ਸੰਗਰੂਰ (ਸਮਾਜ ਵੀਕਲੀ) ਮਾਤਾ ਪੁਸ਼ਪਾ ਦੇਵੀ ਨੇ 83 ਸਾਲ ਦੀ ਖੁਸ਼ਹਾਲ ਅਤੇ ਪ੍ਰਭਾਵਸ਼ਾਲੀ ਜ਼ਿੰਦਗੀ ਜੀਣ ਤੋਂ ਬਾਅਦ, ਇੱਕ ਸੰਖੇਪ ਬਿਮਾਰੀ ਪਿੱਛੋਂ22 ਫਰਵਰੀ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਉਹਨਾਂ ਦੀ ਜ਼ਿੰਦਗੀ ਮਮਤਾ, ਸਮਰਪਣ ਅਤੇ ਸੰਘਰਸ਼ ਦੀ ਇੱਕ ਮਿਸਾਲ ਰਹੀ। ਆਪਣੇ ਪਿੱਛੇ ਉਹ ਇੱਕ ਅਜਿਹਾ ਪਰਿਵਾਰ ਛੱਡ ਗਏ ਹਨ, ਜੋ ਤਰੱਕੀ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ,1 ਜੁਲਾਈ 1942 ਨੂੰ ਮਾਤਾ ਪਦਮਾ ਦੇਵੀ ਤੇ ਪਿਤਾ ਜੀਤੂ ਰਾਮ ਦੇ ਘਰ ਸਫੀਦੋਂ, ਜਿਲਾ ਜੀੰਦ (ਹਰਿਆਣਾ) ਵਿੱਚ ਜਨਮ ਲੈਣ ਵਾਲੀ ਮਾਤਾ ਪੁਸ਼ਪਾ ਦੇਵੀ, ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸਨ। ਉਸ ਸਮੇਂ ਲੜਕੀਆਂ ਦੀ ਪੜ੍ਹਾਈ ਉਤੇ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ ਸੀ, ਜਿਸ ਕਰਕੇ ਉਹਨਾ ਨੂੰ ਵਿਦਿਆ ਦਾ ਲਾਭ ਨਾ ਮਿਲ ਸਕਿਆ। ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜੁਰਬੇ, ਸੂਝ-ਬੂਝ ਅਤੇ ਸੰਸਕਾਰਾਂ ਨਾਲ ਅਜਿਹਾ ਪਾਠ ਪੜ੍ਹਾਇਆ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣ ਗਿਆ। ਅਠਾਰਾਂ ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਮਾਸਟਰ ਪੰਨਾ ਲਾਲ ਜੀ ਨਾਲ ਸੁਨਾਮ ਨੇੜੇ ਪਿੰਡ ਚੱਠਾ ਨਨਹੇੜੇ ਵਿੱਚ ਹੋਇਆ। ਵਿਆਹ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਪਰਿਵਾਰ ਦੀ ਖ਼ੁਸ਼ਹਾਲੀ ਅਤੇ ਸੰਸਕਾਰਿਕ ਵਿਕਾਸ ਲਈ ਸਮਰਪਿਤ ਰਹੀ। ਉਹਨਾਂ ਦੀ ਗੋਦ ਵਿੱਚ ਤਿੰਨ ਕੁੜੀਆਂ ਅਤੇ ਇੱਕ ਬੇਟਾ ਆਏ। ਇਹ ਪਰਿਵਾਰਕ ਫੁੱਲਵਾੜੀ ਹੋਰ ਵੀ ਖਿੜੀ, ਜਦੋਂ ਉਹਨਾਂ ਨੂੰ ਇੱਕ ਪੋਤਾ, ਇੱਕ ਪੋਤੀ, ਚਾਰ ਦੋਹਤੇ, ਇੱਕ ਦੋਹਤੀ, ਇੱਕ ਪੜਦੋਹਤੀ ਅਤੇ ਇੱਕ ਪੜਦੋਹਤਾ ਮਿਲੇ। ਲਹਿਰਾ ਗਾਗਾ ਆ ਕੇ, ਮਾਸਟਰ ਜੀ ਦੀ ਨੌਕਰੀ ਕਈ ਪਿੰਡਾਂ ਵਿੱਚ ਰਹੀ, ਪਰ ਬੱਚਿਆਂ ਦੀ ਉਚੇਰੀ ਸਿੱਖਿਆ ਦੀ ਲੋੜ ਨੂੰ ਸਮਝਦੇ ਹੋਏ, 1976 ਵਿੱਚ ਪਰਿਵਾਰ ਸੰਗਰੂਰ ਸ਼ਿਫਟ ਹੋ ਗਿਆ। ਪਰ 1985 ਵਿੱਚ ਮਾਸਟਰ ਜੀ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਨੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ। ਪਰ ਮਾਤਾ ਪੁਸ਼ਪਾ ਦੇਵੀ ਨੇ ਹੌਸਲੇ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ। ਅਨਪੜ੍ਹ ਹੋਣ ਦੇ ਬਾਵਜੂਦ ਉਹ ਸਿੱਖਿਆ ਦੀ ਮਹੱਤਤਾ ਨੂੰ ਸਮਝਦੇ ਸਨ। ਉਹਨਾਂ ਨੇ ਆਪਣੀ ਮਿਹਨਤ, ਸੰਘਰਸ਼, ਅਤੇ ਸੂਝ-ਬੂਝ ਨਾਲ ਬੱਚਿਆਂ ਨੂੰ ਉੱਚੀ ਤਾਲੀਮ ਦਿਲਵਾਈ, ਜੋ ਅੱਜ ਉੱਚੇ ਅਹੁਦਿਆਂ ‘ਤੇ ਪਹੁੰਚ ਚੁਕੇ ਹਨ। ਬੇਟਾ ਵਿਨਾਇਕ ਇੱਕ ਯੋਗ ਚਾਰਟਰਡ ਅਕਾਊਂਟੈਂਟ ਹੈ। ਨੂੰਹਰਾਣੀ ਮੰਜੂ ਬਾਲਾ ਲੈਕਚਰਾਰ ਹੈ। ਪੋਤਾ ਤੇ ਪੋਤੀ ਪੂਨੇ ਵਿੱਚ ਇੰਟਰਨੈਸ਼ਨਲ ਕੰਪਨੀਆਂ ਵਿੱਚ ਨੌਕਰੀ ਕਰ ਰਹੇ ਹਨ। ਵੱਡੀ ਬੇਟੀ ਉਮਾ ਬਾਂਸਲ ਅਧਿਆਪਕ ਅਤੇ ਉਹਨਾਂ ਦੇ ਬੱਚੇ ਵੀ ਵਧੀਆ ਸੈਟਲ ਹਨ। ਛੋਟੀ ਬੇਟੀ ਵਨੀਤਾ ਬਾਂਸਲ ਸਿੱਖਿਆ ਵਿਭਾਗ ਵਿੱਚ ਨੌਕਰੀ ਕਰ ਰਹੀ ਹੈ, ਜਦਕਿ ਜਵਾਈ ਸੁਰਿੰਦਰ ਪਾਲ ਬੀਐਸਐਨਐਲ ਵਿੱਚੋਂ ਐਸ ਡੀ ਓ ਦੇ ਤੌਰ ‘ਤੇ ਰਿਟਾਇਰ ਹੋਏ ਹਨ ਤੇ ਇਹਨਾਂ ਦੀ ਬੇਟੀ ਤੇ ਜਵਾਈ ਡਾਕਟਰ ਹਨ। ਇਹ ਸਾਰਾ ਕੁਝ ਮਾਤਾ ਪੁਸ਼ਪਾ ਦੇਵੀ ਦੀ ਸਖ਼ਤ ਮਿਹਨਤ, ਦੂਰਦਰਸ਼ੀ ਸੋਚ ਅਤੇ ਉੱਚੇ ਸੰਸਕਾਰਾਂ ਦਾ ਨਤੀਜਾ ਹੈ। ਉਹਨਾ ਨੇ ਪਰਿਵਾਰ ਨੂੰ ਹਰ ਪੱਖੋਂ ਮਜ਼ਬੂਤ ਬਣਾਇਆ, ਹਰ ਦੁੱਖ-ਸੁਖ ਵਿੱਚ ਖੜ੍ਹੇ ਰਹੇ ਅਤੇ ਆਪਣੀ ਮਿਹਨਤ ਦਾ ਫਲ ਪਰਿਵਾਰ ਦੀ ਤਰੱਕੀ ਦੇ ਰੂਪ ਵਿੱਚ ਦੇਖਿਆ। ਸੱਚਮੁੱਚ, ਉਹਨਾ ਦੀ ਜ਼ਿੰਦਗੀ ਇੱਕ ਪ੍ਰੇਰਣਾਦਾਇਕ ਯਾਤਰਾ ਰਹੀ। ਭਾਵੇਂ ਉਨ੍ਹਾਂ ਨੇ ਇੱਕ ਲੰਬੀ, ਸੁਖਮਈ ਤੇ ਸੰਤੋਖੀ ਜ਼ਿੰਦਗੀ ਜੀਵੀ, ਪਰ ਉਹਨਾਂ ਦਾ ਵਿਛੋੜਾ ਅਮਿੱਟ ਦੁੱਖ ਛੱਡ ਗਿਆ ਹੈ। ਉਨ੍ਹਾਂ ਦੀ ਯਾਦ ਸਦੀਵੀ ਸਾਡੇ ਦਿਲਾਂ ਵਿੱਚ ਰਹੇਗੀ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਅੱਜ 5 ਮਾਰਚ ਨੂੰ 1 ਤੋਂ 2 ਵਜੇ ਮੰਦਿਰ ਮਾਤਾ ਕਾਲੀ ਦੇਵੀ ਸ਼ਕਤੀ ਭਵਨ ਪਟਿਆਲਾ ਗੇਟ ਬਾਹਰ ਸੰਗਰੂਰ ਵਿਖੇ ਹੋਵੇਗਾ
ਮਾਸਟਰ ਪਰਮਵੇਦ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj