ਅਣਅਧਿਕਾਰਤ ਟ੍ਰੈਵਲ ਏਜੰਟਾਂ ਵਿਰੁੱਧ ਸਖਤੀ ਦੇ ਹੁਕਮ ਲੋਕਾਂ ਨੂੰ ਕੇਵਲ ਅਧਿਕਾਰਤ ਫਰਮਾਂ ਪਾਸੋਂ ਹੀ ਸੇਵਾਵਾਂ ਲੈਣ ਦੀ ਅਪੀਲ
ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਟ੍ਰੈਵਲ ਏਜੰਟਾਂ , ਆਈਲੈਟਸ ਸੈਂਟਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਰਜਿਸਟ੍ਰੇ਼ਸ਼ਨ ਯਕੀਨੀ ਬਣਾਉਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 382 ਟ੍ਰੈਵਲ ਏਜੰਟ ਹਨ , ਜਿਸ ਵਿੱਚ ਕਪੂਰਥਲਾ ਉਪ ਮੰਡਲ ਵਿੱਚ 165, ਫਗਵਾੜਾ ਵਿੱਚ 136, ਸੁਲਤਾਨਪੁਰ ਲੋਧੀ ਵਿੱਚ 52 ਤੇ ਭੁਲੱਥ ਵਿੱਚ 29 ਟ੍ਰੈਵਲ ਏਜੰਟ ਹਨ ।
ਸ੍ਰੀ ਪੰਚਾਲ ਨੇ ਦੱਸਿਆ ਕਿ ਸਮੂਹ ਐਸ ਡੀ ਐਮਜ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਟ੍ਰੈਵਲ ਏਜੰਟਾਂ , ਆਈਲੈਟਸ ਸੈਂਟਰਾਂ ਵਿਖੇ ਦਸਤਾਵੇਜ਼ਾਂ ਦੀ ਜਾਂਚ ਕਰਨ ਤਾਂ ਜੋ ਕਿਸੇ ਅਣਅਧਿਕਾਰਤ ਟ੍ਰੈਵਲ ਏਜੰਟ ਵੱਲੋਂ ਲੋਕਾਂ ਨਾਲ ਧੋਖਾਧੜੀ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ ।
ਸ੍ਰੀ ਪੰਚਾਲ ਨੇ ਇਹ ਵੀ ਕਿਹਾ ਕਿ ਕੋਈ ਵੀ ਟ੍ਰੈਵਲ ਏਜੰਟ , ਆਈਲੈਟਸ ਸੈਂਟਰ ਮਾਲਕ ਅਧੂਰੇ ਦਸਤਾਵੇਜਾਂ ਦੇ ਸਹਾਰੇ ਕੰਮ ਨਾ ਕਰੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਣਅਧਿਕਾਰਤ ਤਰੀਕੇ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਣਅਧਿਕਾਰਤ ਤੌਰ ਉੱਪਰ ਕੰਮ ਕਰਨ ਵਾਲਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਲੋਕ ਵਿਦੇਸ਼ ਜਾਣ , ਆਈਲੈਟਸ ਦੀ ਕੋਚਿੰਗ ਆਦਿ ਸਬੰਧੀ ਕੇਵਲ ਅਧਿਕਾਰਤ ਟ੍ਰੈਵਲ ਏਜੰਟਾਂ ਦੀਆਂ ਸੇਵਾਵਾਂ ਹੀ ਪ੍ਰਾਪਤ ਕਰਨ ਤਾਂ ਜੋ ਉਹ ਕਿਸੇ ਵੀ ਕਿਸਮ ਦੇ ਵਿੱਤੀ ਨੁਕਸਾਨ ਤੋਂ ਬਚ ਸਕਣ ।
ਸ੍ਰੀ ਪੰਚਾਲ ਨੇ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਇਹ ਯਕੀਨੀ ਬਣਾਉਣ ਕਿ ਕੋਈ ਵੀ ਅਣਅਧਿਕਾਰਤ ਏਜੰਟ ਉਨ੍ਹਾਂ ਦੇ ਖੇਤਰ ਵਿੱਚ ਕਾਰਜਸ਼ੀਲ ਨਾ ਹੋਵੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj