ਭੁਪਾਲ (ਸਮਾਜ ਵੀਕਲੀ): ਦੁਨੀਆ ਦੇ ਸਭ ਤੋਂ ਬੁਰੇ ਸਨਅਤੀ ਹਾਦਸੇ ਭੁਪਾਲ ਗੈਸ ਤ੍ਰਾਸਦੀ ਦੀ 37ਵੀਂ ਵਰ੍ਹੇਗੰਢ ਮੌਕੇ ਅੱਜ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ ਦੀ ਅਗਵਾਈ ਵਿਚ ਸੂਬੇ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਟੇਲ ਤੇ ਕਈ ਧਾਰਮਿਕ ਆਗੂਆਂ ਨੇ ਵਿਛੜੀਆਂ ਰੂਹਾਂ ਲਈ ਪ੍ਰਾਰਥਨਾ ਕੀਤੀ ਤੇ ਦੋ ਮਿੰਟ ਦਾ ਮੌਨ ਰੱਖਿਆ। ਜ਼ਿਕਰਯੋਗ ਹੈ ਕਿ ਯੂਨੀਅਨ ਕਾਰਬਾਈਡ ਦੇ ਕੀਟਨਾਸ਼ਕ ਬਣਾਉਣ ਵਾਲੇ ਪਲਾਂਟ ਵਿਚੋਂ 2 ਤੇ ਤਿੰਨ ਦਸੰਬਰ 1984 ਦੀ ਰਾਤ ਨੂੰ ਜ਼ਹਿਰੀਲੀ ਗੈਸ ਲੀਕ ਹੋ ਗਈ ਸੀ।
ਇਸ ਕਾਰਨ ਕਰੀਬ 3000 ਲੋਕ ਮਾਰੇ ਗਏ ਸਨ ਤੇ ਲੱਖ ਤੋਂ ਵੱਧ ਇਸ ਦੇ ਅਸਰ ਹੇਠ ਆ ਗਏ ਸਨ। ਇਸੇ ਦੌਰਾਨ ਅੱਜ ਹਾਦਸੇ ਵਿਚ ਬਚਣ ਵਾਲੇ ਕਈਆਂ ਨੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਨਾਲ ਬੰਦ ਹੋਈ ਕੰਪਨੀ ਯੂਨੀਅਨ ਕਾਰਬਾਈਡ ਵੱਲ ਰੋਸ ਮਾਰਚ ਕੀਤਾ। ਇਸ ਮੌਕੇ ਉਨ੍ਹਾਂ ਰੋਸ ਪ੍ਰਗਟਾਉਂਦਿਆਂ ਮੈਡੀਕਲ ਸੰਭਾਲ ਦੀ ਲੋੜ ਨੂੰ ਉਭਾਰਿਆ ਤੇ ਕਈ ਹੋਰ ਮੰਗਾਂ ਵੀ ਰੱਖੀਆਂ। ਮਾਰਚ ਦੌਰਾਨ ਮੁਜ਼ਾਹਰਾਕਾਰੀਆਂ ਨੇ ਪੋਸਟਰ ਫੜੇ ਹੋਏ ਸਨ ਜਿਨ੍ਹਾਂ ਉਤੇ ਲਿਖਿਆ ਸੀ, ‘ਭੁਪਾਲ ਗੈਸ ਤ੍ਰਾਸਦੀ ਕਾਰਨ ਵਿਧਵਾ ਹੋਈਆਂ 500 ਔਰਤਾਂ ਨੂੰ ਪੈਨਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਜਦਕਿ ਮੁੱਖ ਮੰਤਰੀ ਨੇ ਇਸ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨਾਲ ਹੀ ਸਵਾਲ ਉਠਾਇਆ ਕਿ ਮੱਧ ਪ੍ਰਦੇਸ਼ ਸਰਕਾਰ ਕਿਸੇ ਵੀ ਪੀੜਤ ਜਾਂ ਉਸ ਦੇ ਬੱਚੇ ਨੂੰ ਰੁਜ਼ਗਾਰ ਦੇਣ ਵਿਚ ਕਿਉਂ ਨਾਕਾਮ ਹੋਈ, ਜਦਕਿ ਇਹ ਪਿਛਲੇ ਦਸ ਸਾਲਾਂ ਤੋਂ 85 ਕਰੋੜ ਜਾਂ ਇਕ ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਦੱਬ ਕੇ ਬੈਠੀ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly