HOME ਤ੍ਰਿਵੈਣੀਆਂ ਲਗਾਉ

ਤ੍ਰਿਵੈਣੀਆਂ ਲਗਾਉ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ

 (ਸਮਾਜ ਵੀਕਲੀ)   ਤ੍ਰਿਵੈਣੀ ਨਿੰਮ, ਪਿੱਪਲ ਅਤੇ ਬੋਹੜ ਦੇ ਦਰਖ਼ਤ ਨੂੰ ਕਹਿੰਦੇ ਹਨ। ਜਿਹੜੇ ਕਿ ਤਕਰੀਬਨ ਇੱਕ ਦੂਜੇ ਦੇ ਨੇੜੇ ਨੇੜੇ ਲੱਗੇ ਹੁੰਦੇ ਹਨ। ਸਾਡੇ ਰਿਸ਼ੀਆਂ ਮੁਨੀਆਂ ਨੇ ਤਿੰਨ ਨਦੀਆਂ ਗੰਗਾ, ਜਮਨਾ, ਸਰਸਵਤੀ, ਦੇ ਸੰਗਮ ਨੂੰ ਤ੍ਰਿਵੈਣੀ ਸੰਗਮ ਦਾ ਨਾਂ ਦਿੱਤਾ ਹੈ। ਹਿੰਦੂ ਧਰਮ ਵਿੱਚ ਸੰਗਮ ਦੀ ਬੜੀ ਮਹੱਤਤਾ ਹੈ। ਇਸ ਲਈ ਪ੍ਰਯਾਗ ਤੀਰਥ ਦਾ ਹਿੰਦੂ ਧਰਮ ਵਿੱਚ ਪ੍ਰਮੁੱਖ ਸਥਾਨ ਹੈ ।ਸਾਡੇ ਸਾਧਕਾਂ ਨੇ ਦੱਸਿਆ ਹੈ ,ਕਿ ਇਹਨਾਂ ਤਿੰਨਾਂ ਨਦੀਆਂ ਵਾਂਗ ਏੜਾ, ਪਿੰਗਲ ਦੇ ਸੁਖਮਨਾ ਨਾੜੀਆਂ ਜੋ ਮਨੁੱਖੀ ਸਰੀਰ ਵਿੱਚ ਮਿਲਦੀਆਂ ਹਨ। ਇਹਨਾਂ ਨੂੰ ਤ੍ਰਿਵੈਣੀ ਨਾੜੀਆਂ ਦਾ ਨਾਂ ਦਿੱਤਾ ਗਿਆ ਹੈ। ਸਾਡੇ ਪੰਜਾਬ ਵਿੱਚ ਤ੍ਰਿਵੈਣੀ ਸ਼ਬਦ ਦੀ ਬਹੁਤ ਮਾਨਤਾ ਹੈ। ਨਿੰਮ, ਪਿੱਪਲ ਅਤੇ ਬੋਹੜ ਦੇ ਇੱਕ ਜਗ੍ਹਾ ਵਿੱਚ ਉੱਗੇ ਦਰਖਤਾਂ ਨੂੰ ਤ੍ਰਿਵੈਣੀ ਆਖਦੇ ਹਨ ।ਇਹ ਪੰਜਾਬ ਦੇ ਪਿੰਡਾਂ ਦੀਆਂ ਸ਼ਾਨ ਹੁੰਦੀਆਂ ਸਨ। ਸਾਡੇ ਵੱਡ ਵਡੇਰੇ ਪੁਰਖਿਆਂ ਨੇ ਆਪਣੀ ਦੂਰ ਦ੍ਰਿਸ਼ਟੀ ਨਾਲ ਇਹਨਾਂ ਤਿੰਨਾਂ ਦਰਖਤਾਂ ਦੀ ਚੋਣ ਕੀਤੀ । ਇਹ ਤ੍ਰਿਵੈਣੀਆਂ ਜਨਤਕ ਥਾਵਾਂ ਅਤੇ ਛੱਪੜਾਂ, ਟੋਭਿਆਂ ਤੇ ਲਾਈਆਂ ਜਾਂਦੀਆਂ ਹਨ ।ਰੁੱਖ ਨਹੀਂ ਤਾਂ ਮਨੁੱਖ ਨਹੀਂ। ਸਾਡੇ ਲਈ ਸਾਰੇ ਹੀ ਰੁੱਖ ਲਾਭਦਾਇਕ ਹਨ ।ਪਰ ਹੋਰ ਦਰਖਤਾਂ ਦੀ ਥਾਂ ਇਹ ਨਿੰਮ ਪਿੱਪਲ ਅਤੇ ਬੋਹੜ ਬਹੁਤ ਫਾਇਦੇਮੰਦ ਹਨ । ਇਹ ਸਾਡੇ ਵਾਤਾਵਰਨ ਨੂੰ ਸਾਫ ਰੱਖਦੇ ਹਨ ਅਤੇ ਸਾਨੂੰ ਆਕਸੀਜਨ ਵੀ ਵੱਧ ਮਾਤਰਾ ਵਿੱਚ ਦਿੰਦੇ ਹਨ। ਇਹ ਤ੍ਰਿਵੈਣੀਆਂ ਆਮ ਤੇ ਛੱਪੜਾਂ ਦੇ ਨੇੜੇ ਲਾਉਂਦੇ ਹਨ। ਤਾਂ ਕਿ ਗਰਮੀ ਦੀ ਰੁੱਤ ਵਿੱਚ ਪਸ਼ੂਆਂ ਮੱਝਾਂ, ਗਾਵਾਂ ਦੇ ਛੱਪੜ ਦੇ ਪਾਣੀ  ਵਿੱਚ ਨਹਾਉਣ ਵੇਲੇ ਪਸ਼ੂਆਂ ਦੇ ਮਾਲਕ ਇਨਾਂ ਦੀ ਛਾਂ ਹੇਠ ਬੈਠ ਸਕਣ ਅਤੇ ਰਾਹ ਜਾਂਦੇ ਆਦਮੀ ਔਰਤਾਂ ਵੀ ਇਹਨਾਂ ਥੱਲੇ ਬੈਠ ਕੇ ਸੰਘਣੀ ਥਾਂ ਵਿੱਚ ਦੁਪਹਿਰਾਂ ਕੱਟਦੇ ਸਨ। ਗਰਮੀ ਦੀ ਰੁੱਤ ਵਿੱਚ ਨੌਜਵਾਨ ਤ੍ਰਿਵੈਣੀਆਂ ਦੀ ਠੰਡੀ ਸੰਘਣੀ  ਛਾਂ ਦਾ ਆਨੰਦ ਮਾਣਦੇ ਹੋਏ ਪੀਂਘ ਪੁਲੰਗੜਾ, ਗੜਕਾਨਾ ਲੱਕੜ ਆਦਿ ਖੇਡਾਂ ਖੇਡਦੇ ਹਨ। ਪਿੰਡ ਕੇ ਬਜ਼ੁਰਗ ਇਹਨਾਂ ਦੀ ਠੰਡੀ ਛਾਂ ਹੇਠ ਬਹਿ ਕੇ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਕਰਦੇ ਸਨ ਤੇ ਹੀਰ ਰਾਂਝੇ ਦੇ ਕਿੱਸੇ ਸੁਣਾਉਂਦੇ ਸਨ। ਤਾਸ ਖੇਡਦੇ ਖੇਡਦੇ ਤ੍ਰਿਵੈਣੀਆਂ ਦੀ ਛਾਂ ਹੇਠ ਢੂਈ ਸਿੱਧੀ ਵੀ ਕਰ ਲੈਂਦੇ ਸਨ, ਭਾਵ ਆਰਾਮ ਵੀ ਕਰ ਲੈਂਦੇ ਸਨ। ਇੱਕ ਦੂਜੇ ਨੂੰ ਹਾਸਾ ਠੱਠਾ ਟਿੱਚਰਾਂ ਵੀ ਕਰਦੇ ਸਨ ।ਅਮਲੀ ਬੰਦੇ ਵੀ ਆਪਣੀਆਂ ਵਿਅੰਗ ਮਈ ਗੱਲਾਂ ਨਾਲ ਇਹਨਾਂ ਤ੍ਰਿਵੈਣੀਆਂ ਥੱਲੇ ਬੈਠ ਕੇ ਹਾਸੜ ਮਚਾ ਦਿੰਦੇ ਸਨ। ਤ੍ਰਿਵੈਣੀਆਂ ਦੀ ਰੀਸ ਪੱਖੇ, ਕੁਲਰ, ਏਸੀ ਨਹੀਂ ਕਰਦੇ ਸਨ । ਇੱਥੇ ਅਲੋਕਿਕ ਨਜ਼ਾਰਾ ਵੇਖਣ ਨੂੰ ਮਿਲਦਾ। ਘੁਗੀਆਂ, ਚਿੜੀਆਂ, ਕਬੂਤਰ, ਤੋਤੇ ਆਪਣੇ ਆਹਲਣੇ ਪਾ ਲੈਂਦੇ ਅਤੇ ਬੋਹੜ ਦੀਆਂ ਗੋਹਲਾਂ ਟੁੱਕ ਕੇ ਖਾ ਲੈਂਦੇ। ਸਾਉਣ ਦੇ ਮਹੀਨੇ ਕੋਇਲ ਦੀ ਮਿੱਠੀ ਬੋਲੀ ਆਨੰਦ ਲਿਆ ਦਿੰਦੀ।

ਪਹਿਲਾਂ ਜੇਕਰ ਪਿੰਡਾਂ ਵਿੱਚ ਮਾੜੀ ਮੋਟੀ ਲੜਾਈ ਝਗੜੇ ਹੋ ਜਾਂਦੇ ਤਾਂ ਲੋਕ ਆਪਣੇ ਕੇਸ ਥਾਣੇ ਕਚਹਿਰੀਆਂ ਵਿੱਚ ਨਹੀਂ ਸਨ ਲਿਜਾਂਦੇ। ਇਹਨਾਂ ਤ੍ਰਿਵੈਣੀਆਂ ਥੱਲੇ ਬੈਠ ਕੇ ਹੀ ਗੰਭੀਰ ਮਸਲੇ ਵਿਚਾਰੇ ਜਾਂਦੇ ਸਨ। ਉਦੋਂ ਲੋਕਾਂ ਵਿੱਚ ਸਹਿਣ ਸ਼ਕਤੀ ਬਹੁਤ ਹੁੰਦੀ ਸੀ। ਦੋਹਾਂ ਧਿਰਾਂ ਦੇ ਮਸਲੇ ਸੂਝਵਾਨ ਢੰਗ ਨਾਲ ਉਹਨਾਂ ਤੇ ਤ੍ਰਿਵੈਣੀਆਂ ਥੱਲੇ ਬੈਠ ਕੇ ਹੱਲ ਹੁੰਦੇ ਸਨ। ਇਸ ਨਾਲ ਪਿੰਡਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ ਬਣਿਆ ਰਹਿੰਦਾ ਸੀ ।ਪਰ ਅੱਜ ਕੱਲ੍ਹ ਮਨੁੱਖਾਂ ਨੇ ਦਰਖ਼ਤ ਵੱਢ ਵੱਢ ਕੇ ਹਰ ਪਾਸੇ ਅੰਧਕਾਰ ਪੈਦਾ ਕਰ ਦਿੱਤਾ ਹੈ। ਇਹਨਾਂ ਦਰਖਤਾਂ ਵਿੱਚ ਤ੍ਰਿਵੈਣੀਆਂ ਵੀ ਨਹੀਂ ਬਚੀਆਂ। ਆਜੋ ਆਪਾਂ ਨਿੰਮ ਪਿੱਪਲ ਅਤੇ ਬੋਹੜ ਦੇ ਦਰਖ਼ਤ ਲਾ ਕੇ ਭਾਵ ਤ੍ਰਿਵੈਣੀਆਂ ਲਾਈਏ ਤੇ ਵਾਤਾਵਰਨ ਵਿੱਚ ਹੋ ਰਹੇ ਗੰਧਲੇ ਪਨ ਨੂੰ ਦੂਰ ਕਰੀਏ ।ਇਹ ਤ੍ਰਿਵੈਣੀਆਂ ਵੀ ਸਾਡੇ ਵਿਰਸੇ ਦਾ ਅਨਿਖੜਵਾਂ ਅੰਗ ਹਨ। ਨਵੀਂ ਪੀੜੀ ਨੂੰ ਵੀ ਮੋਬਾਇਲ ਤੋਂ ਹਟਾ ਕੇ ਦੱਸੀਏ ਕਿ ਤ੍ਰਿਵੈਣੀ ਕੀ ਹੁੰਦੀ ਹੈ? ਸਾਨੂੰ ਸਾਰਿਆਂ ਨੂੰ ਵਰਖਾ ਦੀ ਰੁੱਤ ਵਿੱਚ ਤ੍ਰਿਵੈਣੀਆਂ ਲਾਉਣੀਆਂ ਚਾਹੀਦੀਆਂ ਹਨ। ਤਾਂ ਕਿ ਇਹ ਤਿੰਨੇ ਦਰੱਖਤ ਜੋ ਕਿ ਸਾਨੂੰ ਸਭ ਤੋਂ ਜਿਆਦਾ ਆਕਸੀਜਨ ਦਿੰਦੇ ਹਨ ਵੱਧ ਸਕਣ।
ਸ਼ੁਭਚਿੰਤਕ।
ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸਰਟੀਫਿਕੇਟ ਵੰਡ ਸਮਾਰੋਹ
Next articleਰਾਏਕੋਟ ਪੁਲਿਸ ਨੇ ਕਾਸੋ ਅਪ੍ਰੇਸ਼ਨ ਤਹਿਤ ਸ਼ੱਕੀ ਘਰਾਂ ਦੀ ਕੀਤੀ ਤਲਾਸੀ