*12 ਦਸੰਬਰ ਨੂੰ ਸ਼ਰਧਾਂਜਲੀ ਸਮਾਗਮ ਤੇ ਵਿਸ਼ੇਸ਼*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਾਰੀ ਉਮਰ ਮੇਰੇ ਮੋਢੇ ਹੱਥ ਰੱਖਣ ਵਾਲਾ ਮੇਰਾ ਵੱਡਾ ਭਰਾ ਗੁਲਜ਼ਾਰ ਸਦੀਵੀ ਵਿਛੋੜਾ ਦੇ ਗਿਆ। ਉਸਦੇ ਮਾਣਮੱਤੇ ਜੀਵਨ ਸਫ਼ਰ ਬਾਰੇ ਵਿਚਾਰਾਂ ਕਰਦੇ ਕਾਫ਼ਲੇ ਨੇ ਫੁੱਲਾਂ ਦੀ ਮਹਿਕ ਨਾਲ਼ ਦਿੱਤੀ ਗੁਲਜ਼ਾਰ ਨੂੰ ਅੰਤਿਮ ਵਿਦਾਇਗੀ।
ਇਸ ਮੌਕੇ ਸਾਡੇ ਪਿੰਡ ਦੁੱਗਰੀ ਨੇੜੇ ਸਾਹਨੇਵਾਲ (ਲੁਧਿਆਣਾ) ਵਿਖੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀਆਂ ਨਾਮਵਰ ਹਸਤੀਆਂ, ਲੋਕ- ਪੱਖੀ ਸੰਸਥਾਵਾਂ ਦੇ ਜਾਣੇ ਪਹਿਚਾਣੇ ਆਗੂਆਂ ਨੇ ਸ਼ਿਰਕਤ ਕਰਕੇ ਗੁਲਜ਼ਾਰ ਨੂੰ ਮਾਣ ਸਨਮਾਨ ਨਾਲ਼ ਵਿਦਾ ਕਰਦਿਆਂ ਸਮਾਜ ਨੂੰ ਸੁਨੇਹਾ ਦਿੱਤਾ ਕਿ ਪਰਿਵਾਰਾਂ ਦੀ ਏਕਤਾ,ਸਾਂਝ, ਸਹਿਯੋਗ ਅਤੇ ਦਿਲੋਂ ਸਾਥ ਲੋਕ ਲਹਿਰ ਦੇ ਆਗੂ ਕਾਫ਼ਲਿਆਂ ਨੂੰ ਊਰਜਾ, ਜ਼ਮੀਨ ਅਤੇ ਤਾਕਤ ਪ੍ਰਦਾਨ ਕਰਦਾ ਹੈ। ਉਹਨਾਂ ਦੀ ਆਮਦ ਨੇ ਦਰਸਾਇਆ ਕਿ ਲੋਕ ਲਹਿਰ ‘ਚ ਅਜਿਹੇ ਸੰਗ ਸਾਥ ਵਾਲੀ ਭੂਮਿਕਾ ਅਦਾ ਕਰਨ ਵਾਲਿਆਂ ਪ੍ਰਤੀ ਲੋਕ – ਸੰਸਥਾਵਾਂ ਕਿਵੇਂ ਗਹਿਰੇ ਸਰੋਕਾਰ ਭਰਿਆ ਰਿਸ਼ਤਾ ਅਤੇ ਨਜ਼ਰੀਆ ਰੱਖਦੀਆਂ ਹਨ। ਗੁਲਜ਼ਾਰ ਵਰਗਿਆਂ ਦੀ ਸਹਿਯੋਗੀ ਭੂਮਿਕਾ ਦੇ ਮਹੱਤਵ ਨੂੰ ਕਿੰਨੀ ਸੂਖ਼ਮਤਾ ਨਾਲ਼ ਸਮਝਦੀਆਂ ਅਤੇ ਮਾਨਤਾ ਦਿੰਦੀਆਂ ਹਨ।
ਗੁਲਜ਼ਾਰ ਲੰਮੇ ਅਰਸੇ ਤੋਂ ਲੰਮੀ ਖੁਰਾਕ ਨਾਲ਼ੀ ਵਿੱਚ ਅਲਸਰ ਤੋਂ ਪੀੜਤ ਸੀ। ਪਰ ਮਿਹਨਤ ਉਹ ਆਖ਼ਰੀ ਦਮ ਤੱਕ ਕਰਦਾ ਰਿਹਾ। ਮੈਂ ਜਦੋਂ ਕਦੇ ਕਦਾਈਂ ਘਰ ਜਾਣਾਂ ਤਾਂ ਚੜ੍ਹਦੀ ਕਲਾ ਦੇ ਅੰਦਾਜ਼ ਵਿਚ ਹੀ ਗੱਲਾਂ ਕਰਨੀਆਂ। ਇਹ ਕਹਿੰਦੇ ਰਹਿਣਾ ਕਿ ਜੇ ਥੋਡੇ ਵਰਗੀਆਂ ਯੂਨੀਅਨਾਂ ਵਾਲੇ ਨਾ ਹੋਣ ਤਾਂ ਸਰਕਾਰਾਂ ਤਾਂ ਕਦੋਂ ਦੀਆਂ ਲੋਕਾਂ ਨੂੰ ਖਾ ਜਾਣ।
ਸਖ਼ਤ ਮਿਹਨਤ ਮੁਸ਼ੱਕਤ ਦਾ ਨਮੂਨਾ ਸੀ ਮੇਰਾ ਭਰਾ। ਪਹਿਲਾਂ
ਠੇਕੇ ਵਟਾਈ ਤੇ ਜ਼ਮੀਨ ਲੈ ਕੇ ਬਾਪ ਨਾਲ਼ ਦਿਨ ਰਾਤ ਮਿਹਨਤ ਕਰਦਾ ਰਿਹਾ। ਪਿੰਡ ਅਜਨੌਦ ਤੋਂ ਟਿਊਬਵੈੱਲ ਦੇ ਪਾਣੀ ਨਾਲ਼ ਖੇਤ ਸਿੰਜਣ ਮੌਕੇ ਵਾਰ ਵਾਰ ਖਾਲਾ ਟੁੱਟਣ ਅਤੇ ਸਾਰੀ ਸਾਰੀ ਰਾਤ ਮਿਹਨਤ ਮੁਸ਼ੱਕਤ ਕਰਦਿਆਂ ਕਹੀ ਚਲਾਉਣ ਦੇ ਸਿਰੜ ਭਰੀਆਂ ਬਚਪਨ ਤੋਂ ਸੁਣੀਆਂ ਬਾਤਾਂ ਅਤੇ ਅੱਖੀਂ ਡਿੱਠੀ ਲੱਕ ਤੋੜਵੀਂ ਮੁਸ਼ੱਕਤ ਦੀਆਂ ਕਹਾਣੀਆਂ ਮੈਨੂੰ ਅੱਜ ਵੀ ਯਾਦ ਨੇ। ਨਾਲ਼ ਲੱਗਦੇ ਪਿੰਡ ਟਿੱਬੇ ਸਾਰਾ ਸਾਰਾ ਦਿਨ ਖੂਹ ਗੇੜਦੇ, ਹਲ਼ ਚਲਾਉਂਦੇ ਬਲਦਾਂ ਨਾਲ਼ ਲੰਮੀਆਂ ਵਾਟਾਂ ਕੱਢਦੇ ਅਤੇ ਸਾਰੀ ਸਾਰੀ ਰਾਤ ਡਰੰਮੀਆਂ ਥਰੈੱਸਰਾਂ ਤੇ ਕਣਕ ਦੇ ਰੁੱਗ ਲਾਉਂਦੇ ਸਿਰੜੀ ਗੁਲਜ਼ਾਰ ਦੀਆਂ ਬੱਸ ਯਾਦਾਂ ਪੱਲੇ ਰਹਿ ਗਈਆਂ। ਲਵੇਰਿਆਂ ਦੀ ਸਾਂਭ ਸੰਭਾਲ ਅਤੇ ਪਸ਼ੂਆਂ ਦੀ ਉਪਰੋ ਥਲੀ ਅਟੈਕ ਕਾਰਨ ਮੌਤ ਹੋਣ ਤੇ ਗੁਲਜ਼ਾਰ ਦੇ ਮਸੋਸਿਆ ਚਿਹਰਾ ਅਤੇ ਲੰਮੇ ਹੌਕਿਆਂ ਦੀ ਅੰਦਰੇ ਅੰਦਰ ਪੀਤੀ ਪੀੜ ਨੂੰ ਦਰਦਮੰਦਾਂ ਦੇ ਦਰਦੀ ਹੀ ਸਮਝ ਸਕਦੇ ਨੇ।
9 ਅਪ੍ਰੈਲ 1975 ਨੂੰ ਸਾਹਨੇਵਾਲ, ਦੋਰਾਹਾ, ਚਾਵਾ ਪਾਇਲ , ਖੰਨਾ ਅਤੇ ਰਾੜਾ ਸਾਹਿਬ ਤੱਕ 75 ਪਿੰਡਾਂ ਦੀ ਕਣਕ, ਗੜ੍ਹੇ ਮਾਰ ਕਾਰਨ ਤਬਾਹ ਹੋ ਗਈ ਸੀ। ਉਸ ਵੇਲੇ ਮੁਲਕ ਉਪਰ ਮੜ੍ਹੀ ਐਮਰਜੈਂਸੀ ਦੀਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਅਸੀਂ ਪਿੰਡ ਪਿੰਡ ਪਿੰਡ ਗੜੇ ਮਾਰ ਪੀੜਤ ਕਮੇਟੀਆਂ ਬਣਾਈਆਂ ਤਾਂ ਮੇਰੇ ਭਰਾ ਗੁਲਜ਼ਾਰ ਅਤੇ ਹਰਬੰਸ ਸਿੰਘ ਸਮੇਤ ਪੂਰੇ ਇਲਾਕੇ ਨੇ ਡਟਵਾਂ ਸਾਥ ਦਿੱਤਾ।
ਪਿੰਡ ਮਜਾਰਾ ਵਿਖੇ ਇਕੱਤਰਤਾ ਕਰਕੇ ਗੜ੍ਹੇਮਾਰ ਪੀੜਤ ਕਮੇਟੀ ਬਣਾਈ। 1975 ਵਿੱਚ ਹੋਈ ਇਸ ਇਕੱਤਰਤਾ ਨੂੰ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਸ਼ਹਾਬਪੁਰ ਨੇ ਗ੍ਰਿਫ਼ਤਾਰੀ ਵਾਰੰਟਾ ਦੇ ਬਾਵਜੂਦ ਕੁਲਵੰਤ ਸਿੰਘ ਦੇ ਨਾਂਅ ਹੇਠ ਚੋਰ ਭੁਲਾਈ ਦੇ ਕੇ ਸੰਬੋਧਨ ਕੀਤਾ ਸੀ। ਗੜ੍ਹੇਮਾਰ ਪੀੜਤ ਕਮੇਟੀ ਵੱਲੋਂ ਲੁਧਿਆਣਾ ਜ਼ਿਲ੍ਹਾ ਹੈੱਡ ਕੁਆਰਟਰ ਅਤੇ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਉਹਨਾਂ ਦਿਨਾਂ ਵਿੱਚ ਕੀਤੇ ਜਦੋਂ ਐਮਰਜੈਂਸੀ ਲਗਾ ਕੇ ਲੋਕਾਂ ਦੀ ਜ਼ੁਬਾਨਬੰਦੀ ਦੇ ਹੁਕਮ ਚਾੜ੍ਹ ਰੱਖੇ ਸਨ। ਇਹ ਗੜ੍ਹੇਮਾਰ ਪੀੜਤ ਕਮੇਟੀ ਅੱਗੇ ਚੱਲ ਕੇ ਕਿਸਾਨ ਕਮੇਟੀ ਇਲਾਕਾ ਸਾਹਨੇਵਾਲ, ਕਿਸਾਨ ਦਲ ਇਲਾਕਾ ਚਾਵਾ ਪਾਇਲ ਤੋਂ ਹੁੰਦੀ ਹੋਈ ਪਿੰਡ ਪੰਜੇਟਾ ਵਿਖੇ ਕਨਵੈਨਸ਼ਨ ਕਰਕੇ ਪੰਜਾਬ ਕਿਸਾਨ ਯੂਨੀਅਨ ਬਣ ਕੇ ਨਿੱਕਲੀ। ਇਸ ਸਾਰੀ ਸਰਗਰਮੀ ਵਿਚ ਮੇਰੇ ਭਰਾ ਗੁਲਜ਼ਾਰ ਅਤੇ ਹਰਬੰਸ ਸਿੰਘ ਅਤੇ ਸਾਡੇ ਪਿੰਡ ਸਮੇਤ ਪੂਰੇ ਇਲਾਕੇ ਦੀ ਭੂਮਿਕਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਸਾਡੇ ਅਤੇ ਤਾਏ ਚਾਚੇ ਦੇ ਖੇਤਾਂ ਵਿਚ ਨਹਿਰੋਂ ਪਾਰ ਅਸੀਂ ਸਾਰੀ ਸਾਰੀ ਰਾਤ ਨਾਟਕਾਂ ਦੀ ਰੀਹਰਸਲ ਕਰਨੀ ਤਾਂ ਹੰਸਾ ਸਿੰਘ,ਜੋਰਾ ਸਿੰਘ ਨਸਰਾਲੀ , ਕਸਤੂਰੀ ਲਾਲ, ਅਮਰਜੀਤ ਮੱਲ੍ਹੀ, ਪ੍ਰੀਤਮ ਨੰਦਪੁਰ, ਮਰਹੂਮ ਰੁਪਿੰਦਰ ਮਾਨ,ਵਰਗਿਆਂ ਨੇ ਗੁਲਜ਼ਾਰ ਦੀ ਹੀ ਬਣਾਈ ਹੋਈ ਕੰਡੇਦਾਰ ਚਾਹ ਹੀ ਭਾਲਣੀ। ਮੇਰੇ ਭਰਾ ਗੁਲਜ਼ਾਰ , ਹਰਬੰਸ ਸਿੰਘ ਸਮੇਤ ਪੂਰਾ ਪਰਿਵਾਰ ਬਹੁਤ ਸਾਰੇ ਨੌਜਵਾਨ ਘਰ ਘਰ ਦਾ ਜੀਅ ਸਾਡਾ ਲੋਕ ਸਰੋਕਾਰਾਂ ਨਾਲ ਜੁੜੀਆਂ ਸਰਗਰਮੀਆਂ ਵਿਚ ਸਾਥ ਦਿੰਦਾ ਸੀ। ਪਿੰਡ ਵਿਚਲੇ ਰਹਾਇਸ਼ੀ ਘਰਾਂ ਨਾਲ਼ ਘਿਰੇ ਖੂਹ ਭਰਨ, ਪਿੰਡ ਦੇ ਰਾਹ ਸੁਆਰਨ, ਪਿੰਡ ਦੀ ਤਾਕਤ ਦੇ ਜੋਰ ਪਿੰਡ ਦੀਆਂ ਸੜਕਾਂ ਬਣਾਉਣ, 1976-77 ਦੇ ਦੌਰ ਵਿੱਚ ਪਿੰਡ ਵੱਲੋਂ ਸੌ ਫ਼ੀਸਦੀ ਵੋਟਾਂ ਦਾ ਬਾਈਕਾਟ ਕਰਨ, ਮੋਗਾ ਗੋਲੀ ਕਾਂਡ 1972 ਮੌਕੇ ਪਿੰਡ ਵਿੱਚ ਕਾਲ਼ੀ ਆਜ਼ਾਦੀ ਮਨਾਉਣ, ਰਾਤ ਨੂੰ ਮਸ਼ਾਲ ਮਾਰਚ ਕਰਨ, ਦੂਰ ਦੁਰਾਡੇ ਪਿੰਡਾਂ ਤੱਕ ਨਾਟਕਾਂ ਮੌਕੇ ਡਾਂਗਾਂ ਲੈ ਕੇ ਸਾਥ ਦੇਣ ਦੀ ਭੂਮਿਕਾ ਲਈ ਗੁਲਜ਼ਾਰ ਵੀਰ ਨੂੰ ਸਲਾਮ ਕਰਨੀ ਬਣਦੀ ਹੈ। ਸ਼ੁਰੂਆਤੀ ਦੌਰ ਵਿੱਚ ਪਿੰਡ ਪੱਧਰੀ ਨੌਜਵਾਨ ਸਭਾ , ਮੋਗਾ ਗੋਲੀ ਕਾਂਡ , ਪਿਰਥੀਪਾਲ ਸਿੰਘ ਰੰਧਾਵਾ ਦੀ ਸ਼ਹਾਦਤ ਮੌਕੇ ਸਰਗਰਮੀਆਂ ਦੀ ਹਨੇਰੀ ਲਿਆਉਂਣ ਵੇਲੇ ਗੁਲਜ਼ਾਰ ਸਮੇਤ ਸਾਡਾ ਪਿੰਡ ਇਨਕਲਾਬੀਆਂ ਦੇ ਪਿੰਡ ਵਜੋਂ ਜਾਣਿਆਂ ਜਾਂਦਾ ਸੀ। ਪੰਜਾਬ ਦੇ ਮੰਨੇ- ਪ੍ਰਮੰਨੇ ਕਹਾਉਂਦੇ ਨੇਤਾਵਾਂ ਨੂੰ ਸਾਰੇ ਪਿੰਡ ਨੇ 1976 ਦੀਆਂ ਵੋਟਾਂ ਮੌਕੇ ਸੁਆਲ ਕਰਕੇ ਲਾਜਵਾਬ ਹੋਇਆਂ ਨੂੰ ਪਿੰਡੋਂ ਬੇਰੰਗ ਮੋੜਿਆ ਸੀ ।
ਸਾਰੇ ਪਿੰਡ ਦੇ ਘਰਾਂ ਚੁਬਾਰਿਆਂ ਦੀਆਂ ਛੱਤਾਂ ਨੂੰ ਅਰਧ ਸੈਨਿਕ ਬਲਾਂ ਨੇ ਘੇਰਿਆ ਹੋਇਆ ਸੀ। ਸਾਰੇ ਪਿੰਡ ਨੇ ਵੋਟਾਂ ਪਾਉਣ ਤੋਂ ਕੋਰਾ ਜਵਾਬ ਦਿੱਤਾ ਅਤੇ ਆਕਾਸ਼ ਗੂੰਜਾਊ ਨਾਅਰਿਆਂ ਨਾਲ ਭੂਤਨੀ ਭੁਲਾ ਦਿੱਤੀ:
“ਵੋਟਾਂ ਵੇਲੇ ਬਾਪੂ ਕਹਿੰਦੇ
ਮੁੜਕੇ ਸਾਡੀ ਸਾਰ ਨਾ ਲੈਂਦੇ”
ਸਾਡੇ ਪਿੰਡ ਇਹ ਨਾਅਰਿਆਂ ਦੀ ਆਵਾਜ਼ ਅਸੀਂ ਕੋਈ 48 ਸਾਲ ਪਹਿਲਾਂ ਗੂੰਜਣ ਲਾਈ ਸੀ। ਪਿੰਡ ਵਿੱਚ ਲੋਕਾਂ ਦੀ ਧਿਰ ਦੀ ਪੁੱਗਤ ਸਥਾਪਤ ਹੋਣ ਵਿੱਚ ਗੁਲਜ਼ਾਰ ਸਮੇਤ ਪਿੰਡ ਦੀ ਵੱਡੀ ਟੀਮ ਨੂੰ ਘਰ ਘਰ ਦਾ ਸਾਥ ਸੀ। ਇਸ ਸਦਕਾ ਪਿੰਡੋਂ ਵੋਟਾਂ ਵਾਲੇ ਡੱਬੇ ਖ਼ਾਲੀ ਖੜਕਦੇ ਗਏ ਸੀ।
ਪਿੰਡ ਵਿਚਲੇ ਵੇਲਾ ਵਿਹਾ ਚੁੱਕੇ ਖੂਹ ਭਰਕੇ ਹਾਦਸਿਆਂ ਤੋਂ ਬਚਾਅ ਕਰਨ ਦਾ ਕੰਮ ਹੋਵੇ। ਸਾਰੀ ਸਾਰੀ ਰਾਤ ਹਰੇਕ ਘਰ ਦਾ ਇੱਕ ਮੈਂਬਰ ਸਾਂਝੇ ਕੰਮ ਵਿਚ ਸ਼ਾਮਿਲ ਹੋਇਆ ਕਰਦਾ ਸੀ। ਸਾਰੇ ਰਾਹ ਚੱਲਦੇ ਕਰਨ ਅਤੇ ਫਿਰ ਸੜਕਾਂ ਬਣਾਉਣ ਲਈ ਆਵਾਜ਼ ਬੁਲੰਦ ਕਰਨਾ ਹੋਵੇ ਗੁਲਜ਼ਾਰ ਸਮੇਤ ਇਹ ਸਾਡੀਆਂ ‘ਲਾਡਲੀਆਂ ਫੌਜਾਂ’ ਸਦਾ ਤਿਆਰ ਬਰ ਤਿਆਰ ਰਹਿੰਦੀਆਂ।
ਪਿੰਡ ਵਿੱਚ ਇੱਕ ਪਰਿਵਾਰ ਦੀ ਧੱਕੇ ਨਾਲ 75 ਵਿੱਘੇ ਦੇ ਕਰੀਬ ਜ਼ਮੀਨ ਤੇ ਵੈਲੀ ਅਤੇ ਬਲੈਕੀਏ ਕਹਾਉਂਦਿਆਂ ਨੇ ਕਬਜ਼ਾ ਜਮਾ ਲਿਆ ਸੀ। ਜ਼ਮੀਨ ਵਿਚ ਹਥਿਆਰਬੰਦ ਪਹਿਰੇਦਾਰਾਂ ਨੇ ਪੱਕੇ ਤੰਬੂ ਗੱਡ ਲਏ ਸਨ । ਪਿੰਡ ਦੀ ਨੌਜਵਾਨ ਸਭਾ ਨੇ ਸ਼ੀਸ਼ ਤਲ਼ੀ ਤੇ ਧਰਕੇ ਸਾਰੇ ਪਿੰਡ ਨੂੰ ਨਾਲ਼ ਲੈ ਕੇ ਧਾਵਾ ਬੋਲ ਕੇ ਇਹ ਕਬਜ਼ਾ ਛੁਡਵਾਇਆ ਸੀ। ਵੈਲੀ ਕਹਾਉਣ ਵਾਲਿਆਂ ਨੂੰ ਤੰਬੂ ਛੱਡ ਕੇ ਭੱਜਣਾ ਪਿਆ। ਇਸ ਟੀਮ ਵਿਚ ਮਜ਼ਦੂਰ ਪਰਿਵਾਰਾਂ ਸਮੇਤ ਪਿੰਡ ਦਾ ਬੱਚਾ ਬੱਚਾ ਸ਼ਾਮਲ ਹੋਇਆ। ਮੈਂ ਅਤੇ ਭਰਾ ਗੁਲਜ਼ਾਰ ਇਸ ਆਗੂ ਟੀਮ ਵਿਚ ਸੀ।
ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕੋਈ ਸੌ ਵਿਘੇ ਜ਼ਮੀਨ ਸੀ ਉਸਤੋਂ ਲੋਕ ਤਾਕਤ ਦੇ ਜੋਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਕਬਜ਼ਾ ਖਤਮ ਕਰਕੇ ਪਿੰਡ ਦੇ ਆਮ ਇਕੱਠ ਵਿੱਚ ਸਰਵ ਸੰਮਤੀ ਨਾਲ ਪਿੰਡ ਕਮੇਟੀ ਬਣਾ ਕੇ ਸਾਰੀ ਜ਼ਮੀਨ ਦੀ ਬੋਲੀ ਪਿੰਡ ਵੱਲੋਂ ਦੇ ਕੇ ਪੈਸਾ ਪਿੰਡ ਦੀ ਭਲਾਈ ਉਪਰ ਲਾਉਣ ਲੱਗੇ।
ਸਾਲ ਵਿੱਚ ਇੱਕ ਦੋ ਵਾਰ ਗੁਰਸ਼ਰਨ ਭਾਅ ਜੀ (ਭਾਈ ਮੰਨਾ ਸਿੰਘ), ਲੋਹੀਆਂ ਨਾਟਕ ਕਲਾ ਕੇਂਦਰ, ਪੰਜਾਬ ਨਾਟਕ ਕਲਾ ਕੇਂਦਰ ਅਤੇ ਪੰਜਾਬ ਕਲਾ ਸੰਗਮ ਫਗਵਾੜਾ ਨੂੰ ਬੁਲਾ ਕੇ ਨਾਟਕ ਕਰਵਾਏ ਜਾਣ ਲੱਗੇ। ਖਰਚੇ ਦਾ ਸਾਰਾ ਬੋਝ ਗੁਰਦੁਆਰਾ ਕਮੇਟੀ ਕਰਿਆ ਕਰਦੀ। ਗੁਲਜ਼ਾਰ, ਹਰਬੰਸ ਸਿੰਘ, ਸੁਰਿੰਦਰ ਸਿੰਘ ਮੱਲ੍ਹੀ, ਬਚਿੱਤਰ ਸਿੰਘ, ਪਿੰਡ ਦੇ ਮਜ਼ਦੂਰ ਪਰਿਵਾਰ ਵਿੱਚੋਂ ਜਗਤਾਰ ਦਿਲਬਾਗ ਦੀ ਗਾਇਕ ਜੋੜੀ ਸਮੇਤ ਪਿੰਡ ਦੇ ਸਭੇ ਮਜ਼ਦੂਰ ਪਰਿਵਾਰ ਡਟਕੇ ਸਾਥ ਦਿੰਦੇ ਰਹੇ। ਦੂਰ ਦੁਰਾਡੇ ਖੇਤਰਾਂ ਤੱਕ ਨਾਟਕ ਅਤੇ ਗੀਤ ਸੰਗੀਤ ਮੰਡਲੀ ਸਾਈਕਲਾਂ ਉਪਰ ਹੀ ਸਾਮਾਨ ਲੱਦ ਕੇ ਜਾਣ ਲੱਗੀ। ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ ਸਮੇਤ ਅਸੀਂ ਆਪਣਾ ਰੇਡੀਓ ਸੈੱਟ ਖ਼ਰੀਦ ਕੇ ਸਾਈਕਲ ਉਪਰ ਟੰਗ ਕੇ ਪਿੰਡ ਪਿੰਡ ਨਾਟਕ ਕਰਨ ਜਾਣ ਲੱਗੇ। ਪਿੰਡ ਵਿੱਚ ਟੂਰਨਾਮੈਂਟ ਵੀ ਕਰਵਾਏ। ਬੈਲ ਗੱਡੀ ਭਜਾਉਣ ਦੇ ਸ਼ੌਕੀ ਗੁਲਜ਼ਾਰ ਦਾ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਤੇ ਗਰਾਉਂਡ ਵਿਚ ਮਾਰਿਆ ਲਲਕਾਰਾ ਪਿੰਡ ਸੁਣੀਂਦਾ ਇਹ ਅਖਾਣ ਬਣਾਈ ਹੋਈ ਸੀ ਪਿੰਡ ਵਾਲਿਆਂ ਨੇ। ਸਾਡੇ ਸਾਰੇ ਰਿਸ਼ਤੇਦਾਰਾਂ,ਸਾਕ ਸਬੰਧੀਆਂ ਵਿਚ ਦੁੱਖ਼ ਸੁੱਖ ਵੇਲੇ ਡਟਕੇ ਖੜ੍ਹਨ ਦਾ ਮਾਣ ਹਾਸਲ ਸੀ ਗੁਲਜ਼ਾਰ ਨੂੰ। ਸਾਉਣ ਦੀ ਝੜੀ ਲਾਉਣ ਵਾਂਗ ਮੁਹੱਬਤ ਦੀ ਬਰਸਾਤ ਕਰਨ ਦੇ ਸਮਰੱਥ ਸੀ ਸਾਡਾ ਗੁਲਜ਼ਾਰ।
ਮੇਰੇ ਨਾਲ਼ ਸਟੇਜ ਤੇ ਸੰਤ ਰਾਮ ਉਦਾਸੀ ਅਤੇ ਮੇਰੀਆਂ ਲਿਖੀਆਂ ਕਲੀਆਂ ਵੀ ਕਈ ਵਾਰ ਗਾਇਆ ਕਰਦਾ ਸੀ ਸਾਡਾ ਵੀਰ ਗੁਲਜ਼ਾਰ :
ਕੀ ਕੀ ਹਾਲ ਸੁਣਾਈਏ,
ਲੋਕੋ ਖੇਤੀ ਬਾੜੀ ਦਾ
ਬੁਰੇ ਹਾਲ ਸਾਡੇ
ਮੰਦੜੇ ਨੇ ਦਿਹਾੜੇ
*
ਖੇਤਾਂ ਦੇ ਵਿੱਚ ਸੋਨੇ ਰੰਗੀਆਂ
ਕਣਕਾਂ ਲੈਣ ਹੁਲਾਰੇ ਵੇ
ਐਤਕੀਂ ਕਰਜ਼ਾ ਮੋੜ ਦਿਆਂਗੇ
ਜੱਟ ਖੰਘੂਰੇ ਮਾਰੇ ਵੇ
ਤੇਰੇ ਸਿਰ ਤੇ ਸਦਾ ਮੰਡਾਸਾ
ਆਇਆ ਨਾ ਬੁੱਲ੍ਹਾਂ ਤੇ ਹਾਸਾ
ਵੇ ਕਿਰਤੀ ਵੀਰੇਆ ।
*
ਰੁੱਤ ਪੋਹ ਮਾਘ ਦੀ ਆਈ
ਟੁੱਟੀ ਛੱਪਰੀ ਖੇਤ ਵਿਚ ਪਾਈ
ਟੁੱਟੇ ਲੋਗੜ ਦੀ ਜੁੜਦੀ ਰਜ਼ਾਈ
ਮੂੰਹ ਤੇ ਖਿੱਚ ਲਈ
ਪੈਰਾਂ ਤੇ ਆਉਂਦੀ ਨਾ
ਤੈਨੂੰ ਠੱਕੇ ਤੋਂ ਬਸੰਤਿਆ ਬਚਾਉਂਦੀ ਨਾ
ਮੇਰੀ ਕਲਮ ਤੋਂ ਗੀਤ ਦਾ ਰੂਪ ਧਾਰਨ ਵਾਲ਼ੀ ਇਹ ਕਹਾਣੀ ਮੇਰੇ ਬਾਪ, ਮੇਰੇ ਭਰਾ ਅਤੇ ਇਹਨਾਂ ਵਰਗੇ ਸਭਨਾਂ ਦੀ ਸੀ ਜਿਹੜੇ ਸਾਰਾ ਸਿਆਲ ਖੇਤਾਂ ਵਿਚ ਸਰਕੜੇ ਅਤੇ ਮੂੰਗਫਲੀ ਦੇ ਟਾਂਗਰ ਦੀਆਂ ਪਾਈਆਂ ਕੁੱਲੀਆਂ ਵਿਚ ਕੱਟਦੇ। ਲੋਹੜੇ ਦੀ ਮਿਹਨਤ ਮੁਸ਼ੱਕਤ ਕਰਕੇ ਵੀ ਸਾਰੀ ਉਮਰ ਹਨੇਰਾ ਢੋਂਅਦੇ ਰਹਿੰਦੇ।
ਸਾਡੇ ਪਿੰਡ 1971-72 ਵਿੱਚ ਮੂੰਗਫਲੀ ਦੇ ਅੰਬਾਰ ਲੱਗੇ ਹੁੰਦੇ। ਮਜ਼ਦੂਰ ਔਰਤਾਂ ਖੇਤਾਂ ਵਿਚ ਮੁੰਗਫਲੀ ਚੁਗਣ ਜਾਂਦੀਆਂ। ਪੱਠੇ ਅਤੇ ਸਾਗ ਤੋੜਨ ਜਾਂਦੀਆਂ ਅੱਜ ਵੀ ਮੇਰਾ ਪਿੰਡ ਗਵਾਹ ਹੈ ਕਿ ਮੇਰੇ ਮਾਪਿਆਂ ਅਤੇ ਭਰਾਵਾਂ ਨੇ ਕਦੇ ਕਿਸੇ ਨੂੰ ਵਰਜਣ ਦੀ ਆਵਾਜ਼ ਨਹੀਂ ਮਾਰੀ ਨਾ ਹੀ ਖੇਤ ਵੜਨ ਦੀ ਕਦੇ ਕਿਸੇ ਨੂੰ ਇਜਾਜ਼ਤ ਮੰਗਣ ਦੀ ਨੌਬਤ ਆਈ।
ਪਿੰਡ ਦੇ ਸਕੂਲ ਪੜ੍ਹਨ ਵੇਲੇ ਮੇਰੇ ਅਤੇ ਖੇਤਾਂ ਦੇ ਪੁੱਤ ਗੁਲਜ਼ਾਰ ਦੇ ਪੱਕੇ ਆੜੀ ਪਿੰਡ ਦੇ ਮਜ਼ਦੂਰ ਪਰਿਵਾਰਾਂ ਦੇ ਹੀ ਮੈਂਬਰ ਰਹੇ।
ਜਦੋਂ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਕਰਨ ਉਪਰੰਤ ਪੂਰੀ ਜ਼ਿੰਦਗੀ ਹੀ ਵਡੇਰੀ ਕਿਰਤੀ ਜਮਾਤ ਦਾ ਮੈਂਬਰ ਹੋ ਕੇ ਸੇਵਾ ਕਰਨ ਦਾ ਖ਼ੂਬਸੂਰਤ ਰਾਹ ਫੜਿਆ ਤਾਂ ਜਿਵੇਂ ਮੇਰੇ ਮਾਪਿਆਂ, ਭੈਣ ਭਰਾਵਾਂ ਅਤੇ ਸਮੂਹ ਪਰਿਵਾਰ ਨੇ ਸਾਥ ਦਿੱਤਾ ਮੇਰੀ ਦਿਲੀ ਇੱਛਾ ਹੈ ਕਿ ਹਰ ਇੱਕ ਨੂੰ ਅਜਿਹਾ ਪਰਿਵਾਰ ਅਤੇ ਪਿਆਰਾ ਪਿੰਡ ਮਿਲ਼ੇ। ਅਜਿਹਾ ਭਰਾ ਗੁਲਜ਼ਾਰ ਮਿਲ਼ੇ।
ਇੰਜੀਨੀਅਰਿੰਗ ਕਾਲਜ ਪੜ੍ਹਦੇ ਸਮੇਂ ਮੇਰੇ ਵੱਲੋਂ ਲਿਆ ਟੈਕਨੀਕਲ ਐਜੂਕੇਸ਼ਨ ਕਰਜ਼ਾ ਪਰਿਵਾਰ ਨੇ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਹੌਲੀ ਹੌਲੀ ਕਰਕੇ ਮੋੜਿਆ।
ਅੱਜ ਤੱਕ ਵੀ ਗੁਲਜ਼ਾਰ ਜਾਂ ਪਰਿਵਾਰ ਦੇ ਕਿਸੇ ਹੋਰ ਜੀਅ ਵੱਲੋਂ ਕਦੇ ਇਹ ਗੱਲ ਮੇਰੇ ਕੰਨ ਨਹੀਂ ਪਈ ਕਿ ਤੂੰ ਕਿਹੜੇ ਰਾਹੀਂ ਤੁਰ ਪਿਆ। ਅਸੀਂ ਤੈਨੂੰ ਪੜ੍ਹਾਇਆ, ਸਾਨੂੰ ਕਮਾਈ ਤਾਂ ਕੀ ਕਰਕੇ ਦੇਣੀ ਸੀ ਉਲਟਾ ਕਰਜ਼ ਦੇ ਗਿਆ।
ਸ਼ਹੀਦ ਤਰਸੇਮ ਬਾਵਾ ਦੀ ਯਾਦ ‘ਚ ਦੋਰਾਹਾ ਵਿਖੇ ਹੁੰਦਾ ਰਿਹਾ ਵਿਸ਼ਾਲ ਯਾਦਗਾਰੀ ਸਮਾਗਮ ਅਤੇ ਮਾਰਚ ਹੋਏ, ਪਿੰਡ ਪੰਜੇਟਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਨੀਂਹ ਰੱਖਣ ਦਾ ਸਮਾਗਮ ਹੋਵੇ, ਗੁਲਜ਼ਾਰ ਅਤੇ ਹਰਬੰਸ ਵੀਰ ਦੀ ਜੋੜੀ ਨੇ ਸਾਡੇ ਪਿੰਡ ਦੁੱਗਰੀ (ਸਾਹਨੇਵਾਲ ਦੋਰਾਹਾ ਵਾਲੀ), ਸੁਰਿੰਦਰ ਮੱਲ੍ਹੀ, ਨਿਰਭੈ ਸਿੰਘ, ਮਜ਼ਦੂਰ ਜਗਤਾਰ, ਦਿਲਬਾਗ ਹੋਰਾਂ ਦੀ ਗਾਇਕ ਜੋੜੀ, ਜੋਰਾ ਸਿੰਘ ਨਸਰਾਲੀ, ਬਲਵੰਤ ਘੁਡਾਣੀ ਕਲਾਂ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ, ਸ਼ਹੀਦ ਤਰਸੇਮ ਬਾਵਾ ਦਾ ਭਰਾ ਪੂਰਨ ਬਾਵਾ, ਸੌਦਾਗਰ ਸਿੰਘ, ਬਲਵੰਤ ਸਿੰਘ ਘੁਡਾਣੀ ਕਲਾਂ ਡਟਕੇ ਨਾਲ਼ ਤੁਰੇ ਆ ਰਹੇ ਹਨ।ਪਿੰਡ ਨਸਰਾਲੀ, ਫੱਲੇਵਾਲ, ਕੰਗਣਵਾਲ, ਜੱਸੋਵਾਲ, ਨੱਥੂਮਾਜਰਾ,ਹਥਨ,ਅਜਨੌਦ, ਰਾਜਗੜ੍ਹ, ਭੋਇਪੁਰ, ਗੁਰਦਿੱਤਪੁਰਾ, ਦੋਬੁਰਜੀ, ਘਣਗਸ, ਭਮਾਂ, ਚੜ੍ਹੀ, ਜੱਸੋਵਾਲ, ਪੰਜੇਟਾ, ਮਾਛੀਵਾੜਾ, ਸਮਰਾਲਾ ਆਦਿ ਕੋਈ 40,50 ਪਿੰਡਾਂ ਵਿਚ ਅਜਿਹਾ ਪ੍ਰਭਾਵ ਸੀ ਸਾਡੀਆਂ ਜੱਥੇਬੰਦੀਆਂ ਅਤੇ ਨਾਟਕ ਟੀਮ ਦਾ ਕਿ ਜਦੋਂ ਮਰਜ਼ੀ ਕਿਸੇ ਘਰ ਵੀ ਚਲੇ ਜਾਈਏ ਲੋਕ ਪਲਕਾਂ ਤੇ ਬਿਠਾ ਲੈਂਦੇ । ਐਮਰਜੈਂਸੀ ਜਾਂ
ਖ਼ਾਲਿਸਤਾਨੀ ਅਤੇ ਹਕੂਮਤੀ ਦਹਿਸਤਗਰਦੀ ਦੇ ਦੌਰ ਵਿਚ ਵੀ ਗੁਲਜ਼ਾਰ ਹੋਰੀਂ ਪਿੰਡ ਵਿੱਚ ਹਰ ਸਾਲ ਹੁੰਦੇ ਸਮਾਗਮਾਂ ਅਤੇ ਇਲਾਕੇ ਭਰ ਦੀਆਂ ਸਰਗਰਮੀਆਂ ਵਿੱਚ ਡਟਕੇ ਨਾਲ਼ ਖੜ੍ਹਦੇ ਰਹੇ।
ਸਾਡੀ ਮਾਂ, ਸਾਡਾ ਬਾਪ, ਵੱਡੀ ਭੈਣ ਅਤੇ ਸਾਡੇ ਭਤੀਜ ਗੁਰਮੀਤ ਦੇ ਜੋਬਨ ਰੁੱਤੇ ਤੁਰ ਜਾਣ ਤੁਰ ਜਾਣ ਉਪਰੰਤ ਵੀ ਭਰਾਵਾਂ ਦਾ ਅੱਜ ਤੱਕ ਸਾਂਝਾ ਚੁੱਲ੍ਹਾ ਸਦਾ ਸਾਂਝਾ ਨਿੱਘ ਪਰਿਵਾਰ ਨੂੰ ਇੱਕੋ ਛੱਤ ਹੇਠ ਦੇ ਰਿਹਾ ਹੈ। ਸਾਡੇ ਸਮਿਆਂ ਦੀਆਂ ਚੰਦਰੀਆਂ ਹਵਾਵਾਂ ਅੰਦਰ ਇਹ ਇਤਫ਼ਾਕ ਬਣਿਆਂ ਰਹਿਣਾ,ਆਪਾ ਧਾਪੀ ਨਾ ਕਰਨਾ ਅਤੇ ਗੁਲਜ਼ਾਰ ਸਮੇਤ ਪਰਿਵਾਰ ਦੀਆਂ ਨਰੋਈਆਂ ਕਦਰਾਂ ਕੀਮਤਾਂ ਦੀ ਗਵਾਹੀ ਭਰਦਾ ਹੈ।
9 ਅਪ੍ਰੈਲ 1991 ਸੇਵੇਵਾਲਾ ਕਾਂਡ ਮੌਕੇ ਜਦੋਂ 18 ਸਾਥੀ ਸ਼ਹੀਦੀ ਪਾ ਗਏ ਤਾਂ ਤਕਰੀਰ ਕਰਦੇ ਹੋਣ ਕਾਰਨ ਅਖ਼ਬਾਰਾਂ ਦੇ ਪਹਿਲੇ ਪੰਨੇ ਤੇ ਮੇਰੇ ਵਾਲ ਵਾਲ ਬਚਣ ਦੀਆਂ ਖ਼ਬਰਾਂ ਆਈਆਂ। ਇਸ ਮਗਰੋਂ ਅਮੋਲਕ ਸਿੰਘ ਨੂੰ ਮਾਰ ਮੁਕਾਉਣ ਦੀਆਂ ਖਬਰਾਂ ਆਈਆਂ। ਸਾਰਾ ਪਿੰਡ ਸੋਗ ਵਿੱਚ ਡੁੱਬ ਗਿਆ। ਉਸ ਵੇਲੇ ਫੋਨ ਤਾਂ ਹੁੰਦੇ ਨਹੀਂ ਸੀ ਤਾਂ ਗੁਲਜ਼ਾਰ ਅਤੇ ਹਰਬੰਸ ਵੀਰ ਕਈ ਥਾਈਂ ਘਟਨਾ ਬਾਰੇ ਪਤਾ ਕਰਨ ਘੁੰਮਦੇ ਰਹੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਦਹਿਸ਼ਤਗਰਦ ਸੀ. ਪੀ. ਆਈ. ਦੇ ਫਰੀਦਕੋਟ ਦੇ ਆਗੂ ਅਮੋਲਕ ਸਿੰਘ ਨੂੰ ਸ਼ਹੀਦ ਕਰਕੇ ਇਹ ਚਿੱਠੀ ਸੁੱਟ ਗਏ :
“ਸੇਵੇਵਾਲਾ ਵਿਖੇ ਸਾਡੇ ਨਿਸ਼ਾਨੇ ਤੋਂ ਬਚ ਗਏ ਅਮੋਲਕ ਸਿੰਘ ਨੂੰ ਅਸੀਂ ਅੱਜ ਪਹਿਚਾਣ ਕੇ ਮਾਰ ਚੱਲੇ ਹਾਂ “
ਅਜਿਹੇ ਕਾਲ਼ੇ ਸਮਿਆਂ ਦੌਰਾਨ ਅਤੇ ਉਪਰੰਤ ਵੀ
ਡੱਕਣਾ ਤਾਂ ਕੀ ਸੀ ਸਗੋਂ ਸੰਗੀ ਸਾਥੀ ਬਣੇ ਰਹਿਣ ਵਾਲੇ ਅਜਿਹੇ ਮਿਹਨਤੀ ਅਤੇ ਸਿਦਕਵਾਨ
ਸਾਥੀ ਭਰਾ ਗੁਲਜ਼ਾਰ ਨੂੰ ਸਲਾਮ ਹੈ!
ਅਸੀਂ ਕਈ ਵਾਰ ਲੋਕ ਲਹਿਰਾਂ ਦੇ ਸਮੱਰਥਕ, ਹਮਦਰਦ ਅਤੇ ਸਹਿਯੋਗੀਆਂ ਦੀ ਭੂਮਿਕਾ ਨੂੰ ਅੰਗਣ ਅਤੇ ਬਣਦਾ ਸਥਾਨ ਨਾ ਦੇਣ ਦੀ ਗੁਸਤਾਖ਼ੀ ਕਰਦੇ ਹਾਂ। ਸਾਡਾ ਅਤੀਤ ਅਤੇ ਵਰਤਮਾਨ ਅਜਿਹੇ ਸੰਗੀ ਸਾਥੀਆਂ ਅਤੇ ਗੁੰਮਨਾਮ ਸਹਿਯੋਗੀਆਂ ਦੀ ਸ਼ਾਨਦਾਰ ਭੂਮਿਕਾ ਨਾਲ਼ ਭਰਭੂਰ ਹੈ ਜਿਹਨਾਂ ਦੀ ਭੂਮਿਕਾ ਨੂੰ ਸਦਾ ਤਹਿ ਦਿਲੋਂ ਸਿਜਦਾ ਕਰਨਾ ਬਣਦਾ ਹੈ। ਇਨਕਲਾਬੀ ਜਮਹੂਰੀ ਲਹਿਰ ਦੇ ਗੁਲਸ਼ਨ ਵਿਚ ਖ਼ੁਸ਼ਬੋਈਆਂ ਲੱਦੀ ਗੁਲਜ਼ਾਰ ਲਿਆਉਣ ਲਈ ਸਾਡੇ ਸਮਿਆਂ ਨੂੰ ਅਜਿਹੇ ਅਨੇਕਾਂ ਗੁਲਜ਼ਾਰ ਲੋੜੀਂਦੇ ਹਨ।
ਦੇਸ਼- ਬਦੇਸ਼ ਦੀਆਂ ਅਨੇਕਾਂ ਸੰਸਥਾਵਾਂ, ਸ਼ਖਸ਼ੀਅਤਾਂ, ਪਰਿਵਾਰਾਂ ਨੇ ਗੁਲਜ਼ਾਰ ਦੇ ਵਿਛੋੜੇ ਤੇ ਜਿੰਨੇ ਗਹਿਰੇ ਦੁੱਖ਼ ਅਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਉਸ ਲਈ ਧੰਨਵਾਦ ਸ਼ਬਦ ਬੇਹੱਦ ਅਦਨਾ ਹੈ।
12 ਦਸੰਬਰ 12 ਵਜੇ ਪਿੰਡ ਦੁੱਗਰੀ (ਨੇੜੇ ਸਾਹਨੇਵਾਲ) ਵਿਖੇ ਗੁਲਜ਼ਾਰ ਦੀਆਂ ਜੀਵਨ ਯਾਦਾਂ ਸਾਂਝੀਆਂ ਕੀਤੀਆਂ ਜਾਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly