(ਸਮਾਜ ਵੀਕਲੀ)
ਆਸਾਂ ਸੱਧਰਾਂ ਗਰੀਬ ਦੀਆਂ ਨਾ ਹੋਣ ਪੂਰੀਆਂ
ਝੂਠਾ ਮੂਠਾ ਉਹਨੇ ਦਿਲ ਨੂੰ ਸਦਾ ਚਾਅ ਦਿੱਤਾ
ਚੱਲਣਾ ਚੁੱਲ੍ਹਾ ਬਹੁਤਿਆਂ ਦਾ ਹੋਇਆ ਔਖਾ
ਮਹਿੰਗਾਈ ਨੇ ਸਭ ਨੂੰ ਚੱਕਰਾਂ ਵਿੱਚ ਪਾ ਦਿੱਤਾ
ਰੁੱਖ ਵੱਢ ਵੱਢ ਕੇ ਖਤਮ ਅਸੀਂ ਕਰ ਦਿੱਤੇ
ਕਰ ਬੋਰ ਡੂੰਘੇ ਪਾਣੀ ਵੀ ਹੈ ਮੁਕਾ ਦਿੱਤਾ
ਕਿਧਰੇ ਸੋਕਾ ਤੇ ਕਿਧਰੇ ਹੁੰਦਾ ਹੈ ਡੋਬਾ
ਕਹਿਰ ਕੁਦਰਤ ਨੇ ਆਪਣਾ ਢਾਹ ਦਿੱਤਾ
ਛੇੜ ਛਾੜ ਕੁਦਰਤ ਨਾਲ ਹੈ ਨਿਤ ਵੱਧਦੀ
ਇਹਨੇ ਆਬੋ ਹਵਾ ਨੂੰ ਜ਼ਹਿਰ ਬਣਾ ਦਿੱਤਾ
ਕੁਦਰਤੀ ਸੋਮਿਆਂ ਦੀ ਕਿਉਂ ਨਾ ਕਦਰ ਕਰਦੇ
ਕਾਹਤੋਂ ਫੜਾ ਵਿਨਾਸ਼ ਦਾ ਤੁਸਾਂ ਰਾਹ ਦਿੱਤਾ
ਲਾ ਲਾ ਅੱਗਾਂ ਖੇਤ ਦਰੱਖਤ ਸਭ ਸਾੜ ਸੁੱਟੇ
ਸਾਫ ਸੁਥਰਾ ਲੈਣ ਨਾ ਸਾਨੂੰ ਸਾਹ ਦਿੱਤਾ
ਵੱਡੇ ਛੋਟੇ ਮੁਟਿਆਰਾਂ ਗੱਭਰੂ ਨਸ਼ਿਆਂ ਵੱਲ ਤੁਰੇ
ਚਲਾ ਦੇਖੋ ਕਿੱਡਾ ਹੈ ਨਸ਼ਿਆਂ ਦਾ ਦਰਿਆ ਦਿੱਤਾ
ਖਾਣ ਪੀਣ ਗਲਤ ਦੇ ਨਾਲ ਸਿਹਤ ਵਿਗੜੇ
ਮਹਿੰਗੇ ਮਹਿੰਗੇ ਹਸਪਤਾਲਾਂ ਦੇ ਵੱਸ ਪਾ ਦਿੱਤਾ
ਝੂਠ ਬਣਿਆ ਹੁਣ ਹਰ ਪਾਸੇ ਪ੍ਰਧਾਨ ਬੱਬੀ
ਸੱਚ ਲਿਖ ਕੇ ਕਾਵਿ ਵਿਚ ਸਭ ਸਮਝਾ ਦਿੱਤਾ
ਬਲਬੀਰ ਸਿੰਘ ਬੱਬੀ 7009107300