ਲਾਠੀਚਾਰਜ ਦਾ ਹੁਕਮ ਚਾੜ੍ਹਨ ਵਾਲੇ ਐੱਸਡੀਐੱਮ ਦਾ ਤਬਾਦਲਾ

ਚੰਡੀਗੜ੍ਹ (ਸਮਾਜ ਵੀਕਲੀ):  ਹਰਿਆਣਾ ਸਰਕਾਰ ਨੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਕਰਨਾਲ ਦੇ ਐੱਸਡੀਐਮ ਆਯੂਸ਼ ਸਿਨਹਾ ਸਣੇ 19 ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਆਯੂਸ਼ ਸਿਨਹਾ ਨੂੰ ਕਰਨਾਲ ਦੇ ਐੱਸਡੀਐਮ ਤੋਂ ਬਦਲ ਕੇ ਨਾਗਰਿਕ ਸਰੋਤ ਸੂਚਨਾ ਵਿਭਾਗ ਦਾ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਰਨਾਲ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਦੀ ਘਟਨਾ ਦੌਰਾਨ ਐੱਸਡੀਐਮ ਦੀ ਵਾਇਰਲ ਹੋਈ ਵੀਡੀਓ ਵਿੱਚ ਉਹ ਪੁਲੀਸ ਨੂੰ ‘ਕਿਸਾਨਾਂ ਦੇ ਸਿਰ ਭੰਨਣ’ ਦੇ ਆਦੇਸ਼ ਦਿੰਦਾ ਦਿਖਾਈ ਦੇ ਰਿਹਾ ਸੀ। ਇਸ ਦਾ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵਿਰੋਧ ਕੀਤਾ ਸੀ।

ਜਦਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਈਏਐੱਸ ਅਧਿਕਾਰੀ ਦੀ ਸ਼ਬਦਾਵਲੀ ਦੀ ਨਿੰਦਾ ਕਰਦਿਆਂ ਸੂਬੇ ’ਚ ਅਮਨ-ਕਾਨੂੰਨ ਦਾ ਹਵਾਲਾ ਦਿੰਦਿਆਂ ਅਧਿਕਾਰੀ ਦਾ ਬਚਾਅ ਕਰਦੇ ਦਿਖਾਈ ਦਿੱਤੇ ਸਨ। ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਆਈਏਐੱਸ ਅਧਿਕਾਰੀ ਖ਼ਿਲਾਫ਼ ਬਣਦੀ ਕਰਵਾਈ ਕਰਨ ਦਾ ਵਾਅਦਾ ਕੀਤਾ ਸੀ। ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ’ਚ ਨਾਗਰਿਕ ਸਰੋਤ ਸੂਚਨਾ ਵਿਭਾਗ ’ਚ ਇਹ ਪੋਸਟ ਖਾਲੀ ਪਈ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਰਨਾਲ ਦੇ ਐੱਸਡੀਐਮ ਆਯੂਸ਼ ਸਿਨਹਾ ਦੇ ਤਬਾਦਲੇ ਨੂੰ ਅਸਵੀਕਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਆਈਏਐੱਸ ਅਧਿਕਾਰੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਚੜੂਨੀ ਨੇ ਕਿਹਾ ਕਿ ਲਾਠੀਚਾਰਜ ਵਿੱਚ ਸ਼ਾਮਲ ਹੋਰਨਾਂ ਪੁਲੀਸ ਅਧਿਕਾਰੀਆਂ ’ਤੇ ਵੀ ਕੇਸ ਦਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ 6 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਤੋਂ ਬਾਅਦ ਹਰਿਆਣਾ ’ਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕਿਸਾਨਾਂ ਦੇ ਸਿਰ ਪਾੜ ਦਿਓ’ ਦੀ ਹਦਾਇਤ ਦੇਣ ਵਾਲੇ ਐੱਸਡੀਐੱਮ ਦਾ ਤਬਾਦਲਾ
Next articleਵਿਚੋਲਿਆਂ ਨੂੰ ਅਸਥਾਨਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਨਹੀਂ ਦੇ ਸਕਦੇ: ਕੇਂਦਰ