕੇ ਮਾਈਕਰੋਬਲੌਗਿੰਗ ਮੰਚ ਨੂੰ ਭਾਰਤ ਵਿੱਚ ਕਾਨੂੰਨੀ ਕਾਰਵਾਈ ਤੋਂ ਮਿਲੀ ਛੋਟ ਗੁਆਉਣੀ ਪਈ ਸੀ। ਛੋਟ ਖੁੱਸਣ ਮਗਰੋਂ ਟਵਿੱਟਰ ਹੁਣ ਆਪਣੇ ਮੰਚ ’ਤੇ ਗ਼ੈਰਕਾਨੂੰਨੀ ਸਮੱਗਰੀ ਪੋਸਟ ਕਰਨ ਵਾਲੇ ਵਰਤੋਕਾਰਾਂ ਲਈ ਜਵਾਬਦੇਹ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly