ਸੱਚੋ-ਸੱਚ / ਪੰਜਾਬੀਆਂ ਨੇ ” ਆਪ ” ਨੂੰ ਕੀਤਾ ਖ਼ਬਰਦਾਰ

 ਰਣਜੀਤ ਸਿੰਘ ਨੂਰਪੁਰ
(ਸਮਾਜ ਵੀਕਲੀ) ਦੇਸ਼ ਵਿੱਚ ਹੋ ਕੇ ਹਟੀਆਂ ਆਮ ਚੋਣਾਂ ਦੇ ਪੰਜਾਬ ਵਿਚਲੇ ਨਤੀਜੇ ਸੱਤਾਧਾਰੀ ਪਾਰਟੀ ਨੂੰ ਖ਼ਬਰਦਾਰ ਕਰਨ ਵਾਲੇ ਹਨ। ਪਾਰਟੀ ਇਸ ਗੱਲ ਨੂੰ ਮੰਨੇ ਜਾਂ ਨਾ ਪਰ ਪੰਜਾਬ ਦੇ ਵੋਟਰਾਂ ਨੇ ਇਨ੍ਹਾਂ ਚੋਣਾਂ ਵਿੱਚ ” ਆਪ ” ਪ੍ਰਤੀ ਨਰਾਜ਼ਗੀ ਵਿਖਾਈ ਹੈ ਜਦਕਿ ਕਾਂਗਰਸ ਪਾਰਟੀ ਨੂੰ ਹੁਲਾਰਾ ਦਿੱਤਾ ਹੈ।
       ਪੰਜਾਬ ਦੀ ਸੱਤਾ ਪਿਛਲੇ ਦੋ ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੈ ਤੇ ਉਸ ਦੇ ਪੰਜਾਬ ਸੁਪਰੀਮੋ ਸ੍ਰੀ ਭਗਵੰਤ ਮਾਨ ਗੱਦੀ ‘ਤੇ ਬਿਰਾਜਮਾਨ ਹਨ। ਸਿਆਸਤ ਦੀਆਂ ਬਾਰੀਕੀਆਂ ਤੋਂ ਅਨਜਾਣ ਇਸ ਪਾਰਟੀ ਦੀ ਸਰਕਾਰ ਨੇ ਰਵਾਇਤੀ ਸਿਆਸੀ ਪਾਰਟੀਆਂ ਤੋਂ ਹਟਵਾਂ ਕਾਫੀ ਕੁੱਝ ਕੀਤਾ ਹੈ ਪਰ ਪੰਜਾਬ ਸਿਰ ਖੜ੍ਹਾ ਕਰਜ਼ਾ ਸਰਕਾਰ ਦੇ ਪੈਰੀਂ ਇੱਕ ਤਰ੍ਹਾਂ ਨਾਲ ਸੰਗਲ਼ ਵਾਂਗ ਹੈ।
        ਕੋਈ ਸ਼ੱਕ ਨਹੀਂ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਦੁਖੀ ਕੀਤੇ ਹੋਏ ਪੰਜਾਬ ਦੇ ਲੋਕਾਂ ਨੇ 2022 ‘ਚ ਜ਼ਬਰਦਸਤ ਸਿਆਸੀ ਬਦਲਾਅ ਪੰਜਾਬ ਵਿੱਚ ਲਿਆਂਦਾ ਸੀ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇੰਨੇ ਲੰਬੇ ਸਮੇਂ ਬਾਅਦ ਵੀ ਇਹ ਸਰਕਾਰ ਆਪਣੇ ਐਲਾਨੇ ਹੋਏ ਵਾਅਦੇ ਪੂਰੇ ਨਹੀਂ ਕਰ ਸਕੀ ਜਿਸ ਦਾ ਸੰਕੇਤ ਇਨ੍ਹਾਂ ਵੋਟਾਂ ਵਿੱਚ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ ਦੇ ਦਿੱਤਾ ਹੈ।
        ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਵੱਲੋਂ ਇਹ ਦਾਅਵਾ ਵਾਰ-ਵਾਰ ਕੀਤਾ ਜਾਂਦਾ ਰਿਹਾ ਕਿ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਆਉਣਗੇ ਤੇ ਉਹ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਜਿੱਤ ਦਰਜ ਕਰਨਗੇ ਪਰ ਅਜਿਹਾ ਹੋਇਆ ਨਹੀਂ। ਸੱਚ ਪੁੱਛੋ ਤਾਂ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ ਨਿਕਾਰਿਆ ਹੈ ਤੇ ਉਨ੍ਹਾਂ ਆਪਣੇ ਮਨਾਂ ਵਿਚਲੀ ਨਰਾਜ਼ਗੀ ਦਾ ਖੁੱਲ੍ਹੇ ਤੌਰ ‘ਤੇ ਮੁਜ਼ਾਹਰਾ ਕਰ ਦਿੱਤਾ ਹੈ। ਇਸ ਮੁਜ਼ਾਹਰੇ ਤੋਂ ਜੇਕਰ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਤਾਂ ਅਗਾਮੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਦਾ ਪਹਾੜ ਤੈਅ ਕਰਨਾ ਇਸ ਪਾਰਟੀ ਲਈ ਬਹੁਤ ਮੁਸ਼ਕਲ ਬਣ ਜਾਵੇਗਾ।
            ਅਸੈਂਬਲੀ ਚੋਣਾਂ ਸਮੇਂ ਕੀਤੇ ਹੋਏ ਵਾਅਦਿਆਂ ਵਿੱਚੋਂ ਕਈ ਵਾਅਦੇ ਹਾਲੇ ਤੱਕ ਛੋਹੇ ਨਹੀਂ ਗਏ। ਖਾਸ ਕਰ ਔਰਤਾਂ ਲਈ ਹਰ ਮਹੀਨੇ ਇੱਕ ਹਜ਼ਾਰ ਰੁਪਇਆ ਦੇਣ ਦਾ ਵਾਅਦਾ। ਇਸ ਤਰ੍ਹਾਂ ਦੇ ਹੋਰ ਵੀ ਕੁਝ ਵਾਅਦੇ ਹਨ ਜਿਨ੍ਹਾਂ ਦੀ ਪੂਰਤੀ ਦਾ ਸਮਾਂ ਪੰਜਾਬ ਦੇ ਲੋਕ ਬੇਸਬਰੀ ਨਾਲ ਉਡੀਕ ਰਹੇ ਹਨ।
           ਵੇਖਿਆ ਜਾਵੇ ਤਾਂ ਮੁੱਖ ਮੰਤਰੀ ਪੰਜਾਬ ਨੇ ਸਾਰੇ ਵਰਗਾਂ ਬਾਰੇ ਸੋਚਣ ਦੀ ਬਜਾਏ ਕਿਸੇ ਇੱਕ ਵਰਗ ਵੱਲ ਵੱਧ ਧਿਆਨ ਦਿੱਤਾ ਹੈ। ਮੁਲਾਜ਼ਮ -ਵਰਗ ਨਾਲ ਧੱਕਾ ਵੀ ਕੀਤਾ ਗਿਆ ਹੈ। ਉਨ੍ਹਾਂ ਦੀਆਂ ਮੰਗਾਂ ਉੱਪਰ ਗੱਲਬਾਤ ਲਈ ਖੁਦ ਹੀ ਰੱਖੀਆਂ ਮੀਟਿੰਗਾਂ ਮੁਕੰਮਲ ਨਹੀਂ ਕੀਤੀਆਂ ਗਈਆਂ। ਓਵਰ ਕੌਂਨਫੀਡੈਂਸ ਵੀ ਬੰਦੇ ਨੂੰ ਖੂੰਜੇ ਲਾ ਛੱਡਦਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਆਉਂਦੇ ਰਹੇ ਬਿਆਨ ਵੀ ਓਵਰ ਕੌਂਨਫੀਡੈਂਸ ਹੀ ਤਾਂ ਸਨ।
