ਨਵੀਂ ਦਿੱਲੀ (ਸਮਾਜ ਵੀਕਲੀ) : ਈਡੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਤੇ ਟੀਐਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅਤੇ ਉਸ ਦੀ ਪਤਨੀ ਨੂੰ ਪੁੱਛਗਿੱਛ ਲਈ ਸੱਦਿਆ ਹੈ। ਇਹ ਕੇਸ ਮਨੀ ਲਾਂਡਰਿੰਗ ਨਾਲ ਸਬੰਧਤ ਹੈ ਜੋ ਕਿ ਕਥਿਤ ਤੌਰ ਉਤੇ ਰਾਜ ਵਿਚ ਹੋਏ ਕੋਲਾ ਘੁਟਾਲੇ ਨਾਲ ਜੁੜਿਆ ਹੋਇਆ ਹੈ। ਅਭਿਸ਼ੇਕ (33) ਡਾਇਮੰਡ ਹਾਰਬਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ ਤੇ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਨ। ਅਭਿਸ਼ੇਕ ਨੂੰ ਛੇ ਸਤੰਬਰ ਅਤੇ ਉਸ ਦੀ ਪਤਨੀ ਰੁਜਿਰਾ ਨੂੰ ਪਹਿਲੀ ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਰੁਜਿਰਾ ਤੋਂ ਇਸ ਤੋਂ ਪਹਿਲਾਂ ਸੀਬੀਆਈ ਵੀ ਪੁੱਛਗਿੱਛ ਕਰ ਚੁੱਕੀ ਹੈ। ਅਭਿਸ਼ੇਕ ਬੈਨਰਜੀ ਨਾਲ ਜੁੜੇ ਕੁਝ ਆਈਪੀਐੱਸ ਅਧਿਕਾਰੀਆਂ ਤੇ ਇਕ ਵਕੀਲ ਨੂੰ ਵੀ ਅਗਲੇ ਮਹੀਨੇ ਇਸੇ ਕੇਸ ਵਿਚ ਵੱਖ-ਵੱਖ ਤਰੀਕਾਂ ਉਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੰਗਾਲ ’ਚ ਕੋਲੇ ਦਾ ਕਾਰੋਬਾਰ ਕਰਨ ਵਾਲਾ ਅਨੂਪ ਮਾਝੀ ਉਰਫ਼ ਲਾਲਾ ਇਸ ਕੇਸ ਦਾ ਮੁੱਖ ਮੁਲਜ਼ਮ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਸੁਪਰੀਮੋ ਮਮਤਾ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ‘ਸੰਘੀ ਢਾਂਚੇ ਨੂੰ ਤਹਿਸ-ਨਹਿਸ’ ਕਰਨ ਦਾ ਯਤਨ ਕਰ ਰਹੀ ਹੈ ਤੇ ਸੂਬਿਆਂ ਦੇ ਹੱਕ ਖੋਹੇ ਜਾ ਰਹੇ ਹਨ। ਤ੍ਰਿਣਮੂਲ ਕਾਂਗਰਸ ਮੁਖੀ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇਕ ਮੀਟਿੰਗ ਸੱਦਣ ਦੀ ਤਜਵੀਜ਼ ਵੀ ਰੱਖੀ ਹੈ। ਮਮਤਾ ਨੇ ਕਿਹਾ ਕਿ ‘ਕੇਂਦਰ ਦੀ ਤਾਨਾਸ਼ਾਹੀ’ ਨਾਲ ਲੜਨ ਲਈ ਇਹ ਜ਼ਰੂਰੀ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ‘ਭਾਜਪਾ ਤੇ ਕੇਂਦਰ ਸਰਕਾਰ ਸਿਆਸੀ ਤੌਰ ਉਤੇ ਸਾਡੇ ਨਾਲ ਨਹੀਂ ਲੜ ਸਕਦੀ। ਪਾਰਟੀ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ ਤੇ ਹੁਣ ਉਹ ਕੇਂਦਰੀ ਏਜੰਸੀਆਂ ਨੂੰ ਸਾਡੇ ਆਗੂਆਂ ਅਭਿਸ਼ੇਕ ਤੇ ਹੋਰਾਂ ਖ਼ਿਲਾਫ਼ ਵਰਤ ਰਹੇ ਹਨ। ਪਰ ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ, ਉਹ ਸਾਨੂੰ ਇਸ ਤਰ੍ਹਾਂ ਡਰਾ ਨਹੀਂ ਸਕਦੇ। ਅਸੀਂ ਉਨ੍ਹਾਂ ਖ਼ਿਲਾਫ਼ ਜੰਗ ਜਾਰੀ ਰੱਖਾਂਗੇ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly