ਮਰੀਜ਼ ਦੀ ਜਾਂਚ ਤੇ ਇਲਾਜ ਸਿਹਤ ਕੇਂਦਰਾਂ ਤੇ ਹੁੰਦਾ ਮੁਫ਼ਤ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਟਿਊਬਰਕੁਲੋਸਿਸ (ਟੀਬੀ) ਦੀ ਬਿਮਾਰੀ ਦੇ ਖ਼ਾਤਮੇ ਲਈ ਸਿਹਤ ਵਿਭਾਗ ਵੱਲੋਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਲਗਾਤਾਰ ਜਾਗਰੂਕਤਾ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰਮਨਦੀਪ ਕੌਰ ਨੇ ਦੱਸਿਆ ਕਿ ਟੀਬੀ ਇੱਕ ਗੰਭੀਰ ਬਿਮਾਰੀ ਹੈ ਜੋ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਪਰ ਕਈ ਮਰੀਜ਼ ਟੀਬੀ ਹੋਣ ਤੇ ਉਸਦਾ ਇਲਾਜ ਕਰਾਉਣ ਦੀ ਥਾਂ ਵਹਿਮਾਂ ਭਰਮਾਂ ਵਿੱਚ ਪੈ ਕੇ ਧਾਗੇ ਤਵੀਤ ਅਤੇ ਝਾੜ ਫੂਕ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ, ਜਿਸ ਨਾਲ ਮਰੀਜ਼ ਦੀ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ। ਇਸ ਨਾਲ ਉਸਦੇ ਪਰਿਵਾਰ ਆਦਿ ਵਿੱਚ ਵੀ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ । ਉਨ੍ਹਾਂ ਟੀਬੀ ਦੇ ਮਰੀਜ਼ਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਟੀਬੀ ਦੀ ਬਿਮਾਰੀ ਦਾ ਸਹੀ ਸਮੇ ਤੇ ਇਲਾਜ਼ ਕਰਾਉਣ ਦੇ ਨਾਲ- ਨਾਲ ਪ੍ਰਹੇਜ ਰੱਖਣ ਤੇ ਮਰੀਜ਼ ਛੇਤੀ ਠੀਕ ਹੋ ਜਾਂਦਾ ਹੈ। ਇਸ ਲਈ ਮਰੀਜ਼ ਸਮੇਂ ਸਿਰ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣ। ਜੇ ਕੋਈ ਵੀ ਜਾਂਚ ਦੌਰਾਨ ਟੀਬੀ ਦਾ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸ ਦਾ ਇਲਾਜ ਵੀ ਸਰਕਾਰੀ ਸਿਹਤ ਕੇਂਦਰਾਂ ਤੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ । ਜ਼ਿਲ੍ਹਾ ਟੀਬੀ ਅਫ਼ਸਰ ਡਾ: ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਟੀਬੀ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਇਹ ਬਿਮਾਰੀ ਹੱਡੀਆਂ, ਦਿਮਾਗ, ਗ੍ਰੰਥੀਆਂ ਅਤੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਫੇਫੜਿਆਂ ਦੀ ਟੀਬੀ ਹਵਾ ਰਾਹੀਂ ਫੈਲਦੀ ਹੈ, ਜਦੋਂ ਕੋਈ ਪੀੜਤ ਵਿਅਕਤੀ ਖੰਘਦਾ, ਛਿੱਕਦਾ ਜਾਂ ਬਿਨਾਂ ਮੂੰਹ ਢੱਕੇ ਗੱਲ ਕਰਦਾ ਹੈ ਤਾਂ ਟੀਬੀ ਦੇ ਕੀਟਾਣੂ ਹਵਾ ਵਿੱਚ ਛੱਡ ਦਿੰਦਾ ਹੈ ਜਿਸ ਨਾਲ ਟੀਬੀ ਅੱਗੇ ਫੈਲ ਸਕਦੀ ਹੈ । ਇਸ ਲਈ ਮਰੀਜ਼ ਨੂੰ ਭੀੜ ਵਾਲੀਆਂ ਥਾਂਵਾਂ ‘ਤੇ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਟੀਬੀ ਦੇ ਮਰੀਜ਼ ਦਾ ਉਸ ਦੇ ਘਰ ਦੇ ਨੇੜੇ ਹੀ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਟੀਬੀ ਦੇ ਮੁੱਖ ਲੱਛਣਾਂ ਵਿੱਚ ਦੋ ਹਫ਼ਤਿਆਂ ਤੋਂ ਵੱਧ ਖੰਘ ਦਾ ਰਹਿਣਾ, ਬਲਗਮ ਵਿੱਚੋਂ ਖੂਨ ਆਉਣਾ, ਲਗਾਤਾਰ ਬੁਖਾਰ, ਰਾਤ ਨੂੰ ਪਸੀਨੇ ਆਉਣਾ, ਭੁੱਖ ਨਾ ਲੱਗਣਾ, ਵਜ਼ਨ ਘਟਣਾ ਅਤੇ ਸਰੀਰ ਵਿੱਚ ਕਮਜ਼ੋਰੀ ਦਾ ਆਉਣਾ ਆਦਿ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਮਰੀਜ਼ ਦਾ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਟੀਬੀ ਦੇ ਮਰੀਜ਼ਾਂ ਨੂੰ ਦਵਾਈ ਪੂਰੇ ਸਮੇਂ ਤੱਕ ਨਿਯਮਤ ਲੈਣੀ ਬਹੁਤ ਜ਼ਰੂਰੀ ਹੈ। ਦਵਾਈ ਅਧੂਰੀ ਛੱਡਣ ਨਾਲ ਬਿਮਾਰੀ ਮੁੜ ਵਧ ਸਕਦੀ ਹੈ ਅਤੇ ਦਵਾਈਆਂ ਬੇਅਸਰ ਹੋ ਸਕਦੀਆਂ ਹਨ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਟੀਬੀ ਦੇ ਮਰੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਟੀਬੀ ਕੋਈ ਸ਼ਰਮ ਦੀ ਗੱਲ ਨਹੀਂ ਹੈ, ਸਗੋਂ ਇੱਕ ਆਮ ਬਿਮਾਰੀ ਹੈ ਜਿਸਦਾ ਇਲਾਜ ਸੰਭਵ ਹੈ। ਟੀਬੀ ਤੋਂ ਬਚਾਅ ਲਈ ਸਾਫ਼-ਸਫ਼ਾਈ ਰੱਖਣਾ, ਖੰਘਣ ਜਾਂ ਛਿੱਕਣ ਸਮੇਂ ਮੂੰਹ ਨੂੰ ਰੁਮਾਲ ਜਾਂ ਮਾਸਕ ਨਾਲ ਢੱਕਣਾ, ਇਧਰ-ਉਧਰ ਨਾ ਥੁੱਕਣਾ, ਪੋਸ਼ਣ ਭਰਪੂਰ ਖੁਰਾਕ ਵਰਤਣਾ ਅਤੇ ਖੁੱਲ੍ਹੀ ਹਵਾ ਵਿੱਚ ਰਹਿਣਾ ਲਾਭਕਾਰੀ ਹੈ। ਇਸ ਸੰਬੰਧੀ ਅੱਜ ਮਾਸ ਮੀਡੀਆ ਵਿੰਗ ਦੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਵੱਲੋਂ ਪੀ ਐਮ ਸ੍ਰੀ ਸ਼ਹੀਦ ਸੂਬੇਦਾਰ ਬ੍ਰਹਮ ਦਾਸ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਹੈਬੋਵਾਲ ਖੁਰਦ ਵਿਖੇ ਸਮੂਹ ਅਧਿਆਪਕਾਂ ਨੂੰ ਟੀਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ਼ ਸੰਬੰਧੀ ਜਾਗਰੂਕ ਕੀਤਾ ਗਿਆ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