       ਪੰਜਾਬ ਦੇ ਵੋਟਰਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਆਪਣੇ -ਆਪ ਨੂੰ ਕਾਬਲ ਮੁੱਖ ਮੰਤਰੀ ਜਾਂ ਕਾਬਲ ਸਰਕਾਰ ਸਿੱਧ ਕਰਨ ਲਈ ਉਨ੍ਹਾਂ ਨੂੰ ਨਿੱਠ ਕੇ ਕੰਮ ਕਰਨੇ ਪੈਣਗੇ। ਅਫ਼ਸਰਸ਼ਾਹੀ ‘ਤੇ ਬਹੁਤਾ ਭਰੋਸਾ ਡੋਬ ਸਕਦਾ ਹੈ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਜੋ ਆਖ ਰਹੇ ਹੁੰਦੇ ਹਨ, ਗਰਾਊਂਡ ਜ਼ੀਰੋ ‘ਤੇ ਵਾਪਰ ਕੁੱਝ ਹੋਰ ਰਿਹਾ ਹੁੰਦਾ ਹੈ। ਅਜਿਹੇ ਵਰਤਾਰੇ ਖਾਸ ਕਰਕੇ ਅਫ਼ਸਰਸ਼ਾਹੀ ਦੀ ਮਿਹਰਬਾਨੀ ਸਦਕਾ ਵਾਪਰ ਰਹੇ ਹੁੰਦੇ ਹਨ।
            ਪੰਜਾਬ ਵਿੱਚ ” ਚਿੱਟੇ ” ਬਾਰੇ ਪੈਂਦਾ ਆ ਰਿਹਾ ਰੌਲ਼ਾ ਅਤੇ ਗੱਭਰੂਆਂ ਦੀਆਂ ਹੋ ਰਹੀਆਂ ਮੌਤਾਂ ਬਾ-ਦਸਤੂਰ ਜਾਰੀ ਹੈ। ਪੁਲਿਸ ਜਾਂ ਸਿਆਸੀ ਲੋਕਾਂ ਦੀ ਸਰਪ੍ਰਸਤੀ ਤੋਂ ਬਿਨਾਂ ਚਿੱਟਾ ਵਿਕ ਹੀ ਨਹੀਂ ਸਕਦਾ। ਇਸੇ ਤਰ੍ਹਾਂ ਦੋ ਨੰਬਰ ਦੀ ਸ਼ਰਾਬ, ਅੱਜ ਹਰ ਪਿੰਡ ਤੇ ਗਲੀ-ਮੁਹੱਲੇ ‘ਚ ਵਿਕ ਰਹੀ ਹੈ।
        ਸੋ ਮੁੱਖ ਮੰਤਰੀ ਸਾਹਿਬ ਜੀ, ਹਾਲੇ ਤੁਹਾਡੇ ਕੋਲ ਕਾਫ਼ੀ ਸਮਾਂ ਪਿਆ ਹੈ। ਰਹਿੰਦਾ ਸਮਾਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ, ਉਨ੍ਹਾਂ ਦਾ ਵਿਸ਼ਵਾਸ ਹਾਸਲ ਕੀਤਾ ਜਾ ਸਕਦਾ ਹੈ।
 ਰਣਜੀਤ ਸਿੰਘ ਨੂਰਪੁਰ    
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁੱਧ ਚਿੰਤਨ/ ਬੁੱਧ ਸਿੰਘ ਨੀਲੋਂ
Next articleਗਾਇਕ ਸਿਕੰਦਰ ਅਲੀ ” ਸਿਰਤਾਜ ਸ਼ਹੀਦਾਂ ਦੇ ” ਟ੍ਰੈਕ ਨਾਲ ਹਾਜ਼ਰੀ ਭਰ ਰਿਹਾ – ਪੇਸ਼ਕਾਰ ਦੀਪ ਬਾਗਪੁਰੀ