ਬੰਗਲੂਰੂ (ਸਮਾਜ ਵੀਕਲੀ): ਕਾਂਗਰਸ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਕੇ ਐੱਸ ਈਸ਼ਵਰੱਪਾ ਵੱਲੋਂ ਕੌਮੀ ਝੰਡੇ ਬਾਰੇ ਦਿੱਤੇ ਗਏ ਬਿਆਨ ’ਤੇ ਉਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੜ ਗਈ ਹੈ। ਉਸ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਕਰਨਾਟਕ ਵਿਧਾਨ ਸਭਾ ਦਾ ਇਜਲਾਸ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਣੀ ਸੀ ਪਰ ਹੰਗਾਮੇ ਕਾਰਨ ਇਹ ਦੋ ਘੰਟੇ ਦੇਰ ਨਾਲ ਸ਼ੁਰੂ ਹੋਈ। ਕਾਂਗਰਸ ਦੇ ਵਿਧਾਇਕ ਸਦਨ ’ਚ ਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀ ਕਰਦੇ ਰਹੇ। ਸਦਨ ’ਚ ਸਭ ਤੋਂ ਪਹਿਲਾਂ ਸਾਬਕਾ ਵਿਧਾਇਕ ਜੀ ਵੀ ਮਨਟੂਰ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਜਿਨ੍ਹਾਂ ਦਾ ਵੀਰਵਾਰ ਨੂੰ ਬਾਗਲਕੋਟ ’ਚ ਦੇਹਾਂਤ ਹੋ ਗਿਆ ਸੀ।
ਇਸ ਮਗਰੋਂ ਪ੍ਰਸ਼ਨਕਾਲ ਸ਼ੁਰੂ ਹੋਇਆ ਤਾਂ ਕਾਂਗਰਸ ਵਿਧਾਇਕਾਂ ਨੇ ਈਸ਼ਵਰੱਪਾ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਸਿੱਧਾਰਮਈਆ ਨੂੰ ਰਾਜਪਾਲ ਦੇ ਭਾਸ਼ਨ ’ਤੇ ਧੰਨਵਾਦ ਮਤੇ ’ਤੇ ਬੋਲਣ ਲਈ ਕਿਹਾ ਪਰ ਕਾਂਗਰਸ ਵਿਧਾਇਕ ਸ਼ਾਂਤ ਨਹੀਂ ਹੋਏ। ਇਸ ’ਤੇ ਸਪੀਕਰ ਨੇ ਕਾਂਗਰਸ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਅਪੀਲ ਕੀਤੀ ਕਿ ਉਹ ਸਦਨ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਨ। ਕਾਨੂੰਨ ਅਤੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਜੇ ਸੀ ਮਧੂਸਵਾਮੀ, ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਜਨਤਾ ਦਲ (ਐੱਸ) ਦੇ ਵਿਧਾਇਕ ਐੱਚ ਡੀ ਰੇਵੰਨਾ ਨੇ ਵੀ ਕਾਂਗਰਸ ਵਿਧਾਇਕਾਂ ਦੇ ਰਵੱਈਏ ਦੀ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਨ। ਇਸ ਮਗਰੋਂ ਸਪੀਕਰ ਨੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly